ਆਓ ਦੇਸ਼ ਦੀ ਅਗਵਾਈ ਕਰਨ ਵਾਲਾ ਪੰਜਾਬ ਬਣਾਈਏ…ਸੀਐਮ ਮਾਨ ਨੇ ਸ਼ੁਰੂ ਕੀਤਾ ‘ਮਿਸ਼ਨ ਚੜ੍ਹਦੀ ਕਲਾ’

Updated On: 

17 Sep 2025 14:54 PM IST

Mission Chardi Kala: ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਦੁਆਰਾ ਦੱਸਾਂ-ਨੌਹਾਂ ਦੀ ਕਮਾਈ ਤੋਂ ਦਿੱਤਾ ਗਿਆ ਦਸਵੰਧ ਤੁਹਾਡੇ ਦੁਆਰਾ ਦਿੱਤਾ ਗਿਆ, ਇੱਕ-ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਵਰਤਾਂਗੇ। ਤੁਹਾਡੇ ਇੱਕ ਰੁਪਏ ਨੂੰ ਸਵਾ ਰੁਪਈਆ ਬਣਾ ਕੇ ਅੱਗੇ ਭੇਜਾਂਗੇ।

ਆਓ ਦੇਸ਼ ਦੀ ਅਗਵਾਈ ਕਰਨ ਵਾਲਾ ਪੰਜਾਬ ਬਣਾਈਏ...ਸੀਐਮ ਮਾਨ ਨੇ ਸ਼ੁਰੂ ਕੀਤਾ ਮਿਸ਼ਨ ਚੜ੍ਹਦੀ ਕਲਾ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਹੜ੍ਹ ਦੇ ਹਾਲਾਤਾਂ ਤੋਂ ਉਭਰਨ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ। ਇਸ ਮਿਸ਼ਨ ਰਾਹੀਂ ਰਾਹਤ ਕਾਰਜਾਂ ਤੋਂ ਅੱਗੇ ਵੱਧ ਕੇ ਪੰਜਾਬ ਨੂੰ ਮੁੜ ਖੜ੍ਹਾ ਕਰਨ ਤੇ ਲੋਕਾਂ ਦੇ ਪੁਨਰਵਾਸ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਹੈ। ਪੰਜਾਬ ਜਦੋਂ ਕੋਈ ਸੰਕਟ ਚ ਫਸਿਆ ਹੈ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ। ਪੰਜਾਬ ਹਿੱਕ ਤਾਣ ਕੇ ਸੰਕਟ ਦੇ ਅੱਗੇ ਖੜ੍ਹਦਾ ਹੈ ਲੜਦਾ ਹੈ ਤੇ ਉਸ ਸੰਕਟ ਤੋਂ ਬਾਹਰ ਆ ਜਾਂਦਾ ਹੈ। ਸੰਕਟ ਪੰਜਾਬ ਅੱਗੇ ਛੱਟਾ ਪੈ ਜਾਂਦਾ ਹੈ। ਇਸ ਹੜ੍ਹ ਚ ਦੇਖਿਆ ਕਿ ਕਿਵੇਂ ਨੌਜਵਾਨ ਆਪਣੀ ਜਾਨ ਨੂੰ ਖ਼ਤਰੇ ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸਨ, ਕਿਵੇਂ ਗੁਰਦੁਆਰਾ ਸਾਹਿਬ ਦੇ, ਮੰਦਰਾਂ ਦੇ ਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਵਾਜ਼ੇ ਲੋਕਾਂ ਵਾਸਤੇ ਖੁਲ੍ਹੇ ਰਹੇ।

ਲੋਕਾਂ ਨੇ ਦੇਖਿਆ ਕਿ ਕਿਵੇਂ ਮਾਲਾ ਦੇ ਮਣਕਿਆਂ ਵਾਂਗ ਪੰਜਾਬੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਇਕੱਠੇ ਹੋ ਗਏ। ਇਹ ਸਾਡੀ ਵਿਲੱਖਣਤਾ ਹੈ, ਇਹ ਸਾਡੀ ਤਾਕਤ ਹੈ ਤੇ ਇਹੀ ਸਾਨੂੰ ਦੁਨੀਆਂ ਤੋਂ ਅਲੱਗ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਰਾਹਤ ਕਾਰਜਾਂ ਤੋਂ ਅੱਗੇ ਵੱਧਣ ਦਾ ਸਮਾਂ ਆ ਗਿਆ ਹੈ। ਕਿਸਾਨਾਂ ਨੇ ਮੁੜ ਖੇਤੀ ਕਰਨੀ ਹੈ, ਬੱਚਿਆਂ ਨੇ ਫਿਰ ਸਕੂਲ ਜਾਣਾ ਹੈ ਤੇ ਪਰਿਵਾਰਾਂ ਨੇ ਫਿਰ ਚੁੱਲ੍ਹ ਜਲਾਉਣੇ ਹਨ ਤੇ ਘਰਾਂ ਨੇ ਮੁੜ ਵੱਸਣਾ ਹੈ ਤੇ ਇਸ ਦੇ ਲਈ ਹੀ ਅਸੀਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕਰ ਰਹੇ ਹਾਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੜ੍ਹਦੀ ਕਲਾ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ ਚ ਬੁਲੰਦ ਹੌਸਲੇ ਨਾਲ ਖੜ੍ਹੇ ਰਹਿਣਾ, ਹਰ ਹਨੇਰੇ ਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ। ਮੈਂ ਪੰਜਾਬ ਵਾਸੀਆਂ ਨੂੰ, ਪੂਰੇ ਦੇਸ਼ ਦੇ ਨਾਗਰਿਕਾਂ ਨੂੰ, ਉਦਯੋਗਪਤੀਆਂ ਨੂੰ, ਸੰਸਥਾਵਾਂ ਨੂੰ, ਕਲਾਕਾਰਾਂ, ਹਰ ਇੱਕ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਪੰਜਾਬ ਦੇ ਲੋਕਾਂ ਦੇ ਪੁਨਰਵਾਸ ਤੇ ਪੰਜਾਬ ਨੂੰ ਮੁੜ ਖੜ੍ਹਾ ਕਰਨ ਚ ਮਦਦ ਕਰਨਾ ਚਾਹੁੰਦੇ ਹਨ, ਨੂੰ ਦਿਲੋਂ ਅਪੀਲ ਕਰਦਾ ਹੈ ਕਿ ਆਓ ਪੰਜਾਬ ਨਾਲ ਖੜ੍ਹੀਏ ਤਾਂ ਜੋ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਤਾਂ ਜੋ ਪੰਜਾਬ ਦੇਸ਼ ਨੂੰ ਲੀਡ ਕਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਦੁਆਰਾ ਦੱਸਾਂ-ਨੌਹਾਂ ਦੀ ਕਮਾਈ ਤੋਂ ਦਿੱਤਾ ਗਿਆ ਦਸਵੰਧ ਤੁਹਾਡੇ ਦੁਆਰਾ ਦਿੱਤਾ ਗਿਆ, ਇੱਕ-ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਵਰਤਾਂਗੇ। ਤੁਹਾਡੇ ਇੱਕ ਰੁਪਏ ਨੂੰ ਸਵਾ ਰੁਪਈਆ ਬਣਾ ਕੇ ਅੱਗੇ ਭੇਜਾਂਗੇ। ਆਓ ਅਸੀਂ ਦੱਸ ਦੇਈਏ ਕਿ ਪੰਜਾਬ ਇੱਕ ਵੱਖਰੀ ਧਰਤੀ ਹੈ, ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ। ਇਸ ਧਰਤੀ ਨੂੰ ਵਰਦਾਨ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ rangla.punjab.gov.in ਤੇ ਜਿਆਦਾ ਜਾਣਕਾਰੀ ਲੈ ਸਕਦੇ ਹੋ। ਆਓ ਦੱਸ ਦੇਈਏ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ।