ਬਠਿੰਡਾ ਦਿਹਾਤੀ ਤੋਂ AAP ਨੇ ਵਿਧਾਇਕ ਅਮਿਤ ਰਤਨ ਦੀ ਕੱਟੀ ਟਿਕਟ, ਸਾਬਕਾ PCS ਅਧਿਕਾਰੀ ਗੋਪਾਲ ਕੋਟਫੱਤਾ ਨੂੰ ਮੈਦਾਨ ‘ਚ ਉਤਾਰਿਆ

Updated On: 

13 Nov 2026 12:14 PM IST

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਮੁੱਖ ਰੱਖਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ (AAP) ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਬਠਿੰਡਾ (ਦਿਹਾਤੀ) ਰਾਖਵੀਂ ਸੀਟ 'ਤੇ ਅਹਿਮ ਬਦਲਾਅ ਕੀਤਾ ਗਿਆ ਹੈ।

ਬਠਿੰਡਾ ਦਿਹਾਤੀ ਤੋਂ AAP ਨੇ ਵਿਧਾਇਕ ਅਮਿਤ ਰਤਨ ਦੀ ਕੱਟੀ ਟਿਕਟ, ਸਾਬਕਾ PCS ਅਧਿਕਾਰੀ ਗੋਪਾਲ ਕੋਟਫੱਤਾ ਨੂੰ ਮੈਦਾਨ ਚ ਉਤਾਰਿਆ

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਮੁੱਖ ਰੱਖਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ (AAP) ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਬਠਿੰਡਾ (ਦਿਹਾਤੀ) ਰਾਖਵੀਂ ਸੀਟ ‘ਤੇ ਅਹਿਮ ਬਦਲਾਅ ਕੀਤਾ ਗਿਆ ਹੈ। ਪਾਰਟੀ ਲੀਡਰਸ਼ਿਪ ਨੇ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਟਿਕਟ ਕੱਟ ਕੇ ਕਰੀਬ ਚਾਰ ਮਹੀਨੇ ਪਹਿਲਾਂ ਹਲਕਾ ਇੰਚਾਰਜ ਲਗਾਏ ਗਏ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਇਸ ਤੋਂ ਪਹਿਲਾਂ ਜੁਲਾਈ 2026 ਵਿੱਚ ਗੋਪਾਲ ਸਿੰਘ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇੰਚਾਰਜ ਵਜੋਂ ਜ਼ਿੰਮੇਵਾਰੀ ਸੰਭਾਲਣ ਮਗਰੋਂ ਉਨ੍ਹਾਂ ਨੇ ਹਲਕੇ ਵਿੱਚ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਸਨ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਾਰਟੀ ਦੇ ਇਸ ਫ਼ੈਸਲੇ ਨੂੰ ਮੌਜੂਦਾ ਵਿਧਾਇਕ ਦੀ ਥਾਂ ਇੱਕ ਨਵੇਂ ਚਿਹਰੇ ਨੂੰ ਮੌਕਾ ਦੇਣ ਵਜੋਂ ਵੇਖਿਆ ਜਾ ਰਿਹਾ ਹੈ।

ਦੂਜੇ ਪਾਸੇ, ਵਿਧਾਇਕ ਅਮਿਤ ਰਤਨ ਕੋਟਫੱਤਾ ਦਾ ਕਾਰਜਕਾਲ ਕਈ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਫਰਵਰੀ 2023 ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਚੋਣ ਹਲਫ਼ਨਾਮੇ ਵਿੱਚ ਵੀ ਇੱਕ ਹੋਰ ਅਪਰਾਧਿਕ ਮਾਮਲਾ ਦਰਜ ਹੋਣ ਦਾ ਵੇਰਵਾ ਮੌਜੂਦ ਹੈ।

ਬੇਲਦਾਰ ਤੋਂ SDM ਅਤੇ ਹੁਣ ਵਿਧਾਨ ਸਭਾ ਚੋਣਾਂ ਦੀ ਦੌੜ

ਗੋਪਾਲ ਸਿੰਘ ਕੋਟਫੱਤਾ ਦਾ ਜੀਵਨ ਸਫ਼ਰ ਸੰਘਰਸ਼ ਅਤੇ ਸਖ਼ਤ ਮਿਹਨਤ ਦੀ ਮਿਸਾਲ ਰਿਹਾ ਹੈ। ਘਰੇਲੂ ਆਰਥਿਕ ਤੰਗੀ ਕਾਰਨ ਇੱਕ ਸਮੇਂ ਉਨ੍ਹਾਂ ਨੂੰ ਛੇਵੀਂ ਜਮਾਤ ਵਿੱਚ ਹੀ ਆਪਣੀ ਪੜ੍ਹਾਈ ਵਿਚਾਲੇ ਛੱਡਣੀ ਪਈ ਸੀ। ਬਾਅਦ ਵਿੱਚ ਉਨ੍ਹਾਂ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ ਅਤੇ ਲੋਕ ਨਿਰਮਾਣ ਵਿਭਾਗ (PWD) ਵਿੱਚ ਦਿਹਾੜੀਦਾਰ ਬੇਲਦਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।

ਸਾਲ 1986 ਵਿੱਚ ਕਲਰਕ ਦੀ ਨੌਕਰੀ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਐਮ.ਏ. (ਪੰਜਾਬੀ), ਐਮ.ਏ. (ਰਾਜਨੀਤੀ ਸ਼ਾਸਤਰ) ਅਤੇ ਐਮ.ਬੀ.ਏ. (MBA) ਦੀਆਂ ਡਿਗਰੀਆਂ ਹਾਸਲ ਕੀਤੀਆਂ। ਆਪਣੀ ਮਿਹਨਤ ਸਦਕਾ ਸਾਲ 2016 ਵਿੱਚ ਉਨ੍ਹਾਂ ਨੇ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੀ ਪੀਸੀਐਸ (ਐਗਜ਼ੀਕਿਊਟਿਵ) ਪ੍ਰੀਖਿਆ ਵਿੱਚ ਰਜਿਸਟਰ ਏ-2 ਸ਼੍ਰੇਣੀ ਅਧੀਨ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।

ਪੀਸੀਐਸ ਅਧਿਕਾਰੀ ਵਜੋਂ ਉਨ੍ਹਾਂ ਨੇ ਮਲੋਟ ਅਤੇ ਬਰਨਾਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਐਸਡੀਐਮ (SDM) ਅਤੇ ਏਡੀਸੀ (ADC) ਸੇਵਾਵਾਂ ਨਿਭਾਈਆਂ ਅਤੇ ਸਾਲ 2024 ਵਿੱਚ ਬਰਨਾਲਾ ਤੋਂ ਸੇਵਾਮੁਕਤ ਹੋਏ। ਸੇਵਾਮੁਕਤੀ ਉਪਰੰਤ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਹਿਤ ਅਤੇ ਕਿਤਾਬਾਂ ਨਾਲ ਜੋੜਨ ਦੀ ਮੁਹਿੰਮ ਚਲਾ ਰਹੇ ਹਨ।

ਸਿਆਸੀ ਵਿਸ਼ਲੇਸ਼ਣ: ਅਕਸ ਬਚਾਉਣ ਦੀ ਰਣਨੀਤੀ

ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਬਠਿੰਡਾ ਦਿਹਾਤੀ ਸੀਟ ਤੋਂ ਉਮੀਦਵਾਰ ਬਦਲਣਾ ਆਮ ਆਦਮੀ ਪਾਰਟੀ ਦੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਪਾਰਟੀ ਚੋਣਾਂ ਤੋਂ ਪਹਿਲਾਂ ਸੱਤਾ ਵਿਰੋਧੀ ਲਹਿਰ (ਐਂਟੀ-ਇਨਕੰਬੈਂਸੀ) ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਪ੍ਰਭਾਵ ਨੂੰ ਘਟਾਉਣਾ ਚਾਹੁੰਦੀ ਹੈ। ਅਮਿਤ ਰਤਨ ‘ਤੇ ਲੱਗੇ ਦੋਸ਼ਾਂ ਕਾਰਨ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਜਿਹੇ ਹਾਲਾਤ ਵਿੱਚ ਪਾਰਟੀ ਵੱਲੋਂ ਇੱਕ ਅਜਿਹੇ ਉਮੀਦਵਾਰ ਦੀ ਚੋਣ ਕੀਤੀ ਗਈ, ਜੋ ਮਿਹਨਤਕਸ਼ ਪਰਿਵਾਰ ਨਾਲ ਸਬੰਧ ਰੱਖਦਾ ਹੋਵੇ ਅਤੇ ਜਿਸ ਦੀ ਸਾਫ਼-ਸੁਥਰੀ ਛਵੀ ਤੇ ਪ੍ਰਸ਼ਾਸਨਿਕ ਤਜਰਬਾ ਹੋਵੇ।

ਜੁਲਾਈ ਵਿੱਚ ਮਿਲੇ ਸਨ ਸੰਕੇਤ, ਗੋਪਾਲ ਸਿੰਘ ਨੇ ਸੰਭਾਲ ਲਿਆ ਸੀ ਮੋਰਚਾ

ਪਾਰਟੀ ਹਾਈਕਮਾਨ ਨੇ ਅਮਿਤ ਰਤਨ ਦੀ ਥਾਂ ਬਦਲ ਕਰਨ ਦੇ ਸੰਕੇਤ ਕਰੀਬ ਚਾਰ ਮਹੀਨੇ ਪਹਿਲਾਂ ਯਾਨੀ ਜੁਲਾਈ 2026 ਵਿੱਚ ਹੀ ਦੇ ਦਿੱਤੇ ਸਨ, ਜਦੋਂ ਸੇਵਾਮੁਕਤ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇੰਚਾਰਜ ਬਣਦਿਆਂ ਹੀ ਗੋਪਾਲ ਸਿੰਘ ਨੇ ਇਲਾਕੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਵਧਾ ਲਿਆ ਸੀ।

ਟਿਕਟ ਕੱਟੇ ਜਾਣ ਪਿੱਛੇ ਰਹੇ ਮੁੱਖ ਕਾਰਨ

ਸਿਆਸੀ ਹਲਕਿਆਂ ਮੁਤਾਬਕ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਨਾਲ ਜੁੜੇ ਵਿਵਾਦ ਅਤੇ ਦਰਜ ਮਾਮਲੇ ਉਨ੍ਹਾਂ ਦੀ ਟਿਕਟ ਕੱਟੇ ਜਾਣ ਦਾ ਮੁੱਖ ਆਧਾਰ ਬਣੇ ਹਨ

2023 ਦਾ ਰਿਸ਼ਵਤ ਮਾਮਲਾ: 16 ਫਰਵਰੀ 2023 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦੇ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਪ੍ਰਿਤਪਾਲ ਕੁਮਾਰ ਦੀ ਸ਼ਿਕਾਇਤ ‘ਤੇ ਅਮਿਤ ਰਤਨ ਦੇ ਕਰੀਬੀ ਰਸ਼ਿਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪੰਚਾਇਤੀ ਫੰਡ ਜਾਰੀ ਕਰਨ ਬਦਲੇ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ 23 ਫਰਵਰੀ 2023 ਨੂੰ ਵਿਜੀਲੈਂਸ ਨੇ ਵਿਧਾਇਕ ਅਮਿਤ ਰਤਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਰਿਪੋਰਟਾਂ ਮੁਤਾਬਕ ਫੋਰੈਂਸਿਕ ਜਾਂਚ ਵਿੱਚ ਰਿਸ਼ਵਤ ਮੰਗਣ ਵਾਲੀ ਆਡੀਓ ਰਿਕਾਰਡਿੰਗ ਨਾਲ ਵਿਧਾਇਕ ਦੀ ਆਵਾਜ਼ ਦੇ ਨਮੂਨੇ ਮੇਲ ਖਾ ਗਏ ਸਨ। ਕਰੀਬ ਤਿੰਨ ਮਹੀਨੇ ਜੇਲ੍ਹ ਵਿੱਚ ਰਹਿਣ ਮਗਰੋਂ ਮਈ 2023 ਵਿੱਚ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ।

