ਕੌਣ ਸਨ ਸ਼ਿਵਰਾਜ ਪਾਟਿਲ? ਚੰਡੀਗੜ੍ਹ ਤੇ ਪਾਣੀਆਂ ਦੇ ਮੁੱਦਿਆਂ ‘ਤੇ ਪੰਜਾਬ ਦੇ ਹੱਕ ‘ਚ ਚੁੱਕਦੇ ਸਨ ਆਵਾਜ਼

Updated On: 

12 Dec 2025 11:16 AM IST

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਚਾਕੁਰਕਰ ਦਾ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੰਬੀ ਬਿਮਾਰੀ ਤੋਂ ਬਾਅਦ ਆਪਣੇ ਨਿਵਾਸ ਸਥਾਨ 'ਤੇ ਆਖਰੀ ਸਾਹ ਲਿਆ। ਉਨ੍ਹਾਂ ਕੇਂਦਰ ਸਰਕਾਰ 'ਚ ਕਈ ਸੀਨੀਅਰ ਅਹੁਦਿਆਂ 'ਤੇ ਕੰਮ ਕੀਤਾ ਤੇ ਲਾਤੂਰ ਲੋਕ ਸਭਾ ਸੀਟ ਤੋਂ ਸੱਤ ਵਾਰ ਸੰਸਦ ਮੈਂਬਰ ਚੁਣੇ ਗਏ। ਉਹ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਰਹੇ। ਪਾਰਟੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਕੌਣ ਸਨ ਸ਼ਿਵਰਾਜ ਪਾਟਿਲ? ਚੰਡੀਗੜ੍ਹ ਤੇ ਪਾਣੀਆਂ ਦੇ ਮੁੱਦਿਆਂ ਤੇ ਪੰਜਾਬ ਦੇ ਹੱਕ ਚ ਚੁੱਕਦੇ ਸਨ ਆਵਾਜ਼

ਸ਼ਿਵਰਾਜ ਪਾਟਿਲ

Follow Us On

ਸ਼ਿਵਰਾਜ ਪਾਟਿਲ ਕਰੀਬ 91 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਨੇ ਸਵੇਰੇ 6:30 ਵਜੇ ਦੇ ਕਰੀਬ ਲਾਤੂਰ ਦੇ ਦੇਵਘਰ ਸਥਿਤ ਆਪਣੇ ਘਰ ਚ ਆਖਰੀ ਸਾਹ ਲਿਆ। ਬਿਮਾਰੀ ਕਾਰਨ ਉਨ੍ਹਾਂ ਦਾ ਘਰ ਚ ਹੀ ਇਲਾਜ ਚੱਲ ਰਿਹਾ ਸੀ। ਸ਼ਿਵਰਾਜ ਪਾਟਿਲ ਚਾਕੁਰਕਰਲੋਕ ਸਭਾ ਦੇ ਸਪੀਕਰ ਸਨ ਤੇ ਕਈ ਕੇਂਦਰੀ ਮੰਤਰੀ ਅਹੁਦੇ ਸੰਭਾਲੇ ਸਨ।

ਸ਼ਿਵਰਾਜ ਪਾਟਿਲ ਲਾਤੂਰ ਦੇ ਚਾਕੁਰ ਤੋਂ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਨੇਤਾ ਸਨ ਤੇ ਉਨ੍ਹਾਂ ਨੇ ਲਾਤੂਰ ਲੋਕ ਸਭਾ ਹਲਕੇ ਤੋਂ ਸੱਤ ਵਾਰ ਜਿੱਤ ਪ੍ਰਾਪਤ ਕੀਤੀ। 2004 ‘ਚ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ, ਉਨ੍ਹਾਂ ਨੇ ਰਾਜ ਸਭਾ ਤੋਂ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਿਆ ਤੇ ਕੇਂਦਰੀ ਜ਼ਿੰਮੇਵਾਰੀਆਂ ਨਿਭਾਈਆਂ। ਕਾਂਗਰਸ ਪਾਰਟੀ ਤੇ ਇਸ ਦੇ ਸਾਰੇ ਵਰਕਰਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।

ਪੰਜਾਬ ਦੇ ਹੱਕ ਦੀ ਕਰਦੇ ਸਨ ਗੱਲ

ਸ਼ਿਵਰਾਜ ਪਾਟਿਲ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਰਹੇ। ਆਪਣੇ ਇਸ ਕਾਰਜਕਾਲ ਦੌਰਾਨ, ਉਹ ਕਈ ਵਾਰ ਪੰਜਾਬ ਦੇ ਹੱਕ ਚ ਆਵਾਜ਼ ਚੁੱਕਦੇ ਦਿਖਾਈ ਦਿੱਤੇ। ਉਨ੍ਹਾਂ ਨੇ ਵਿਧਾਨ ਸਭਾ ਭਾਸ਼ਣ ਦੌਰਾਨ ਕਿਹਾ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਚ ਸ਼ਾਮਿਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪੰਜਾਬੀ ਭਾਸ਼ਾ ਵਾਲੇ ਖੇਤਰਾਂ ਨੂੰ ਪੰਜਾਬ ਚ ਸ਼ਾਮਲ ਕਰਨ ਵਾਲੀ ਮੰਗ ਕੇਂਦਰ ਨੂੰ ਮੰਨ ਲੈਣੀ ਚਾਹੀਦੀ ਹੈ।

ਉਨ੍ਹਾਂ ਨੇ ਪਾਣੀਆਂ ਦਾ ਮੁੱਦਾ ਵੀ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਪਾਣੀਆਂ ਦੀ ਵੰਡ ਨੂੰ ਲੈ ਕੇ ਸਾਫ਼ ਨੀਤੀਆਂ ਹਨ, ਜਿਸ ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਵੰਡ ਰਿਪੇਰੀਅਨ ਸਿਧਾਂਤ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਨੇ ਸੂਬਿਆਂ ਨੂੰ ਭਿਖਾਰੀ ਬਣਾ ਦਿੱਤਾ ਹੈ। ਆਪਣੇ ਸੰਬੋਧਨ ਚ ਪਾਟਿਲ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਸੂਬਿਆਂ ਦੀਆਂ ਜ਼ਰੂਰਤਾਂ ਨੂੰ ਸਮਝੇ ਬਿਨਾਂ ਯੋਜਨਾਵਾਂ ਤੇ ਨੀਤੀਆਂ ਬਣਾ ਰਹੀ ਹੈ, ਉਸ ਨਾਲ ਸੂਬੇ ਭਿਖਾਰੀ ਬਣ ਗਏ ਹਨ।

ਮੁੰਬਈ ਹਮਲਿਆਂ ਤੋਂ ਬਾਅਦ ਅਸਤੀਫਾ ਦਿੱਤਾ

2008 ਚ, ਮੁੰਬਈ ਚ ਇੱਕ ਅੱਤਵਾਦੀ ਹਮਲਾ ਹੋਇਆ ਸੀ। ਉਸ ਸਮੇਂ ਸ਼ਿਵਰਾਜ ਪਾਟਿਲ ਗ੍ਰਹਿ ਮੰਤਰੀ ਸਨ। ਉਨ੍ਹਾਂ ਨੂੰ ਸੁਰੱਖਿਆ ਖਾਮੀਆਂ ਲਈ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਪਾਟਿਲ ਨੇ ਹਮਲੇ ਨੂੰ ਰੋਕਣ ਚ ਆਪਣੀ ਅਸਫਲਤਾ ਨੂੰ ਵੀ ਸਵੀਕਾਰ ਕੀਤਾ।

ਇੰਦਰਾ ਅਤੇ ਰਾਜੀਵ ਦੇ ਨਜ਼ਦੀਕੀ

ਸ਼ਿਵਰਾਜ ਪਾਟਿਲ ਦਾ ਜਨਮ 12 ਅਕਤੂਬਰ, 1935 ਨੂੰ ਲਾਤੂਰ ਜ਼ਿਲ੍ਹੇ ਦੇ ਚਚ ਹੋਇਆ ਸੀ। ਉਨ੍ਹਾਂ ਨੇ 1967 ਤੋਂ 1969 ਤੱਕ ਲਾਤੂਰ ਨਗਰ ਨਿਗਮ ਚ ਕੰਮ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਇੰਦਰਾ ਗਾਂਧੀ ਦੀ ਸਰਕਾਰ ਚ ਸਗੋਂ ਰਾਜੀਵ ਗਾਂਧੀ ਦੀ ਸਰਕਾਰ ਚ ਵੀ ਮਹੱਤਵਪੂਰਨ ਵਿਭਾਗ ਸੰਭਾਲੇ। ਉਨ੍ਹਾਂ ਨੇ 1991 ਤੋਂ 1996 ਤੱਕ ਲੋਕ ਸਭਾ ਦੇ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਨੇ ਓਸਮਾਨੀਆ ਯੂਨੀਵਰਸਿਟੀ ਤੋਂ ਵਿਗਿਆਨ ਚ ਗ੍ਰੈਜੂਏਸ਼ਨ ਕੀਤੀ ਤੇ ਮੁੰਬਈ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।