ਲੁਧਿਆਣਾ ‘ਚ ਪ੍ਰਾਪਰਟੀ ਡੀਲਰ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ, ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਧਮਕੀ ਭਰੀਆਂ ਕਾਲਾਂ
ਲੁਧਿਆਣਾ ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਉਸ ਦੇ ਪਰਿਵਾਰ ਨੂੰ 3 ਕਰੋੜ ਰੁਪਏ ਦੀ ਫਿਰੌਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤਾ ਵਿਅਕਤੀ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਫ਼ੋਨ ਕਰਕੇ ਪ੍ਰਾਪਰਟੀ ਡੀਲਰ ਅਤੇ ਉਸ ਦੇ ਭਰਾ ਕੋਲੋਂ ਇਹ ਵੱਡੀ ਰਕਮ ਮੰਗ ਰਿਹਾ ਹੈ।
Ai Genrated Image
ਲੁਧਿਆਣਾ ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਉਸ ਦੇ ਪਰਿਵਾਰ ਨੂੰ 3 ਕਰੋੜ ਰੁਪਏ ਦੀ ਫਿਰੌਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤਾ ਵਿਅਕਤੀ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਫ਼ੋਨ ਕਰਕੇ ਪ੍ਰਾਪਰਟੀ ਡੀਲਰ ਅਤੇ ਉਸ ਦੇ ਭਰਾ ਕੋਲੋਂ ਇਹ ਵੱਡੀ ਰਕਮ ਮੰਗ ਰਿਹਾ ਹੈ। ਜਾਣਕਾਰੀ ਮੁਤਾਬਕ ਦੋਵਾਂ ਭਰਾਵਾਂ ਨੂੰ ਵੱਖ-ਵੱਖ ਸਮੇਂ ‘ਤੇ ਫ਼ੋਨ ਕਾਲਾਂ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ 12 ਨਵੰਬਰ ਨੂੰ ਵਟਸਐਪ (WhatsApp) ‘ਤੇ ਧਮਕੀ ਭਰੇ ਲਿਖਤੀ ਸੁਨੇਹੇ ਅਤੇ ਵਾਇਸ ਮੈਸੇਜ ਵੀ ਭੇਜੇ ਹਨ। ਹਾਲਾਂਕਿ, ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਖ਼ਾਸ ਗੈਂਗ ਦਾ ਨਾਮ ਸਾਹਮਣੇ ਨਹੀਂ ਆਇਆ ਹੈ ਅਤੇ ਪੁਲਿਸ ਵੱਲੋਂ ਤਕਨੀਕੀ ਆਧਾਰ ‘ਤੇ ਕਾਲ ਕਰਨ ਵਾਲੇ ਨੰਬਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਦੀਪਕ ਗੁਪਤਾ, ਵਾਸੀ ਨਿਊ ਸ਼ਿਵਾਜੀ ਨਗਰ, ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਮੋਬਾਈਲ ਫ਼ੋਨ ਅਤੇ ਉਸ ਦੇ ਭਰਾ ਸੰਦੀਪ ਗੁਪਤਾ ਦੇ ਮੋਬਾਈਲ ਫ਼ੋਨ ‘ਤੇ ਕੋਈ ਅਣਪਛਾਤਾ ਵਿਅਕਤੀ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਕਾਲਾਂ ਕਰ ਰਿਹਾ ਹੈ।
ਵਿਦੇਸ਼ੀ ਅਤੇ ਭਾਰਤੀ ਨੰਬਰਾਂ ਦੀ ਕੀਤੀ ਜਾ ਰਹੀ ਹੈ ਵਰਤੋਂ
ਪ੍ਰਾਪਤ ਵੇਰਵਿਆਂ ਮੁਤਾਬਕ ਮੁਲਜ਼ਮ ਵੱਲੋਂ ਧਮਕੀਆਂ ਦੇਣ ਲਈ ਭਾਰਤੀ ਅਤੇ ਵਿਦੇਸ਼ੀ ਦੋਵਾਂ ਤਰ੍ਹਾਂ ਦੇ ਮੋਬਾਈਲ ਨੰਬਰਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਕਾਲਾਂ ਰਾਹੀਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੁਲਜ਼ਮ ਨੇ ਵਟਸਐਪ ਜ਼ਰੀਏ ਧਮਕੀ ਭਰੇ ਮੈਸੇਜ ਅਤੇ ਵਾਇਸ ਰਿਕਾਰਡਿੰਗਜ਼ ਵੀ ਭੇਜੀਆਂ ਹਨ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ, ਜਿਸ ਦੇ ਆਧਾਰ ‘ਤੇ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308 (2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ
ਕਾਲ ਡਿਟੇਲ ਅਤੇ ਨੰਬਰਾਂ ਦੀ ਜਾਂਚ ਵਿੱਚ ਜੁਟੀ ਪੁਲਿਸ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ-3 ਦੇ ਐਸਐਚਓ (SHO) ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਉਨ੍ਹਾਂ ਸਾਰੇ ਨੰਬਰਾਂ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਫਿਰੌਤੀ ਦੀਆਂ ਕਾਲਾਂ ਅਤੇ ਮੈਸੇਜ ਆਏ ਹਨ, ਤਾਂ ਜੋ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਕੀਆਂ ਦੇਣ ਵਾਲਾ ਵਿਅਕਤੀ ਕਿਸੇ ਸੰਗਠਿਤ ਗੈਂਗ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ, ਜਿਸ ਬਾਰੇ ਜਾਂਚ ਜਾਰੀ ਹੈ।
