CM ਮਾਨ ਨੇ ਫਗਵਾੜਾ ‘ਚ ਕੀਤੀ ਲੋਕ ਮਿਲਣੀ, ਵਿਕਾਸ ਕਾਰਜਾਂ ਲਈ 18.57 ਕਰੋੜ ਦੇ ਪੈਕੇਜ ਦਾ ਦਿੱਤਾ ਤੋਹਫ਼ਾ

Updated On: 

18 Jun 2026 23:45 PM IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਗਵਾੜਾ ਵਿਖੇ ਆਯੋਜਿਤ ਵਿਸ਼ੇਸ਼ 'ਲੋਕ ਮਿਲਣੀ' ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਜਨਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਹਲਕੇ ਦੇ ਆਗੂ ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਜਾਬ ਸਰਕਾਰ ਦੀਆਂ ਪਿਛਲੇ ਸਮੇਂ ਦੀਆਂ ਪ੍ਰਮੁੱਖ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਮੁੱਖ ਮੰਤਰੀ ਦੇ ਸਾਹਮਣੇ ਫਗਵਾੜਾ ਵਿਧਾਨ ਸਭਾ ਹਲਕੇ ਨਾਲ ਸਬੰਧਤ ਕਈ ਅਹਿਮ ਅਤੇ ਲੰਬਿਤ ਪਏ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ।

CM ਮਾਨ ਨੇ ਫਗਵਾੜਾ ਚ ਕੀਤੀ ਲੋਕ ਮਿਲਣੀ, ਵਿਕਾਸ ਕਾਰਜਾਂ ਲਈ 18.57 ਕਰੋੜ ਦੇ ਪੈਕੇਜ ਦਾ ਦਿੱਤਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਗਵਾੜਾ ਵਿਖੇ ਆਯੋਜਿਤ ਵਿਸ਼ੇਸ਼ ‘ਲੋਕ ਮਿਲਣੀ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਜਨਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਹਲਕੇ ਦੇ ਆਗੂ ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਜਾਬ ਸਰਕਾਰ ਦੀਆਂ ਪਿਛਲੇ ਸਮੇਂ ਦੀਆਂ ਪ੍ਰਮੁੱਖ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਮੁੱਖ ਮੰਤਰੀ ਦੇ ਸਾਹਮਣੇ ਫਗਵਾੜਾ ਵਿਧਾਨ ਸਭਾ ਹਲਕੇ ਨਾਲ ਸਬੰਧਤ ਕਈ ਅਹਿਮ ਅਤੇ ਲੰਬਿਤ ਪਏ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ।

ਡਾ. ਚੱਬੇਵਾਲ ਨੇ ਫਗਵਾੜਾ ਦੇ ਮੁੱਖ ਬਾਜ਼ਾਰ ਵਿੱਚ ਸੀਵਰੇਜ ਦੀ ਪੁਰਾਣੀ ਸਮੱਸਿਆ, ਫਗਵਾੜਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਚਿਰੋਕਣੀ ਮੰਗ ਅਤੇ ਜੇ.ਸੀ.ਟੀ. (JCT) ਮਿੱਲ ਨੂੰ ਜਲਦ ਤੋਂ ਜਲਦ ਮੁੜ ਸ਼ੁਰੂ ਕਰਵਾਉਣ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਇਨ੍ਹਾਂ ਲੋਕ ਹਿੱਤ ਦੇ ਮੁੱਦਿਆਂ ‘ਤੇ ਤੁਰੰਤ ਪ੍ਰਸ਼ਾਸਨਿਕ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਵਿਰੋਧੀ ਧਿਰਾਂ ਅਤੇ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਨਾਕਾਮੀਆਂ ਕਾਰਨ ਹੀ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਰੁਖ਼ ਕਰਨਾ ਪਿਆ।

ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਸਿਰਫ਼ ਭਾਈ-ਭਤੀਜਾਵਾਦ ਹੀ ਕੀਤਾ

ਮੁੱਖ ਮੰਤਰੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸ਼ਾਸਨਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਦੀ ਜਵਾਨੀ ਵਿੱਚ ਨਸ਼ਿਆਂ ਦਾ ਪਾਸਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਸਰਕਾਰ ਵੇਲੇ ਸਰਕਾਰੀ ਗੱਡੀਆਂ ਦੀ ਵਰਤੋਂ ਨਸ਼ੇ ਦੀ ਸਪਲਾਈ ਲਈ ਹੁੰਦੀ ਸੀ ਅਤੇ ਕੋਈ ਜਾਂਚ ਤੱਕ ਨਹੀਂ ਕੀਤੀ ਜਾਂਦੀ ਸੀ।

ਸੀਐਮ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਸੂਬੇ ਵਿੱਚ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਛੇੜੀ ਹੋਈ ਹੈ, ਜੋ ਪੰਜਾਬ ਨੂੰ ਜਲਦ ਹੀ ਪੂਰੀ ਤਰ੍ਹਾਂ ਨਸ਼ਾ-ਮੁਕਤ ਕਰ ਦੇਵੇਗੀ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ‘ਤੇ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਨੂੰ ਬੜਾਵਾ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਪੰਜਾਬ ਦੇ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਬਲਕਿ ਇਨ੍ਹਾਂ ਨੇ ਸਿਰਫ਼ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਨਿੱਜੀ ਹਿੱਤਾਂ ਨੂੰ ਹੀ ਸਾਧਿਆ।

ਲੋਕਾਂ ਨੂੰ ਮਿਲ ਰਿਹਾ ਹੈ 10 ਲੱਖ ਰੁਪਏ ਦਾ ਹੈਲਥ ਇੰਸ਼ੋਰੈਂਸ

ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਹੈ ਅਤੇ ਉਹ ਆਪਣੇ ਨਿੱਜੀ ਸਿਆਸੀ ਏਜੰਡੇ ਲਈ ਪੰਥ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ‘ਤੇ ਬੇਅਦਬੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਨੇ ਦਰਬਾਰ ਸਾਹਿਬ ਵਿਖੇ ਇਸ ਨੂੰ ਸਵੀਕਾਰ ਵੀ ਕੀਤਾ ਸੀ ਅਤੇ ਬੇਅਦਬੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਿੱਠ ਥਾਪੜੀ ਸੀ, ਹਾਲਾਂਕਿ ਬਾਅਦ ਵਿੱਚ ਉਹ ਆਪਣੇ ਬਿਆਨਾਂ ਤੋਂ ਮੁਕਰ ਗਏ।

ਇਸ ਦੇ ਨਾਲ ਹੀ ਉਨ੍ਹਾਂ ਮਜੀਠੀਆ ਪਰਿਵਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਤੋਂ ਬਾਅਦ, ਜਿੱਥੇ ਹਜ਼ਾਰਾਂ ਪੰਜਾਬੀ ਸ਼ਹੀਦ ਹੋਏ ਸਨ, ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਆਪਣੇ ਘਰ ਰਾਤ ਦੇ ਖਾਣੇ ‘ਤੇ ਬੁਲਾ ਕੇ ਉਸਦਾ ਸਵਾਗਤ ਕੀਤਾ ਸੀ।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਤਹਿਤ ਕਿਸਾਨਾਂ ਨੂੰ ਬਿਨਾਂ ਕਿਸੇ ਕਟੌਤੀ ਦੇ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ। ਸੂਬੇ ਵਿੱਚ 1000 ‘ਆਮ ਆਦਮੀ ਮੁਹੱਲਾ ਕਲੀਨਿਕ’ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ 400 ਹੋਰ ਖੁੱਲ੍ਹਣ ਲਈ ਬਿਲਕੁਲ ਤਿਆਰ ਹਨ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਹੈਲਥ ਇੰਸ਼ੋਰੈਂਸ ਪ੍ਰਦਾਨ ਕੀਤਾ ਜਾ ਰਹੀ ਹੈ।

ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗੱਠਜੋੜ ‘ਤੇ ਬੋਲੇ

ਸੀਐਮ ਮਾਨ ਨੇ ਅੱਗੇ ਕਿਹਾ ਕਿ ਸਰਕਾਰ ਨੇ ਨਹਿਰੀ ਪਾਣੀ ਦੀ ਸਹੀ ਵਰਤੋਂ ਨੂੰ ਯਕੀਨੀ ਬਣਾ ਕੇ ਪੰਜਾਬ ਦੇ ਭੂਮੀਗਤ ਪਾਣੀ ਦੇ ਪੱਧਰ (ਵਾਟਰ ਟੇਬਲ) ਨੂੰ ਉੱਪਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਪੂਰੇ ਉਤਸ਼ਾਹ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਮਨਾਇਆ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇੱਕ ਧਰਮ-ਨਿਰਪੱਖ ਰਾਜ ਹੈ, ਜਿੱਥੇ ਹਿੰਦੂ, ਮੁਸਲਿਮ, ਸਿੱਖ ਅਤੇ ਹੋਰ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਅਤੇ ਏਕਤਾ ਨਾਲ ਰਹਿੰਦੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਸੱਤਾ ਹਾਸਲ ਕਰਨ ਲਈ ਧਰਮ ਨੂੰ ਇੱਕ ਹਥਿਆਰ ਵਜੋਂ ਵਰਤਿਆ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਖ਼ਤਮ ਹੋਣ ਦੀ ਕਗਾਰ ‘ਤੇ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ, ਤਾਂ ਉਹ ਚੂਹੇ ਅਤੇ ਕੱਛੂਕੰਮੇ ਦੀ ਜੋੜੀ ਵਰਗਾ ਹੋਵੇਗਾ, ਜਿਸ ਵਿੱਚ ਦੋਵੇਂ ਇੱਕ-ਦੂਜੇ ਨੂੰ ਹਰਾਉਣ ਦਾ ਕੰਮ ਕਰਨਗੇ।

ਫਗਵਾੜਾ ਦੇ ਵਿਕਾਸ ਕਾਰਜਾਂ ਲਈ 18.57 ਕਰੋੜ ਰੁਪਏ ਦਾ ਐਲਾਨ

ਅਖੀਰ ਵਿੱਚ, ਉਨ੍ਹਾਂ ਨੇ ਫਗਵਾੜਾ ਵਿਧਾਨ ਸਭਾ ਖੇਤਰ ਲਈ ਕਈ ਆਰਥਿਕ ਪੈਕੇਜਾਂ ਦਾ ਐਲਾਨ ਕੀਤਾ। 5 ਨਵੇਂ ਟਿਊਬਵੈੱਲਾਂ ਲਈ 1 ਕਰੋੜ 20 ਲੱਖ ਰੁਪਏ, ਪਲਾਹੀ ਤੋਂ ਹੁਸ਼ਿਆਰਪੁਰ ਰੋਡ, ਰੇਲਵੇ ਰੋਡ, ਸੁਖਚੈਨ ਨਗਰ ਤੋਂ ਚੰਡੀਗੜ੍ਹ ਹਾਈਵੇ ਰੋਡ ਲਈ 5 ਕਰੋੜ 91 ਲੱਖ ਰੁਪਏ, ਗੰਡਵਾ ਤੋਂ ਸ਼ੂਗਰ ਮਿੱਲ ਰੋਡ, ਅਰਬਨ ਅਸਟੇਟ ਤੋਂ ਦੋਸਾਂਝ ਕਲਾਂ ਰੋਡ, ਹਰਗੋਬਿੰਦ ਨਗਰ ਰੋਡ, ਚਾਹਲ ਨਗਰ ਰੋਡ ਲਈ 5 ਕਰੋੜ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਸੁਖਚੈਨ ਗੁਰਦੁਆਰਾ ਸਾਹਿਬ ਵਿਖੇ ਹੈਰੀਟੇਜ ਸਟ੍ਰੀਟ (ਵਿਰਾਸਤੀ ਮਾਰਗ) ਬਣਾਉਣ ਲਈ 87 ਲੱਖ ਰੁਪਏ, ਫਗਵਾੜਾ ਵਿੱਚ ਰੋਜ਼ ਗਾਰਡਨ ਬਣਾਉਣ ਲਈ 2 ਕਰੋੜ ਰੁਪਏ, ਸ਼ਹਿਰਾਂ ਦੀਆਂ ਸੜਕਾਂ ਲਈ 2 ਕਰੋੜ 19 ਲੱਖ ਰੁਪਏ, ਫਗਵਾੜਾ ਵਿੱਚ ਸਟ੍ਰੀਟ ਲਾਈਟਾਂ ਲਈ 97 ਲੱਖ ਰੁਪਏ, ਪਿੰਡ ਅਥੌਲੀ ਲਈ 30 ਲੱਖ ਰੁਪਏ ਅਤੇ ਫਗਵਾੜਾ ਵਿੱਚ ਹੋਰ ਕੰਮਾਂ ਲਈ 30 ਲੱਖ ਰੁਪਏ ਦਿੱਤੇ ਗਏ। ਇਸ ਤਰ੍ਹਾਂ ਫਗਵਾੜਾ ਦੇ ਵਿਕਾਸ ਕਾਰਜਾਂ ਲਈ ਕੁੱਲ 18 ਕਰੋੜ 57 ਲੱਖ ਰੁਪਏ ਜਾਰੀ ਕੀਤੇ ਗਏ।

ਕਿਸਾਨਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਸੌਂਪਿਆ ਮੰਗ ਪੱਤਰ

ਇਸ ‘ਲੋਕ ਮਿਲਣੀ’ ਦੌਰਾਨ ਭਾਜਪਾ ਦੇ ਸ਼ਹਿਰੀ ਪ੍ਰਧਾਨ ਅਤੇ ਐਮ.ਸੀ. ਅਨੁਰਾਗ ਮਨਖੰਡ ਅਤੇ ਕਾਂਗਰਸ ਦੀ ਮੌਜੂਦਾ ਸਰਪੰਚ ਕੁਲਵੰਤ ਕੌਰ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ. ਦੋਆਬਾ) ਦੇ ਕਰੀਬ 40-50 ਆਗੂ ਅਤੇ ਮੈਂਬਰ ਸ਼ਾਮ 5:30 ਵਜੇ ਫਗਵਾੜਾ ਦੀ ਦਾਣਾ ਮੰਡੀ ਵਿਖੇ ਇਕੱਠੇ ਹੋਏ। ਉਹ ਗੋਲਡਨ ਸੰਧਾਰ ਸ਼ੂਗਰ ਮਿੱਲ ਫਗਵਾੜਾ ਵੱਲੋਂ ਕਿਸਾਨਾਂ ਦੇ ਬਕਾਏ ਪੈਸਿਆਂ ਦਾ ਭੁਗਤਾਨ ਨਾ ਕੀਤੇ ਜਾਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਅਤੇ ਮੰਗ ਪੱਤਰ ਸੌਂਪਣ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਤੋਂ ਬਾਅਦ, ਬੀ.ਕੇ.ਯੂ. ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ 5-6 ਕਿਸਾਨ ਆਗੂਆਂ ਨੇ ਫਗਵਾੜਾ ਦੇ ਗਾਂਧੀ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਗੰਨਾ ਉਤਪਾਦਕਾਂ ਦੇ ਬਕਾਏ ਦੀ ਤੁਰੰਤ ਅਦਾਇਗੀ ਲਈ ਮੰਗ ਪੱਤਰ ਸੌਂਪਿਆ। ਮੁੱਖ ਮੰਤਰੀ ਵੱਲੋਂ ਮਿਲੇ ਹਾਂਪੱਖੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਦਾਣਾ ਮੰਡੀ ਵਿਖੇ ਚੱਲ ਰਿਹਾ ਆਪਣਾ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਵਕ ਸਮਾਪਤ ਕਰ ਦਿੱਤਾ।

Follow Us