ਪੰਜਾਬ ਦੇ ਕਈ ਜ਼ਿਲ੍ਹੇ ਜਲਥਲ, ਵਿਗੜੇ ਹਾਲਾਤ… ਸੈਨਾ, NDRF ਤੇ SDRF ਨੇ ਸੰਭਾਲਿਆ ਮੋਰਚਾ, ਸਕੂਲ ਬੰਦ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

Updated On: 

30 Aug 2025 07:38 AM IST

Punjab Flood: ਹਾਲਾਤ ਬੇਕਾਬੂ ਹੁੰਦੇ ਦੇਖ ਐਨਡੀਆਰਐਫ, ਐਸਡੀਆਰਐਫ, ਭਾਰਤੀ ਫੌਜ, ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਇਲਾਕਿਆਂ 'ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਲਈ ਹੈਲੀਕਾਪਟਰ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।

ਪੰਜਾਬ ਦੇ ਕਈ ਜ਼ਿਲ੍ਹੇ ਜਲਥਲ, ਵਿਗੜੇ ਹਾਲਾਤ... ਸੈਨਾ, NDRF ਤੇ SDRF ਨੇ ਸੰਭਾਲਿਆ ਮੋਰਚਾ, ਸਕੂਲ ਬੰਦ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
Follow Us On

ਪੰਜਾਬ ‘ਚ ਬਾਰਿਸ਼ ਤੇ ਡੈਮਾਂ ਤੋਂ ਛੱਡ ਜਾ ਰਹੇ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਦੀ ਮਾਰ ਝੱਲ ਰਹੇ ਹਨ। ਹਜ਼ਾਰਾ ਏਕੜ ਫਸਲ ਤਬਾਹ ਹੋ ਗਈ, ਦਰਿਆਵਾਂ-ਨਹਿਰਾਂ ਕੰਢੇ ਦੇ ਪਿੰਡ ਤੇ ਕਈ ਸੜਕਾਂ ਪਾਣੀ ‘ਚ ਡੁੱਬ ਗਈਆਂ ਹਨ। ਸੜਕਾਂ ਵਹਿ, ਟੁੱਟ ਤੇ ਡੁੱਬ ਜਾਣ ਕਾਰਨ ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ। ਲੋਕ ਜਾਨ ਬਚਾਉਣ ਲਈ ਸੁਰੱਖਿਅਤ ਸਥਾਨਾਂ ‘ਤੇ ਜਾ ਰਹੇ ਹਨ।

ਹੜ੍ਹ ਨਾਲ ਸਭ ਤੋਂ ਵੱਧ 7 ਜ਼ਿਲ੍ਹੇ- ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ ਤੇ ਫਿਰੋਜ਼ਪੁਰ ਪ੍ਰਭਾਵਿਤ ਹਨ। ਤਰਨਤਾਰਨ ਤੇ ਅੰਮ੍ਰਿਤਸਰ ਦੇ ਕੁੱਝ ਇਲਾਕਿਆਂ ‘ਚ ਵੀ ਹਾਲਾਤ ਵਿਗੜ ਰਹੇ ਹਨ। ਬੀਤੇ 24 ਘੰਟਿਆਂ ‘ਚ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਉੱਥੇ ਹੀ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਰਾਵੀ, ਸਤਲੁਜ ਤੇ ਬਿਆਸ ਦਰਿਆ ਸਮੇਤ ਕਈ ਹੋਰ ਲਿੰਕ ਨਹਿਰਾਂ ਉਫ਼ਾਨ ‘ਤੇ ਹਨ ਤੇ ਪਾਣੀ ਓਵਰਫਲੋਅ ਹੋ ਰਿਹਾ ਹੈ।

NDRF, SDRF, ਫੌਜ ਤੇ ਪੁਲਿਸ ਬਚਾਅ ਕਾਰਜ ‘ਚ ਜੁੱਟੀ

ਹਾਲਾਤ ਬੇਕਾਬੂ ਹੁੰਦੇ ਦੇਖ ਐਨਡੀਆਰਐਫ, ਐਸਡੀਆਰਐਫ, ਭਾਰਤੀ ਫੌਜ, ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਇਲਾਕਿਆਂ ‘ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਲਈ ਹੈਲੀਕਾਪਟਰ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।

ਡੈਮ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ

ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਦਰਿਆਵਾਂ ‘ਚ ਪਾਣੀ ਦਾ ਪੱਧਰ ਦਿਨੋਂ-ਦਿਨ ਵੱਧ ਰਿਹਾ ਹੈ। ਮੰਗਲਵਾਰ ਨੂੰ ਰਣਜੀਤ ਸਾਗਰ ਡੈਮ ਤੋਂ 1 ਲੱਖ 70 ਹਜ਼ਾਰ ਕਿਊਸਕ ਪਾਣੀ ਰਾਵੀ ਦਰਿਆ ‘ਚ ਛੱਡਿਆ ਗਿਆ। ਪੌਂਗ ਡੈਮ ਤੋਂ 63,247 ਕਿਊਸਕ ਪਾਣੀ ਸ਼ਾਹ ਨਿਹਰ ਬੈਰਾਜ ‘ਚੋਂ ਬਿਆਸ ਦਰਿਆ ‘ਚ ਛੱਡਿਆ ਗਿਆ। ਭਾਖੜਾ ਡੈਮ ਦੀਆਂ ਟਰਬਾਈਨਾਂ ਤੋਂ 36,524 ਤੇ ਫਲੱਡ ਗੇਟਾਂ ਰਾਹੀਂ 6,349 ਕਿਊਸਕ ਪਾਣੀ ਛੱਡਿਆ ਗਿਆ। ਕਈ ਇਲਾਕਿਆਂ ‘ਚ ਧੁੱਸੀ ਬੰਨ੍ਹ ਟੱਟਣ ਨਾਲ ਪਾਣੀ ਪਿੰਡਾਂ ‘ਚ ਵੜ੍ਹ ਗਿਆ। ਹੜ੍ਹ ਕਾਰਨ ਹਜ਼ਾਰਾਂ ਏਕੜ ਡੁੱਬ ਗਈ ਤੇ ਕਈ ਘਰ ਵੀ ਇਸ ਦੀ ਲਪੇਟ ‘ਚ ਆ ਗਏ ਹਨ। ਸੜਕਾਂ ਦਾ ਸ਼ਹਿਰਾਂ ਨਾਲ ਸੰਪਰਕ ਟੁੱਟ ਗਿਆ ਹੈ।

ਅਧਿਕਾਰੀਆਂ-ਕਰਮਚਾਰੀਆਂ ਦੀ ਛੱਟੀਆਂ ਰੱਦ, ਸਕੂਲ ਬੰਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਭਾਰੀ ਮੀਂਹ ਦੇ ਹਾਲਾਤਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਨੂੰ 30 ਅਗਸਤ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁੱਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ।

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਹਤ ਤੇ ਬਚਾਅ ਕਾਰਜ ਜਾਰੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗਰ ਨੂੰ 24 ਘੰਟੇ ਅਲਰਟ ਰਹਿਣ ਦੇ ਆਦੇਸ਼ ਦਿੱਤੇ ਹਨ।