ਜਲੰਧਰ ‘ਚ ਸਰਕਾਰੀ ਨੌਕਰੀ ਦਾ ਝਾਂਸਾ ਦੇ ਲੱਖਾਂ ਰੁਪਏ ਠੱਗਣ ਵਾਲੀ ਮਹਿਲਾ ਕਾਬੂ, ਮਿਲੇ 20 ਫਰਜ਼ੀ ਨਿਯੁਕਤੀ ਪੱਤਰ
ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਅਜਿਹੀ ਹਾਈ-ਪ੍ਰੋਫਾਈਲ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਖ਼ੁਦ ਨੂੰ ਇੱਕ ਵੱਡੀ ਪ੍ਰਸ਼ਾਸਨਿਕ ਅਧਿਕਾਰੀ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਂਦੀ ਸੀ। ਫੜੀ ਗਈ ਮੁਲਜ਼ਮ ਮਹਿਲਾ ਦੀ ਪਛਾਣ ਪੂਜਾ ਠਾਕੁਰ ਵਜੋਂ ਹੋਈ ਹੈ, ਜੋ ਜਲੰਧਰ ਹਾਈਟਸ-3 ਵਿੱਚ ਰਹਿ ਰਹੀ ਸੀ।
ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਅਜਿਹੀ ਹਾਈ-ਪ੍ਰੋਫਾਈਲ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਖ਼ੁਦ ਨੂੰ ਇੱਕ ਵੱਡੀ ਪ੍ਰਸ਼ਾਸਨਿਕ ਅਧਿਕਾਰੀ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਂਦੀ ਸੀ। ਫੜੀ ਗਈ ਮੁਲਜ਼ਮ ਮਹਿਲਾ ਦੀ ਪਛਾਣ ਪੂਜਾ ਠਾਕੁਰ ਵਜੋਂ ਹੋਈ ਹੈ, ਜੋ ਜਲੰਧਰ ਹਾਈਟਸ-3 ਵਿੱਚ ਰਹਿ ਰਹੀ ਸੀ। ਇਹ ਸ਼ਾਤਰ ਮਹਿਲਾ ਬੇਰੁਜ਼ਗਾਰਾਂ ਨੂੰ ਡਾਕਟਰ, ਪੁਲਿਸ ਇੰਸਪੈਕਟਰ, ਸਬ-ਇੰਸਪੈਕਟਰ, ਏ.ਐੱਸ.ਆਈ. ਅਤੇ ਨਰਸ ਵਰਗੀਆਂ ਵੱਖ-ਵੱਖ ਸਰਕਾਰੀ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਠੱਗਦੀ ਸੀ।
ਗ੍ਰਹਿ ਮੰਤਰਾਲੇ ਵਿੱਚ ਦੱਸਦੀ ਸੀ ਉੱਚੀ ਪਹੁੰਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ. (SHO) ਸੰਜੀਵ ਸੂਰੀ ਨੇ ਦੱਸਿਆ ਕਿ ਪੁਲਿਸ ਨੂੰ ਏ.ਜੀ.ਆਈ. ਦੇ ਡਾਕਟਰ ਮਨਮਹਿਕ ਵੱਲੋਂ ਇੱਕ ਲਿਖਤੀ ਸ਼ਿਕਾਇਤ ਮਿਲੀ ਸੀ। ਡਾਕਟਰ ਮਨਮਹਿਕ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪੂਜਾ ਠਾਕੁਰ ਨੇ ਉਨ੍ਹਾਂ ਨੂੰ ਦੇਸ਼ ਦੇ ਗ੍ਰਹਿ ਮੰਤਰਾਲੇ ਵਿੱਚ ਆਪਣੀ ਉੱਚੀ ਸਿਆਸੀ ਅਤੇ ਪ੍ਰਸ਼ਾਸਨਿਕ ਪਹੁੰਚ ਹੋਣ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਉਸਨੇ ਡਾਕਟਰ ਦੇ ਨਜ਼ਦੀਕੀਆਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪੱਕੀ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਵੱਡੀ ਰਕਮ ਹੜੱਪ ਲਈ। ਪੁਲਿਸ ਵੱਲੋਂ ਜਦੋਂ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਕੀਤੀ ਗਈ ਤਾਂ ਮਾਮਲਾ ਪੂਰੀ ਤਰ੍ਹਾਂ ਸੱਚਾ ਪਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੁਕੱਦਮਾ ਦਰਜ ਕਰਕੇ ਪੂਜਾ ਨੂੰ ਗ੍ਰਿਫ਼ਤਾਰ ਕਰ ਲਿਆ।
