ਪੰਜਾਬ ‘ਚ ਚਾਰ ਗੁਣਾ ਵਧੇ ਚਲਾਨ, ਹਰ ਦੋ ਮਿੰਟਾਂ ‘ਚ ਕੱਟਿਆ ਜਾ ਰਿਹਾ ਇੱਕ ਚਲਾਨ, ਕੈਮਰਿਆਂ ਦੀ ਸਭ ‘ਤੇ ਨਜ਼ਰ
ਰਿਪੋਰਟ ਦੇ ਅਨੁਸਾਰ ਸਾਲ 2023 'ਚ 72,191 ਚਲਾਨ ਹੋਏ ਸਨ, ਜੋ ਕਿ ਸਾਲ 2024 'ਚ ਵੱਧ ਕੇ 3,97,839 ਤੱਕ ਪਹੁੰਚ ਗਏ। ਸਰਕਾਰ ਵੱਲੋਂ ਪੜਾਅਵਰ ਤਰੀਕੇ ਨਾਲ ਈ-ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਚਲਾਨਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਲ 2022 ਦੌਰਾਨ ਪੰਜਾਬ 'ਚ 53,106 ਚਲਾਨ ਹੋਏ ਸਨ।
ਸੰਕੇਤਕ ਤਸਵੀਰ
ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਈ-ਚਲਾਨ ਸਿਸਟਮ ਲਾਗੂ ਹੋਣ ਤੋਂ ਬਾਅਦ ਇੱਕ ਸਾਲ ਦੇ ਅੰਦਰ ਹੀ ਚਲਾਨ ਚਾਰ ਗੁਣਾ ਤੋਂ ਵੱਧ ਗਏ ਹਨ। ਔਸਤਨ ਹਰ ਦੋ ਮਿੰਟ ‘ਚ ਕੈਮਰਾ ਇੱਕ ਚਲਾਨ ਕੱਟ ਰਿਹਾ ਹੈ, ਜਿਸ ਨਾਲ ਇੱਕ ਸਾਲ ਅੰਦਰ ਚਲਾਨਾਂ ‘ਚ 4 ਗੁਣਾ ਦਾ ਵਾਧਾ ਹੋਇਆ ਹੈ। ਨਾਲ ਹੀ ਸੱਤ ਗੁਣਾ ਜ਼ੁਰਮਾਨਾ ਰਾਸ਼ੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ‘ਚ 3.98 ਲੱਖ ਲੋਕਾਂ ਦੇ 83 ਕਰੋੜ ਰੁਪਏ ਦੇ ਈ-ਚਲਾਨ ਕੱਟੇ ਗਏ ਸਨ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਲੋਕ ਸਭਾ ‘ਚ ਵੀਰਵਾਰ ਨੂੰ ਇੱਕ ਰਿਪੋਰਟ ਪੇਸ਼ ਕਰ ਇਸ ਦੀ ਜਾਣਕਾਰੀ ਦਿੱਤੀ।
ਰਿਪੋਰਟ ਦੇ ਅਨੁਸਾਰ ਸਾਲ 2023 ‘ਚ 72,191 ਚਲਾਨ ਹੋਏ ਸਨ, ਜੋ ਕਿ ਸਾਲ 2024 ‘ਚ ਵੱਧ ਕੇ 3,97,839 ਤੱਕ ਪਹੁੰਚ ਗਏ। ਸਰਕਾਰ ਵੱਲੋਂ ਪੜਾਅਵਰ ਤਰੀਕੇ ਨਾਲ ਈ-ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਚਲਾਨਾਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਲ 2022 ਦੌਰਾਨ ਪੰਜਾਬ ‘ਚ 53,106 ਚਲਾਨ ਹੋਏ ਸਨ। ਸਾਲ 2022 ‘ਚ ਚਲਾਨਾਂ ਦੀ ਕੁੱਲ ਰਕਮ 4.66 ਕਰੋੜ ਰੁਪਏ ਸੀ। ਉੱਥੇ ਹੀ ਸਾਲ 2023 ‘ਚ ਈ-ਚਲਾਨ ਜਰੀਏ ਵਾਹਨ ਚਾਲਕਾਂ ਨੂੰ ਕਰੀਬ 12 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ।
ਇਸ ਦੌਰਾਨ ਵਾਹਨ ਚਾਲਕਾਂ ਨੇ 6.76 ਕਰੋੜ ਰੁਪਏ ਦੀ ਚਲਾਨ ਰਕਮ ਜਮਾ ਕਰਵਾਈ, ਜਦਕਿ 5.30 ਕਰੋੜ ਦੀ ਰਕਮ ਪੈਂਡਿੰਗ ਹੈ। ਸਾਲਾ 2024 ‘ਚ 83 ਕਰੋੜ ਰੁਪਏ ਦੇ ਚਲਾਨ ਕੱਟੇ ਗਏ। ਇਸ ‘ਚ 52.26 ਕਰੋੜ ਰੁਪਏ ਦੀ ਚਲਾਨ ਕਰਮ ਵਾਹਨ ਚਾਲਕਾਂ ਨੇ ਜਮਾਂ ਕਰਵਾ ਦਿੱਤੀ, ਜਦਕਿ 30.94 ਕਰੋੜ ਰੁਪਏ ਦੀ ਚਲਾਨ ਰਕਮ ਪੈਡਿੰਗ ਹੈ।
