ਕਈ ਦਹਾਕਿਆਂ ਬਾਅਦ ਪੰਜਾਬ ਨੇ ਦੇਖਿਆ ਅਜਿਹਾ ਮੰਜ਼ਰ, ਇਸ ਤੋਂ ਪਹਿਲਾਂ 1988 ‘ਚ ਹੜ੍ਹ ਨੇ ਮਚਾਈ ਸੀ ਤਬਾਹੀ
ਪੰਜਾਬ 'ਚ ਜੋ ਅੱਜ ਦੇ ਸਮੇਂ ਮੰਜ਼ਰ ਦੇਖਿਆ ਜਾ ਰਿਹਾ ਹੈ। ਅਜਿਹਾ ਮੰਜ਼ਰ ਇਸ ਤੋਂ ਪਹਿਲਾਂ 1988 'ਚ ਦੇਖਿਆ ਗਿਆ ਸੀ। ਉਸ ਸਮੇਂ ਲਗਭਗ ਪੰਜਾਬ ਦਾ 10 ਫ਼ੀਸਦੀ ਖੇਤਰ ਹੜ੍ਹ ਦੀ ਲਪੇਟ 'ਚ ਆਇਆ ਸੀ। ਆਬਾਂ ਦੀ ਧਰਤੀ 'ਤੇ ਰਾਵੀ, ਸਤਲੁਜ ਤੇ ਬਿਆਸ ਨੇ ਉਸ ਸਮੇਂ ਵੀ ਕਹਿਰ ਮਚਾਇਆ ਸੀ। ਮੀਡੀਆ ਰਿਪੋਰਟਾਂ ਅੁਨੁਸਾਰ ਇਸ 'ਚ ਲਗਭਗ 600 ਤੋਂ 1500 ਦੇ ਕਰੀਬ ਮੌਤਾਂ ਹੋਈਆਂ ਤੇ ਹਜ਼ਾਰਾਂ ਹੀ ਪਿੰਡ ਹੜ੍ਹ 'ਚ ਡੁੱਬ ਗਏ।
ਪੰਜਾਬ ਦੇ 8 ਜ਼ਿਲ੍ਹਿਆਂ ‘ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਪਿੰਡ, ਹਜ਼ਾਰਾਂ ਏਕੜ ਫਸਲ, ਸਕੂਲ, ਦਫ਼ਤਰ, ਹਰ ਜਗ੍ਹਾ ਜਲਥਲ ਹੋਈ ਨਜ਼ਰ ਆ ਰਹੀ ਹੈ। 2023 ‘ਚ ਵੀ ਪੰਜਾਬ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜੋ ਇਸ ਵਾਰ ਮੰਜ਼ਰ ਨਜ਼ਰ ਆ ਰਿਹਾ ਹੈ, ਅਜਿਹਾ 37 ਸਾਲ ਪਹਿਲਾਂ, 1988 ‘ਚ ਦੇਖਿਆ ਗਿਆ ਸੀ।
ਰਣਜੀਤ ਸਾਗਰ, ਪੌਂਗ ਤੇ ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਰਾਵੀ, ਸਤਲੁਜ ਤੇ ਬਿਆਸ ਉਫਾਨ ‘ਤੇ ਹਨ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸੈਂਕੜੇ ਹੀ ਪਿੰਡ ਪਾਣੀ ‘ਚ ਡੁੱਬ ਗਏ ਹਨ। ਕਈ ਥਾਂਵਾਂ ‘ਤੇ 5 ਤੋਂ 10 ਫੁੱਟ ਪਾਣੀ ਆ ਗਿਆ ਹੈ। ਸਰਹੱਦੀ ਇਲਾਕਿਆਂ ‘ਚ ਬੀਐਸਐਫ ਦੀਆਂ ਚੌਂਕੀਆਂ ਡੁੱਬ ਗਈਆਂ ਹਨ। ਲੋਕਾਂ ‘ਚ ਡਰ ਦਾ ਮਾਹੌਲ ਹੈ।
1988 ‘ਚ 10 ਫ਼ੀਸਦੀ ਪੰਜਾਬ ‘ਚ ਹੜ੍ਹ ਦਾ ਕਹਿਰ
ਪੰਜਾਬ ‘ਚ ਜੋ ਅੱਜ ਦੇ ਸਮੇਂ ਮੰਜ਼ਰ ਦੇਖਿਆ ਜਾ ਰਿਹਾ ਹੈ। ਅਜਿਹਾ ਮੰਜ਼ਰ ਇਸ ਤੋਂ ਪਹਿਲਾਂ 1988 ‘ਚ ਦੇਖਿਆ ਗਿਆ ਸੀ। ਉਸ ਸਮੇਂ ਲਗਭਗ ਪੰਜਾਬ ਦਾ 10 ਫ਼ੀਸਦੀ ਖੇਤਰ ਹੜ੍ਹ ਦੀ ਲਪੇਟ ‘ਚ ਆਇਆ ਸੀ। ਆਬਾਂ ਦੀ ਧਰਤੀ ‘ਤੇ ਰਾਵੀ, ਸਤਲੁਜ ਤੇ ਬਿਆਸ ਨੇ ਉਸ ਸਮੇਂ ਵੀ ਕਹਿਰ ਮਚਾਇਆ ਸੀ। ਮੀਡੀਆ ਰਿਪੋਰਟਾਂ ਅੁਨੁਸਾਰ ਇਸ ‘ਚ ਲਗਭਗ 600 ਤੋਂ 1500 ਦੇ ਕਰੀਬ ਮੌਤਾਂ ਹੋਈਆਂ ਤੇ ਹਜ਼ਾਰਾਂ ਹੀ ਪਿੰਡ ਹੜ੍ਹ ‘ਚ ਡੁੱਬ ਗਏ। ਕਈ ਅਜਿਹੇ ਪਿੰਡ ਵੀ ਸਨ, ਜੋ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਏ ਤੇ ਸਭ ਕੁੱਝ ਤਬਾਹ ਹੋ ਗਿਆ। ਇਸ ਹੜ੍ਹ ‘ਚ ਕਿੰਨੇ ਜਾਨਵਰਾਂ ਦੀਆਂ ਮੌਤਾਂ ਹੋਈਆਂ, ਇਸ ਦਾ ਕੋਈ ਅੰਕੜਾ ਹੀ ਨਹੀਂ ਹੈ।
ਇਸ ਤੋਂ ਬਾਅਦ ਪੰਜਾਬ ਨੇ 2023 ‘ਚ ਵੀ ਹੜ੍ਹ ਦਾ ਕਹਿਰ ਦੇਖਿਆ। ਦੋ ਸਾਲ ਪਹਿਲਾਂ ਪੰਜਾਬ ਦਾ ਲਗਭਗ 8 ਫ਼ੀਸਦੀ ਖੇਤਰ ਹੜ੍ਹ ਦੀ ਲਪੇਟ ‘ਚ ਆਇਆ। ਕਰੀਬ 2.21 ਲੱਖ ਹੈਕਟਰ ਫਸਲ ਪਾਣੀ ‘ਚ ਡੁੱਬ ਗਈ। ਪਟਿਆਲਾ, ਮੁਹਾਲੀ, ਕਪੂਰਥਲਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੇ ਤਰਨਤਾਰਨ ‘ਚ ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ। ਬਿਆਸ, ਘੱਗਰ ਤੇ ਸਤਲੁਜ ਨੇ ਕਈ ਪਿੰਡਾਂ ‘ਚ ਕਹਿਰ ਮਚਾਇਆ।
ਇਹ ਵੀ ਪੜ੍ਹੋ
ਇਸ ਵਾਰ ਭਾਰੀ ਨੁਕਸਾਨ, ਹੁਣ ਤੱਕ 5290 ਲੋਕਾਂ ਨੂੰ ਕੀਤਾ ਗਿਆ ਰੈਸਕਿਊ
ਪੰਜਾਬ ਦੋ ਸਾਲ ਪਹਿਲਾਂ ਹੜ੍ਹ ਦੇ ਦਰਦ ਤੋਂ ਉੱਭਰ ਹੀ ਰਿਹਾ ਸੀ ਕਿ ਹੁਣ ਫਿਰ ਤੋਂ ਪਾਣੀ ਨੇ ਪੰਜਾਬ ਨੂੰ ਢਾਹ ਮਾਰੀ ਹੈ। ਰਾਵੀ, ਸਤਲੁਜ ਤੇ ਬਿਆਸ ਦੇ ਮੰਜ਼ਰ ਨੇ ਸਭ ਤੋਂ ਡਰਾ ਕੇ ਰੱਖ ਦਿੱਤਾ ਹੈ। ਕਈ ਪਿੰਡ ਪਾਣੀ ‘ਚ ਡੁੱਬ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 5290 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਗੁਰਦਾਸਪੁਰ ‘ਚੋਂ 2000, ਫਿਰੋਜ਼ਪੁਰ ‘ਚੋਂ 2000, ਅੰਮ੍ਰਿਤਸਰ ‘ਚੋਂ 710, ਕਪੂਰਥਲਾ ‘ਚੋਂ 480 ਤੋਂ ਫਾਜ਼ਿਲਕਾ ‘ਚੋਂ 100 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ‘ਚ ਹੈਲੀਕਾਪਟਰ ਤੇ ਡ੍ਰੋਨ ਰਾਹੀਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਸੈਨਾ ਨੇ ਉਤਾਰਿਆ ATOR N1200 SMV
ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਵਿਧਾਨ ਸਭਾ ਹਲਕੇ ‘ਚ ਹੜ੍ਹ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਰਾਵੀ ਦਰਿਆ ਦਾ ਪਾਣੀ ਪਿੰਡ ਗੱਗੋਮਾਲ ਤੱਕ ਪਹੁੰਚ ਗਿਆ। ਗੱਗੋਮਾਲ ਸਮੇਤ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹਨ। ਘਰਾਂ ਤੇ ਖੇਤਾਂ ‘ਚ ਪਾਣੀ ਵੜ੍ਹ ਗਿਆ ਹੈ। ਬਹੁਤ ਸਾਰੇ ਪਰਿਵਾਰ ਆਪਣੇ ਜਾਨਵਰਾਂ ਤੇ ਜ਼ਰੂਰੀ ਸਮਾਨ ਨਾਲ ਉੱਚੀਆਂ ਥਾਵਾਂ ਵੱਲ ਜਾ ਰਹੇ ਹਨ, ਜਦੋਂ ਕਿ ਬਹੁਤ ਸਾਰੇ ਲੋਕ ਬਿਨਾਂ ਕੁਝ ਲਏ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ। ਸਥਿਤੀ ਨੂੰ ਦੇਖਦੇ ਹੋਏ ਸੈਨਾ ਨੇ ਆਪਣਾ ਵਿਸ਼ੇਸ਼ ਵਹੀਕਲ ATOR N1200 ਰੈਸਕਿਊ ਲਈ ਉਤਾਰਿਆ ਹੈ।
ATOR N1200 ਇੱਕ ਆਲ-ਟੇਰੇਨ ਵਾਹਨ ਹੈ, ਜਿਸ ਨੂੰ ਹਾਲ ਹੀ ‘ਚ ਫੌਜ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਜੰਗਲਾਂ, ਦਲਦਲਾਂ, ਮਾਰੂਥਲਾਂ, ਨਦੀਆਂ ਤੇ ਬਰਫ਼ ਦੇ ਮੈਦਾਨਾਂ ਵਰਗੇ ਮੁਸ਼ਕਲ ਖੇਤਰਾਂ ‘ਚ ਗਤੀਸ਼ੀਲਤਾ ਲਈ ਵਿਕਸਤ ਕੀਤਾ ਗਿਆ ਹੈ। ਇਹ ਵਾਹਨ ਬਿਨਾਂ ਕਿਸੇ ਰੁਕਾਵਟ ਦੇ ਜ਼ਮੀਨ ਤੇ ਪਾਣੀ ‘ਤੇ ਚੱਲ ਸਕਦਾ ਹੈ।
ਅਚਾਨਕ ਆਈ ਹੜ੍ਹ ‘ਚ ਫਸੇ 350 ਤੋਂ ਵੱਧ ਸਕੂਲੀ ਬੱਚੇ
ਗੁਰਦਾਸਪੁਰ ਦੇ ਪਿੰਡ ਦਬੂੜੀ ‘ਚ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਅਚਾਨਕ ਹੜ੍ਹ ਆ ਜਾਣ ਕਾਰਨ ਨਵੋਦਿਆ ਸਕੂਲ ਦੇ ਕਰੀਬ 350 ਤੋਂ ਵੱਧ ਬੱਚੇ ਇਮਾਰਤ ‘ਚ ਫਸ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚੀ। ਐਨਡੀਆਰਐਫ ਦੀ ਟੀਮ ਨਵੋਦਿਆ ਸਕੂਲ ‘ਚ ਫਸੇ ਬੱਚਿਆਂ ਨੂੰ ਰੈਸਕਿਊ ਕਰਨ ਲਈ ਮੋਟਰ ਬੋਟਸ ‘ਤੇ ਲਾਈਫ ਜੈਕਟ ਲੈ ਕੇ ਪਹੁੰਚੀ। ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਮਾਧੋਪੁਰ ਹੈਡਵਰਕਸ ਦੇ 4 ਫਲੱਡ ਗੇਟ ਟੁੱਟੇ, 50 ਕਰਮਚਾਰੀਆਂ ਨੂੰ ਕੀਤਾ ਗਿਆ ਰੈਸਕਿਊ
