ਹੁਣ ਇਸ ਥਾਂ ਅਤੇ ਇਸ ਸਮੇਂ ‘ਤੇ ਹੋਵੇਗੀ ਮਹਾ-ਬਹਿਸ, ਪੰਜਾਬ ਸਰਕਾਰ ਨੇ ਬੁੱਕ ਕਰਵਾਇਆ ਆਡੀਟੋਰੀਅਮ
ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀਆਂ ਦਾ ਮੁੱਖ ਮੰਤਰੀ ਨਿਵਾਸ ਵੱਲ ਵੱਧਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਸੁਖਬੀਰ ਬਾਦਲ ਆਪਣੇ ਨਾਲ ਦੋ ਕੁਰਸੀਆਂ ਵੀ ਲੈ ਕੇ ਆਏ ਸਨ, ਜਿਨ੍ਹਾਂ 'ਚੋਂ ਇਕ 'ਤੇ ਮੁੱਖ ਮੰਤਰੀ ਪੰਜਾਬ ਦਾ ਨਾਂ ਲਿਖਿਆ ਹੋਇਆ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agriculture University) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਹਾਲ ਵਿਖੇ ਸਾਰੀਆ ਪਾਰਟੀਆਂ ਦੇ ਆਗੂਆਂ ਨਾਲ ਸੂਬੇ ਦੇ ਮੁੱਦਿਆਂ ‘ਤੇ ਬਹਿਸ ਕਰਨਗੇ। ਪਹਿਲਾਂ ਇਹ ਬਹਿਸ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਹੋਣੀ ਸੀ, ਪਰ ਐਸਵਾਈਐਲ ਮੁੱਦੇ ਕਾਰਨ ਇਸ ਨੂੰ ਉਥੋਂ ਰੱਦ ਕਰ ਦਿੱਤਾ ਗਿਆ ਸੀ।
ਮੁੱਖ ਮੰਤਰੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਬਹਿਸ ਲਈ ਖੁੱਲ੍ਹਾ ਸੱਦਾ ਦਿੱਤਾ ਹੈ, ਤਾਂ ਜੋ ਪੰਜਾਬ ਦੇ ਹਿੱਤਾਂ ਦੇ ਮੁੱਦੇ ਵਿਚਾਰੇ ਜਾ ਸਕਣ। ਪੀਏਯੂ ਦੇ ਸੰਚਾਰ ਨਿਰਦੇਸ਼ਕ ਡਾ: ਤਜਿੰਦਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਤੁਹਾਡੇ ਕੋਲ ਡਾ: ਮਨਮੋਹਨ ਸਿੰਘ ਆਡੀਟੋਰੀਅਮ ਹਾਲ 1 ਨਵੰਬਰ ਲਈ ਖਾਲੀ ਹੈ ਜਾਂ ਨਹੀਂ।
ਆਡੀਟੋਰੀਅਮ ‘ਚ 1100 ਲੋਕਾਂ ਦੀ ਸਮੱਰਥਾ
ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਜਵਾਬ ਭੇਜਿਆ ਹੈ ਕਿ ਆਡੀਟੋਰੀਅਮ ਖਾਲੀ ਹੈ। ਇੱਥੇ ਬਹਿਸ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਆਡੀਟੋਰੀਅਮ ਵਿੱਚ 1100 ਲੋਕਾਂ ਦੀ ਸਮੱਰਥਾ ਹੈ। ਪੀਏਯੂ ਸਿਰਫ਼ ਸਰਕਾਰ ਨੂੰ ਬਹਿਸ ਲਈ ਥਾਂ ਪ੍ਰਦਾਨ ਕਰੇਗਾ। ਬਹਿਸ ਦਾ ਪ੍ਰਬੰਧ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ।
ਐਸਵਾਈਐਲ ਦੇ ਮੁੱਦੇ ‘ਤੇ ਹਾਵੀ ਹਨ ਵਿਰੋਧੀ
ਜਿਕਰਯੋਗ ਹੈ ਕਿ ਐਸਵਾਈਐਲ ਦੇ ਪਾਣੀ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਇਨ੍ਹੀਂ ਦਿਨੀਂ ਸਰਕਾਰ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਰੋਜਾਨਾ ਸਰਕਾਰ ਖਿਲਾਫ਼ ਆਪਣਾ ਵਿਰੋਧ ਜਤਾਉਂਦਿਆਂ ਆਰੋਪ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਿੱਚ ਦੋਹਰੀ ਪਹੁੰਚ ਅਪਣਾ ਰਹੀ ਹੈ। ਉਹ ਅਦਾਲਤ ਵਿੱਚ ਸਰਕਾਰ ਦਾ ਪੱਖ ਸਹੀ ਢੰਗ ਨਾਲ ਪੇਸ਼ ਨਹੀਂ ਕਰ ਰਹੀ ਹੈ। ਆਮ ਆਦਮੀ ਪਾਰਟੀ ਹਰਿਆਣਾ ਚੋਣਾਂ ਵਿੱਚ ਫਾਇਦਾ ਲੈਣ ਲਈ ਅਜਿਹਾ ਕਰ ਰਹੀ ਹੈ। ਪਾਰਟੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ।