ਕਾਦੀਆਂ-ਬਿਆਸ ਰੇਲ ਲਿੰਕ ਦਾ 100 ਸਾਲਾ ਇੰਤਜ਼ਾਰ ਖ਼ਤਮ, ਕੇਂਦਰ ਵੱਲੋਂ 1400 ਕਰੋੜ ਰੁਪਏ ਮਨਜ਼ੂਰ

Published: 

18 Jun 2026 19:40 PM IST

ਪੰਜਾਬ ਦੇ ਸਰਹੱਦੀ ਖੇਤਰ ਦੀ ਮਹੱਤਵਪੂਰਨ ਲਾਈਫਲਾਈਨ ਮੰਨੇ ਜਾਣ ਵਾਲੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਲਿੰਕ ਦਾ ਕਰੀਬ ਇੱਕ ਸਦੀ (100 ਸਾਲ) ਪੁਰਾਣਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਇਸ ਰੇਲਵੇ ਪ੍ਰੋਜੈਕਟ ਨੂੰ ਹਰੀ ਝੰਡੀ ਦਿੰਦਿਆਂ 1400 ਕਰੋੜ ਰੁਪਏ ਦੀ ਵੱਡੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਕਾਦੀਆਂ-ਬਿਆਸ ਰੇਲ ਲਿੰਕ ਦਾ 100 ਸਾਲਾ ਇੰਤਜ਼ਾਰ ਖ਼ਤਮ, ਕੇਂਦਰ ਵੱਲੋਂ 1400 ਕਰੋੜ ਰੁਪਏ ਮਨਜ਼ੂਰ

ਪੰਜਾਬ ਦੇ ਸਰਹੱਦੀ ਖੇਤਰ ਦੀ ਮਹੱਤਵਪੂਰਨ ਲਾਈਫਲਾਈਨ ਮੰਨੇ ਜਾਣ ਵਾਲੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਲਿੰਕ ਦਾ ਕਰੀਬ ਇੱਕ ਸਦੀ (100 ਸਾਲ) ਪੁਰਾਣਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਇਸ ਰੇਲਵੇ ਪ੍ਰੋਜੈਕਟ ਨੂੰ ਹਰੀ ਝੰਡੀ ਦਿੰਦਿਆਂ 1400 ਕਰੋੜ ਰੁਪਏ ਦੀ ਵੱਡੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਇਤਿਹਾਸਕ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਵਿੱਚ ਉਨ੍ਹਾਂ ਨੇ ਇਸ ਅਹਿਮ ਪ੍ਰੋਜੈਕਟ ਨੂੰ ਡਿਫ਼ਰੀਜ਼ (ਦੁਬਾਰਾ ਚਾਲੂ) ਕਰਵਾਇਆ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਪ੍ਰੋਜੈਕਟ ਦੀ ਮਹੱਤਤਾ ਨੂੰ ਦੇਖਦਿਆਂ ਇਸ ਲਈ 1400 ਕਰੋੜ ਰੁਪਏ ਦੇ ਬਜਟ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ।

ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਰੂਪਰੇਖਾ ਸਭ ਤੋਂ ਪਹਿਲਾਂ ਸਾਲ 1928 ਵਿੱਚ ਉਲੀਕੀ ਗਈ ਸੀ, ਜਿਸ ਨੂੰ ਹਕੀਕਤ ਦਾ ਰੂਪ ਲੈਣ ਵਿੱਚ ਪੂਰੇ 100 ਸਾਲ ਲੱਗ ਗਏ। ਉਨ੍ਹਾਂ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਇਹ ਕੰਮ ਲਟਕਦਾ ਰਿਹਾ, ਜਿਸ ਨੂੰ ਹੁਣ ਮੋਦੀ ਸਰਕਾਰ ਨੇ ਸਿਰੇ ਚੜ੍ਹਾਇਆ ਹੈ।

ਕਾਦੀਆਂ-ਬਿਆਸ ਰੇਲ ਲਿੰਕ ਦੇ ਸੂਬੇ ਨੂੰ ਹੋਣ ਵਾਲੇ ਵੱਡੇ ਫਾਇਦੇ

ਅੰਤਰਰਾਸ਼ਟਰੀ ਧਾਰਮਿਕ ਕੇਂਦਰ ਨਾਲ ਸਿੱਧਾ ਸੰਪਰਕ: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਨੁਸਾਰ ਕਾਦੀਆਂ ਅਹਿਮਦੀਆ ਮੁਸਲਿਮ ਭਾਈਚਾਰੇ ਦਾ ਅੰਤਰਰਾਸ਼ਟਰੀ ਹੈੱਡਕੁਆਰਟਰ ਹੈ, ਜਿੱਥੇ ਪੂਰੀ ਦੁਨੀਆ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ। ਇਸ ਰੇਲ ਮਾਰਗ ਦੇ ਬਣਨ ਨਾਲ ਉਨ੍ਹਾਂ ਨੂੰ ਸਿੱਧੀ ਅਤੇ ਸੁਖਾਲੀ ਕਨੈਕਟੀਵਿਟੀ ਮਿਲੇਗੀ।

ਸ਼ਰਧਾਲੂਆਂ ਲਈ ਸਫ਼ਰ ਹੋਵੇਗਾ ਆਸਾਨ ਤੇ ਸਸਤਾ: ਇਹ ਨਵਾਂ ਰੇਲ ਟ੍ਰੈਕ ਸੰਸਾਰ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਜੈਮਲ ਸਿੰਘ (ਬਿਆਸ) ਅਤੇ ਕਸਬਾ ਘੁਮਾਣ ਸਥਿਤ ਬਾਬਾ ਨਾਮਦੇਵ ਜੀ ਦੇ ਡੇਰੇ ਆਉਣ ਵਾਲੇ ਦੇਸ਼-ਵਿਦੇਸ਼ ਦੇ ਲੱਖਾਂ ਸ਼ਰਧਾਲੂਆਂ ਦੇ ਆਉਣ-ਜਾਣ ਨੂੰ ਬੇਹੱਦ ਆਸਾਨ, ਆਰਾਮਦਾਇਕ ਅਤੇ ਸਸਤਾ ਬਣਾ ਦੇਵੇਗਾ।

ਬਟਾਲਾ ਦੇ ਉਦਯੋਗਾਂ ਲਈ ਸਿੱਧਾ ਕਾਰੀਡੋਰ: ਉਦਯੋਗਿਕ ਨਗਰੀ ਬਟਾਲਾ ਦੇ ਸਥਾਨਕ ਸਟੀਲ ਅਤੇ ਲੋਹਾ ਉਦਯੋਗਾਂ ਨੂੰ ਇਸ ਰੇਲ ਮਾਰਗ ਦੇ ਜ਼ਰੀਏ ਸਿੱਧੇ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਕਾਰੀਡੋਰ ਤੱਕ ਪਹੁੰਚ ਮਿਲ ਜਾਵੇਗੀ। ਇਸ ਨਾਲ ਮਾਲ ਢੋਆ-ਢੁਆਈ (ਫ਼ਰੇਟ) ਦਾ ਖ਼ਰਚਾ ਅਤੇ ਸਮਾਂ ਦੋਵੇਂ ਕਾਫ਼ੀ ਘਟਣਗੇ।

ਦੇਸ਼ ਦੀ ਸੁਰੱਖਿਆ ਲਈ ਰਣਨੀਤਕ ਅਹਿਮੀਅਤ: ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਇਹ 40 ਕਿਲੋਮੀਟਰ ਦਾ ਟ੍ਰੈਕ ਬਹੁਤ ਸੰਵੇਦਨਸ਼ੀਲ ਅਤੇ ਰਣਨੀਤਕ ਮਹੱਤਵ ਵਾਲਾ ਹੈ। ਇਹ ਭਾਰਤੀ ਸੈਨਾ ਅਤੇ ਫ਼ੌਜੀ ਰਸਦ ਦੀ ਆਵਾਜਾਈ ਲਈ ਜੰਮੂ-ਕਸ਼ਮੀਰ ਤੱਕ ਜਾਣ ਵਾਸਤੇ ਇੱਕ ਮਜ਼ਬੂਤ ਅਤੇ ਬਦਲਵਾਂ ਸਪਲਾਈ ਰੂਟ ਪ੍ਰਦਾਨ ਕਰੇਗਾ।

200 ਕਰੋੜ ਦਾ ਬਜਟ 1400 ਕਰੋੜ ਤੋਂ ਪਾਰ ਪਹੁੰਚਿਆ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਪ੍ਰੋਜੈਕਟ ਨਾਲ ਸਬੰਧੀ ਬੇਹੱਦ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਰੇਲ ਪ੍ਰੋਜੈਕਟ ਨੂੰ ਕਦੇ ਮਹਿਜ਼ 200 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਣਾ ਸੀ, ਉਹ ਸਾਲਾਂ-ਬੱਧੀ ਲਟਕਦੇ ਰਹਿਣ ਕਾਰਨ ਹੁਣ 1400 ਕਰੋੜ ਰੁਪਏ ਦੀ ਭਾਰੀ-ਭਰਕਮ ਰਾਸ਼ੀ ਨਾਲ ਪੂਰਾ ਹੋਵੇਗਾ।

33 ਕਰੋੜ ਵਿੱਚ ਮਿਲਣੀ ਸੀ ਜ਼ਮੀਨ

ਇਸ ਰੇਲਵੇ ਲਾਈਨ ਲਈ ਕੁੱਲ 411.81 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਬਿੱਟੂ ਨੇ ਦੱਸਿਆ ਕਿ ਜਿਹੜੀ ਜ਼ਮੀਨ ਪਹਿਲਾਂ ਕੇਵਲ 33 ਕਰੋੜ ਰੁਪਏ ਵਿੱਚ ਮਿਲਣੀ ਤੈਅ ਹੋਈ ਸੀ, ਅੱਜ ਜ਼ਮੀਨ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਅਤੇ ਮੁਆਵਜ਼ੇ ਦੀਆਂ ਨਵੀਆਂ ਸਰਕਾਰੀ ਨੀਤੀਆਂ ਕਾਰਨ ਉਸ ਦੀ ਕੀਮਤ ਵਧ ਕੇ 300 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦੇ ਸਪੱਸ਼ਟ ਨਿਰਦੇਸ਼ ਹਨ ਕਿ ਪੰਜਾਬ ਦੇ ਰੇਲਵੇ ਵਿਕਾਸ ਅਤੇ ਤਰੱਕੀ ਦੀ ਰਾਹ ਵਿੱਚ ਫੰਡਾਂ ਦੀ ਕਮੀ ਨੂੰ ਕਦੇ ਵੀ ਰੋੜਾ ਨਹੀਂ ਬਣਨ ਦਿੱਤਾ ਜਾਵੇਗਾ।

Follow Us