Punjab Budget: ਮਾਨ ਸਰਕਾਰ ਟੂਰਿਜ਼ਮ ‘ਤੇ ਖਰਚੇਗੀ 166 ਕਰੋੜ, ਸ੍ਰੀ ਅਨੰਦਪੁਰ ਸਾਹਿਬ ‘ਚ ਖੋਲ੍ਹੇਗਾ ਦਸਤਾਰ ਅਜਾਇਬ ਘਰ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੰਗਲਵਾਰ ਨੂੰ ਬਜਟ ਪੇਸ਼ ਕੀਤਾ। ਇਸ ਵਿੱਚ ਸਰਕਾਰ ਨੇ ਟੂਰਿਜ਼ਮ ਉੱਤੇ ਵੀ ਧਿਆਨ ਦਿੱਤਾ ਹੈ। ਸਰਕਾਰ ਨੇ ਟੂਰਿਜ਼ਮ 'ਤੇ 166 ਕਰੋੜ ਰੁਪਏ ਖਰਚਣ ਦਾ ਪ੍ਰਬੰਧ ਕੀਤਾ ਹੈ। 25 ਕਰੋੜ ਰੁਪਏ ਦੀ ਲਾਗਤ ਨਾਲ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਤਾਰ ਅਜਾਇਬ ਘਰ ਬਣਾਉਣ ਦੀ ਵੀ ਤਜਵੀਜ਼ ਹੈ।

ਪੰਜਾਬ ਨੂੰ ਟੂਰਿਜ਼ਮ ਕੇਂਦਰ ਵਜੋਂ ਪ੍ਰਫੁੱਲਤ ਕਰਨ ਲਈ ਚਾਲੂ ਮਾਲੀ ਸਾਲ ਦੌਰਾਨ 166 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਇਸ ਵਿੱਚ ਵੱਖ-ਵੱਖ ਸਮਾਰਕਾਂ ਦੇ ਨਿਰਮਾਣ, ਰੱਖ-ਰਖਾਅ ਅਤੇ ਸੰਭਾਲ ਲਈ 30 ਕਰੋੜ ਰੁਪਏ ਦਾ ਵਿਸ਼ੇਸ਼ ਖਰਚਾ ਅਤੇ ਪੰਜਾਬ ਵਿੱਚ ਬਜਟ ਦੀ ਬ੍ਰਾਂਡਿੰਗ ਲਈ 30 ਕਰੋੜ ਰੁਪਏ ਦਾ ਵਿਸ਼ੇਸ਼ ਖਰਚ ਸ਼ਾਮਲ ਹੈ।
ਸ੍ਰੀ ਚਮਕੌਰ ਸਾਹਿਬ ਵਿੱਚ ਪ੍ਰਸ਼ਾਦ ਯੋਜਨਾ ਤਹਿਤ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਐਂਗਲੋ-ਸਿੱਖ ਵਾਰ ਸਰਕਟ ਵਿਕਸਤ ਕਰਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ, ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਭਾਰਤੀ ਸੱਭਿਆਚਾਰ ਵਿੱਚ ਦਸਤਾਰ ਦੀ ਮਹੱਤਤਾ ਨੂੰ ਦੇਖਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਵਿੱਚ ਦਸਤਾਰ ਅਜਾਇਬ ਘਰ ਬਣਾਉਣ ਦੀ ਤਜਵੀਜ਼ ਹੈ।
ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਜੰਗਲੀ ਜੀਵ ਖੇਤਰਾਂ/ਬੀੜਾਂ ਵਿੱਚ ਈਕੋ ਟੂਰਿਜ਼ਮ ਐਕਟੀਵਿਟੀਜ਼ ਨਾਂ ਦਾ ਇੱਕ ਪ੍ਰੋਜੈਕਟ 25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਆਉਣ ਵਾਲੇ ਤਿੰਨ ਸਾਲਾਂ ਵਿੱਚ ਲਾਗੂ ਕੀਤਾ ਜਾਵੇਗਾ।
ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਔਨਲਾਈਨ ਪੋਰਟਲ
ਐਨਆਰਆਈ ਕੇਸਾਂ ਲਈ ਆਪਣੀਆਂ ਸੁਸ਼ਾਸਨ ਪਹਿਲਕਦਮੀਆਂ ਦਾ ਵਿਸਤਾਰ ਕਰਦੇ ਹੋਏ, ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਈ-ਸਨਦ ਪੋਰਟਲ ਰਾਹੀਂ ਵਿਦੇਸ਼ੀ ਦੂਤਾਵਾਸਾਂ ਦੁਆਰਾ ਲੋੜੀਂਦੇ ਦਸਤਾਵੇਜ਼ਾਂ ਨੂੰ ਇਲੈਕਟ੍ਰਾਨਿਕ ਤੌਰ ‘ਤੇ ਕਾਊਂਟਰ-ਹਸਤਾਖਰ/ਤਸਦੀਕ ਕਰਨ ਦੇ ਯੋਗ ਬਣਾਉਣ ਲਈ ਕੰਮ ਸ਼ੁਰੂ ਕੀਤਾ ਹੈ।
ਇਸ ਤੋਂ ਇਲਾਵਾ, ਪ੍ਰਵਾਸੀ ਭਾਰਤੀਆਂ ਲਈ ਇੱਕ ਔਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ, ਜੋ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਦਰਜ ਕਰਨ ਅਤੇ ਸੁਝਾਅ ਦੇਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਸਰਕਾਰ ਨੇ ਪਿਛਲੇ ਸਾਲ ਮੋਹਾਲੀ, ਪਠਾਨਕੋਟ, ਫਿਰੋਜ਼ਪੁਰ ਅਤੇ ਸੰਗਰੂਰ ਵਿੱਚ ਚਾਰ ਐਨਆਰਆਈ ਮਿਲਣੀ ਪ੍ਰੋਗਰਾਮ ਕਰਵਾਏ ਹਨ। ਅਜਿਹੇ ਪ੍ਰੋਗਰਾਮ ਆਉਣ ਵਾਲੇ ਸਾਲ ਵਿੱਚ ਵੀ ਜਾਰੀ ਰੱਖੇ ਜਾਣਗੇ।