ਹੜ੍ਹਾਂ ਤੋਂ ਬਾਅਦ ਤਬਾਹੀ ਦਾ ਮੰਜ਼ਰ: ਰੇਤ ਕੱਢ ਕੇ ਲੋਕ ਲਭ ਰਹੇ ਘਰਾਂ ਦੇ ਨਿਸ਼ਾਨ, ਜਾਣੋ ਗਰਾਉਂਡ ਦੇ ਹਾਲਾਤ
Punjab Flood: ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਨਾ ਸਿਰਫ਼ ਰੇਤ ਪਾਣੀ ਨਾਲ ਵਹਿ ਕੇ ਆਈ ਬਲਕਿ ਲੋਕਾਂ ਦੇ ਘਰਾਂ ਨੂੰ ਵੀ ਆਪਣੇ ਨਾਲ ਵਹਾ ਕੇ ਲੈ ਗਈ। ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਤਾਸ਼ ਪਿੰਡ ਵਿੱਚ ਪਾੜ ਪੈਣ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ। ਗਰਾਉਂਡ ਜ਼ੀਰੋ ਤੋਂ ਟੀਵੀ9 ਪੰਜਾਬੀ ਦੀ ਖਾਸ ਰਿਪੋਰਟ
Punjab Flood: ਬੀਤੇ ਦਿਨੀਂ ਪੰਜਾਬ ਨੇ ਹੜ੍ਹਾਂ ਦੀ ਵੱਡਾ ਮਾਰ ਝੇਲੀ। ਘਰਾਂ ਦੇ ਨਾਲ ਨਾਲ ਲੋਕਾਂ ਦੀ ਫਸਲਾਂ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈਆਂ। ਰਾਵੀ ਦਰਿਆ ਦਾ ਪਾਣੀ ਉਫਾਨ ‘ਤੇ ਹੋਣ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਵਿੱਚ ਵੀ ਵੱਡੀ ਤਬਾਹੀ ਦੇਖਣ ਨੂੰ ਮਿਲੀ। ਰਾਵੀ ਦਰਿਆ ਵਿੱਚ ਪਾੜ ਪੈਣ ਕਾਰਨ ਤਾਸ਼ ਪਿੰਡ ਅਤੇ ਨੇੜਲੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ। ਜਿਸ ਨਾਲ ਲੋਕਾਂ ਦੇ ਖੇਤ, ਘਰ ਅਤੇ ਘਰੇਲੂ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਹੁਣ ਰਾਵੀ ਦਰਿਆ ਦਾ ਪਾਣੀ ਘੱਟ ਗਿਆ ਹੈ ਪਰ ਇਹ ਆਪਣੇ ਪਿੱਛੇ ਤਬਾਹੀ ਦਾ ਇੱਕ ਨਿਸ਼ਾਨ ਛੱਡ ਗਿਆ ਹੈ।
ਰੇਤ ਕੱਢ ਕੇ ਲੋਕ ਲਭ ਰਹੇ ਆਪਣੇ ਘਰ
ਪਠਾਨਕੋਟ ਜ਼ਿਲ੍ਹੇ ਦੇ ਤਾਸ਼ ਪਿੰਡ ਵਿੱਚ ਤਬਾਹੀ ਦਾ ਇੱਕ ਅਜਿਹਾ ਹੀ ਨਿਸ਼ਾਨ ਦੇਖਿਆ ਗਿਆ। ਜਿੱਥੇ ਪਰਿਵਾਰ ਆਪਣੇ ਘਰ ਵਾਪਸ ਆਇਆ ਅਤੇ ਉਸ ਨੂੰ ਆਪਣੇ ਘਰ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਬੱਚੇ, ਬੁੱਢੇ ਅਤੇ ਨੌਜਵਾਨ ਆਪਣੇ ਬਾਕੀ ਸਮਾਨ ਦੀ ਭਾਲ ਵਿੱਚ ਆਪਣੇ ਹੱਥਾਂ ਨਾਲ ਰੇਤ ਨੂੰ ਕੱਢ ਰਹੇ ਹਨ। ਦਰਿਆ ਦੇ ਮਲਬੇ ਅਤੇ ਰੇਤ ਨੇ ਰਾਵੀ ਦਰਿਆ ਦੇ ਕੰਢੇ ਖੇਤਾਂ ਵਿੱਚ ਉਗਾਈ ਗਈ ਝੋਨੇ ਦੀ ਫਸਲ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ। ਇਹ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਤਾਸ਼ ਪਿੰਡ ਦੇ ਲੋਕਾਂ ਨੇ ਸੁਣਾਈ ਆਪ-ਬੀਤੀ
ਇਸ ਸਬੰਧੀ ਜਦੋਂ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਤਾਸ਼ ਪਿੰਡ ਵਿੱਚ ਖੇਤੀ ਕਰ ਰਹੇ ਸਨ। ਪਰ, ਹੜ੍ਹ ਦੀ ਮਾਰ ਨੇ ਉਨ੍ਹਾਂ ਦਾ ਸਭ ਕੁਝ ਉਜਾੜ ਦਿੱਤਾ। ਉਨ੍ਹਾਂ ਦਾ ਪੂਰਾ ਘਰ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ। ਇੱਥੋਂ ਤੱਕ ਕਿ ਘਰ ਦਾ ਮਲਬਾ ਤੱਕ ਵੀ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਸਿਰਫ ਉਹ ਉਸ ਵੇਲੇ ਪਾਣੀ ਤੋਂ ਜਾਣ ਬਚਾਉਣ ਵਿੱਚ ਕਾਮਯਾਬ ਹੋਏ। ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕੁਝ ਲੋਕ ਹਾਲੇ ਵੀ ਧੁੱਸੀ ਬੰਨ੍ਹ ‘ਤੇ ਤਰਪਾਲ ਲਗਾ ਕੇ ਗੁਜ਼ਾਰਾ ਕਰ ਰਹੇ ਹਨ।
ਲੋਕਾਂ ਨੇ ਹੜ੍ਹ ਦੀ ਆਪ-ਬੀਤੀ ਸੁਣਾਉਂਦਿਆਂ ਦੱਸਿਆ ਕਿ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਵੇਂ ਸਿਰ ਤੋਂ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਨੇ ਸਰਕਾਰ ਅਤੇ ਸਮਾਜਿਕ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ
ਸਰਕਾਰ ਵੱਲੋਂ ‘ਜਿਸ ਦਾ ਖੇਤ ਉਸ ਦੀ ਰੇਤ’ ਨੀਤੀ ਲਾਗੂ
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ‘ਜਿਸ ਦਾ ਖੇਤ ਉਸ ਦੀ ਰੇਤ’ ਨੀਤੀ ਨੂੰ ਲਾਗੂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਵੱਲੋਂ ਕਿਸਾਨ ਨੂੰ ਖੇਤਾਂ ਵਿੱਚ ਇਕੱਠੀ ਹੋਈ ਰੇਤ ਤੇ ਮਿੱਟੀ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਕਿਸਾਨ ਇਸ ਰੇਤ ਨੂੰ ਵੇਚ ਕੇ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣਗੇ।