ਮਾਧੋਪੁਰ ਹੈਡਵਰਕਸ ਦੇ ਅਚਾਨਕ 4 ਫਲੱਡ ਗੇਟ ਟੁੱਟ ਗਏ। ਇਸ ਦੌਰਾਨ 50 ਕਰਮਚਾਰੀ ਉੱਥੇ ਫਸ ਗਏ, ਜਿਨ੍ਹਾਂ ਨੂੰ ਹੈਲੀਕਾਪਟਰ ਨਾਲ ਰੈਸਕਿਊ ਕੀਤਾ ਗਿਆ। ਜੰਮੂ ਕਸ਼ਮੀਰ-ਪਠਾਨਕੋਟ ਹਾਈਵੇਅ ਵੀ ਹੜ੍ਹ ਦੀ ਲਪੇਟ ‘ਚ ਆ ਗਿਆ ਹੈ। ਪਾਣੀ ਹਾਈਵੇਅ ਦੇ ਉੱਪਰ ਤੋਂ ਵਹਿ ਰਿਹਾ ਹੈ। ਰਾਵੀ ਦੇ ਉੱਪਰ ਬਣਿਆ ਰੇਲਵੇ ਪੁਲ ਵੀ ਨੁਕਸਾਨਿਆ ਗਿਆ ਹੈ। ਪੁਲ ਥੱਲੋਂ ਲਗਾਤਾਰ ਜ਼ਮੀਨ ਖਿਸਕ ਰਹੀ ਹੈ। ਕਠੂਆ-ਪਠਾਨਕੋਟ ਪੁਲ ਤੋਂ ਆਵਾਜਾਈ ਰੋਕ ਦਿੱਤੀ ਗਈ। ਹਾਈਵੇਅ ‘ਤੇ ਕਈ ਟਰੱਕ ਫਸੇ ਹੋਏ ਹਨ, ਇਹ ਟਰੱਕ ਸਮਾਨ ਤੇ ਜ਼ਰੂਰੀ ਚੀਜ਼ਾਂ ਟ੍ਰਾਂਸਪੋਰਟ ਕਰਦੇ ਹਨ।
ਧੁੱਸੀ ਬੰਨ੍ਹ ਪਏ ਕਮਜ਼ੋਰ, ਮੰਤਰੀ ਗੋਇਲ ਬੋਲੇ ਹਰ ਸਥਿਤੀ ਲਈ ਤਿਆਰ
ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਹਰ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹੈ। ਉਨ੍ਹਾਂ ਨੇ ਮੰਨਿਆ ਕਿ ਧੁੱਸੀ ਬੰਨ੍ਹ ਕਮਜ਼ੋਰ ਪੈ ਗਏ ਸਨ। ਕੁੱਝ ਥਾਂਵਾਂ ‘ਤੇ ਜਿੱਥੇ ਧੁੱਸੀ ਬੰਨ੍ਹ ਟੁੱਟੇ, ਉੱਥੇ ਜਾਂਚ ਕਾਰਵਾਈ ਜਾਵੇਗੀ ਤੇ ਜ਼ਿੰਮਵਾਰਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਖੜ੍ਹੀ ਹੈ, ਪ੍ਰਸ਼ਾਸਨ ਲੋਕਾਂ ਤੱਕ ਪਹੁੰਚ ਰਿਹਾ ਹੈ। ਹਰ ਜ਼ਿਲ੍ਹੇ ਦੇ ਡੀਸੀ ਨੂੰ ਖੁੱਦ ਮੁਆਇਨਾ ਕਰ ਰਹੇ ਹਨ।
ਸੀਐਮ ਮਾਨ ਨੇ ਆਪਣਾ ਸਰਕਾਰੀ ਹੈਲੀਕਾਪਟਰ ਬਚਾਅ ਕਾਰਜ ਲਈ ਸੌਂਪਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਰਦਾਸਪੁਰ ਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਤੇ ਹਰ ਇੱਕ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਹਰ ਹਾਲਤ ‘ਚ ਰਾਹਤ ਪ੍ਰਦਾਨ ਕਰੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਰਾਹਤ ਤੇ ਬਚਾਅ ਕਾਰਜਾਂ ‘ਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹਰੇਕ ਵਿਅਕਤੀ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਸੀਐਮ ਮਾਨ ਨੇ ਆਪਣਾ ਸਰਕਾਰੀ ਹੈਲੀਕਾਪਟਰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀ ਮਦਦ ਲਈ ਸੌਂਪ ਦਿੱਤਾ। ਉਹ ਗੱਡੀ ਰਾਹੀਂ ਵਾਪਸ ਪਰਤੇ।