ਨੌਕਰੀਆਂ ਦੇ ਰੇਟ ਕੀਤੇ ਸੀ ਤੈਅ
ਪੁਲਿਸ ਦੀ ਮੁਢਲੀ ਪੁੱਛਗਿੱਛ ਦੌਰਾਨ ਇਹ ਬੇਹੱਦ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ ਕਿ ਪੂਜਾ ਠਾਕੁਰ ਖ਼ੁਦ ਨੂੰ ਵੱਡੇ ਆਈ.ਏ.ਐੱਸ. (IAS) ਅਧਿਕਾਰੀਆਂ ਦੀ ਬੇਹੱਦ ਕਰੀਬੀ ਦੱਸਦੀ ਸੀ। ਉਸਨੇ ਵੱਖ-ਵੱਖ ਅਹੁਦਿਆਂ ਦੇ ਹਿਸਾਬ ਨਾਲ ਬਕਾਇਦਾ ਰੇਟ ਤੈਅ ਕੀਤੇ ਹੋਏ ਸਨ। ਉਹ ਪੁਲਿਸ ਵਿੱਚ ਏ.ਐੱਸ.ਆਈ. (ASI) ਦੀ ਭਰਤੀ ਕਰਵਾਉਣ ਲਈ 3 ਲੱਖ ਰੁਪਏ, ਕਾਂਸਟੇਬਲ ਲਈ ਡੇਢ ਲੱਖ ਰੁਪਏ, ਡਾਕਟਰ ਦੀ ਨੌਕਰੀ ਲਈ ਡੇਢ ਲੱਖ ਰੁਪਏ ਅਤੇ ਨਰਸ ਦੀ ਭਰਤੀ ਲਈ 1 ਲੱਖ ਰੁਪਏ ਦੀ ਮੰਗ ਕਰਦੀ ਸੀ।
ਪੁਲਿਸ ਨੇ ਜਦੋਂ ਮੁਲਜ਼ਮ ਮਹਿਲਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਤਾਂ ਉਸਦੇ ਕਬਜ਼ੇ ਵਿੱਚੋਂ 20 ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਜਾਅਲੀ ਅਤੇ ਫਰਜ਼ੀ ਨਿਯੁਕਤੀ ਪੱਤਰ ਬਰਾਮਦ ਹੋਏ। ਇਸ ਤੋਂ ਇਲਾਵਾ ਉਸਦਾ ਮੋਬਾਈਲ ਫ਼ੋਨ ਅਤੇ ਲੈਪਟਾਪ ਵੀ ਜ਼ਬਤ ਕਰਕੇ ਫੋਰੈਂਸਿਕ ਲੈਬਾਰਟਰੀ (FSL) ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ ਤਾਂ ਜੋ ਹੋਰ ਡਾਟਾ ਰਿਕਵਰ ਕੀਤਾ ਜਾ ਸਕੇ।
ਤਿਆਰ ਰੱਖਦੀ ਸੀ ਫਰਜ਼ੀ ਲੈਟਰ ਪੈਡ
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੂਜਾ ਕੋਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਜਾਅਲੀ ਲੈਟਰ ਪੈਡ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਸਨ। ਉਹ ਇਨ੍ਹਾਂ ਲੈਟਰ ਪੈਡਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਅਸਲੀ ਵਰਗੇ ਦਿਖਣ ਵਾਲੇ ਪ੍ਰਿੰਟਿਡ ਫਰਜ਼ੀ ਨਿਯੁਕਤੀ ਪੱਤਰ ਫੜਾ ਦਿੰਦੀ ਸੀ ਅਤੇ ਬਦਲੇ ਵਿੱਚ ਮੋਟੀ ਨਕਦੀ ਵਸੂਲ ਕਰਦੀ ਸੀ। ਜਲੰਧਰ ਪੁਲਿਸ ਦਾ ਮੰਨਣਾ ਹੈ ਕਿ ਇਹ ਕੋਈ ਇੱਕਲਾ-ਦੁਕੱਲਾ ਮਾਮਲਾ ਨਹੀਂ ਹੈ, ਬਲਕਿ ਇਹ ਇੱਕ ਬਹੁਤ ਵੱਡਾ ਅੰਤਰਰਾਜੀ ਠੱਗੀ ਦਾ ਰੈਕਟ ਹੈ, ਜਿਸਦਾ ਮੁੱਖ ਸਰਗਨਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬੈਠ ਕੇ ਇਸ ਪੂਰੇ ਨੈੱਟਵਰਕ ਨੂੰ ਆਪਰੇਟ ਕਰ ਰਿਹਾ ਹੈ।
ਇਹ ਵੀ ਪੜ੍ਹੋ
ਪੁਲਿਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੁਲਜ਼ਮ ਪੂਜਾ ਠਾਕੁਰ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੌਰਾਨ ਇਸ ਰੈਕਟ ਨਾਲ ਜੁੜੇ ਕਈ ਹੋਰ ਵੱਡੇ ਚਿਹਰਿਆਂ ਦੇ ਬੇਨਕਾਬ ਹੋਣ ਦੀ ਪੂਰੀ ਉਮੀਦ ਹੈ।