ਸੜਕ ਹਾਦਸਿਆਂ ਨਾਲ ਮੌਤਾਂ ਦੀ ਗਿਣਤੀ ਚ ਵਾਧਾ
ਪੰਜਾਬ ਚ ਸੜਕ ਹਾਦਸਿਆਂ ਨਾਲ ਮੌਤਾਂ ਦੀ ਗਿਣਤੀ ਚ ਵੀ ਵਾਧਾ ਹੋਇਆ ਹੈ। ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਰਾਜ ਸਭਾ ਚ ਪੇਸ਼ ਕੀਤੀ ਗਈ ਤਾਜ਼ਾ ਰਿਪੋਰਟ ਦੇ ਮੁਤਾਬਕ ਹਰ ਦੋ ਘੰਟੇ ਚ ਇੱਕ ਵਿਅਕਤੀ ਸੜਕ ਹਾਦਸੇ ਚ ਆਪਣੀ ਜਾਨ ਗਵਾ ਰਿਹਾ ਹੈ। ਤੇਜ਼ ਰਫ਼ਤਾਰ ਦੀ ਲਾਪਰਵਾਹੀ ਰੋਜ਼ਾਨਾ ਔਸਤਨ ਅੱਠ ਲੋਕਾਂ ਦੀ ਮੌਤ ਦੀ ਵਜ੍ਹਾ ਬਣ ਰਹੀ ਹੈ। ਇਹ ਅੰਕੜੇ ਚਿੰਤਾਜਨਕ ਹਨ।
ਪਿਛਲੇ ਪੰਜ ਸਾਲਾਂ ਚ ਸੜਕ ਹਾਦਸਿਆਂ ਚ ਮੌਤਾਂ ਦੀ ਦਰ 22 ਫ਼ੀਸਦੀ ਵਧੀ ਹੈ। ਸਾਲ 2020 ਚ ਜਿੱਥੇ 3,898 ਲੋਕਾਂ ਦੀ ਮੌਤ ਦਰਜ ਹੋਈ ਸੀ। ਉੱਥੇ ਹੀ, 2024 ਚ ਇਹ ਗਿਣਤੀ ਵੱਦ ਕੇ 4,759 ਤੱਕ ਪਹੁੰਚ ਗਈ ਹੈ। ਹਾਦਸੇ ਦੇ ਅੰਕੜੇ ਲਗਾਤਾਰ ਉੱਪਰ ਜਾ ਰਹੇ ਹਨ। 2020 ਚ 5,203 ਦੇ ਮੁਕਾਬਲੇ 2024 ਚ 6,063 ਸੜਕ ਹਾਦਸੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ
ਮਾਹਿਰਾਂ ਦਾ ਮੰਨਣਾ ਹੈ ਕਿ ਵਾਹਨ ਚਾਲਕਾਂ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਅਣਦੇਖੀ, ਤੇਜ਼ ਰਫ਼ਤਾਰ, ਓਵਰਲੋਡਿੰਗ ਤੇ ਕਮਰਸ਼ੀਅਲ ਵਾਹਨਾਂ ਦੀ ਨਿਗਰਾਨੀ ਕਮਜ਼ੋਰ ਹੋਣਾ, ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨ ਹਨ। ਰਿਪੋਰਟ ਚ ਦੱਸਿਆ ਗਿਆ ਹੈ ਕਿ ਓਵਰਲੋਡਿੰਗ ਦੇ ਚੱਲਦੇ ਪੰਜ ਸਾਲਾਂ ਚ 2,725 ਲੋਕਾਂ ਦੀ ਜਾਨ ਗਈ ਹੈ।
ਪੰਜਾਬ ਸਰਕਾਰ ਨੇ ਬਣਾਈ ਸੜਕ ਸੁਰੱਖਿਆ ਫੋਰਸ
ਹਾਲਾਂਕਿ, ਇਸ ਸਭ ਦੇ ਵਿਚਕਾਰ ਪੰਜਾਬ ਸਰਕਾਰ ਸੜਕ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੀ ਹੈ। ਸਰਕਾਰ ਦੀ ਪਹਿਲਕਦਮੀ ਵਜੋਂ ਸੜਕ ਸੁਰੱਖਿਆ ਫੋਰਸ (ਐਸਐਸਐਫ) ਬਣਾਈ ਹਈ। ਜਾਣਕਾਰੀ ਮੁਤਾਬਕ, ਇਹ ਫੋਰਸ 35,000 ਤੋਂ ਵੱਧ ਲੋਕਾਂ ਦੀ ਜਾਨ ਬਚਾ ਚੁੱਕੀ ਹੈ। ਪੰਜਾਬ ਦੀਆਂ 4,100 ਕਿਲੋਮੀਟਰ ਸੜਕਾਂ ਤੇ ਹਰ 30 ਕਿਲੋਮੀਟਰ ਤੇ ਐਸਐਸਐਫ ਦੀਆਂ ਹਾਈਟੈਕ ਟੀਮਾਂ ਤਾਇਨਾਲ ਹਨ, ਜੋ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ਤੇ ਪਹੁੰਚ ਜਾਂਦੀਆਂ ਹਨ ਤੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਦੀਆਂ ਹਨ।