ਅਕਤੂਬਰ 2025 ਵਿੱਚ ਹਰਿਆਣਾ ਵਿਖੇ ਦਰਜ ਹੋਈ FIR: ਪਿਛਲੇ ਸਾਲ ਅਕਤੂਬਰ 2025 ਵਿੱਚ ਹਰਿਆਣਾ ਵਿੱਚ ਵਾਪਰੇ ਇੱਕ ਚਰਚਿਤ ਮਾਮਲੇ ਵਿੱਚ ਵੀ ਅਮਿਤ ਰਤਨ ਦਾ ਨਾਮ ਸਾਹਮਣੇ ਆਇਆ ਸੀ। ਹਰਿਆਣਾ ਕੇਡਰ ਦੇ ਮਰਹੂਮ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖ਼ੁਦਕੁਸ਼ੀ ਤੋਂ ਬਾਅਦ ਰੋਹਤਕ ਦੇ ਏਐਸਆਈ ਸੰਦੀਪ ਲਾਠਰ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਏਐਸਆਈ ਦੀ ਆਖ਼ਰੀ ਵੀਡੀਓ ਅਤੇ ਸੁਸਾਈਡ ਨੋਟ ਦੇ ਆਧਾਰ ‘ਤੇ ਰੋਹਤਕ ਪੁਲਿਸ ਨੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ। ਇਸ ਐਫਆਈਆਰ ਵਿੱਚ ਆਈਪੀਐਸ ਅਧਿਕਾਰੀ ਦੀ ਪਤਨੀ ਤੇ ਆਈਏਐਸ ਅਫ਼ਸਰ ਅਮਨੀਤ ਪੀ. ਕੁਮਾਰ ਦੇ ਨਾਲ-ਨਾਲ ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

ਪੁਰਾਣੇ ਮਾਮਲੇ ਅਤੇ ਠੱਗੀ ਦੇ ਦੋਸ਼: ਸਾਲ 2022 ਦੇ ਚੋਣ ਹਲਫ਼ਨਾਮੇ ਅਨੁਸਾਰ ਅਮਿਤ ਰਤਨ ਖ਼ਿਲਾਫ਼ 8 ਦਸੰਬਰ 2017 ਨੂੰ ਥਾਣਾ ਕੋਟਫੱਤਾ ਵਿਖੇ ਰਸਤਾ ਰੋਕਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ (ਧਾਰਾ 341, 431, 283) ਤਹਿਤ ਕੇਸ ਦਰਜ ਹੋਇਆ ਸੀ। ਇਸ ਤੋਂ ਇਲਾਵਾ ਜੂਨ 2020 ਵਿੱਚ ਕਈ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ‘ਤੇ ਨੌਕਰੀਆਂ ਤੇ ਹੋਰ ਕੰਮਾਂ ਦੇ ਨਾਮ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਸਨ, ਜਿਸ ਮਗਰੋਂ ਉਨ੍ਹਾਂ ਨੂੰ ਤਤਕਾਲੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਅਮਿਤ ਰਤਨ ਦਾ ਸਿਆਸੀ ਸਫ਼ਰ

ਅਮਿਤ ਰਤਨ ਕੋਟਫੱਤਾ ਨੇ ਆਪਣੀ ਸਰਗਰਮ ਚੋਣ ਸਿਆਸਤ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ (SAD) ਤੋਂ ਕੀਤੀ ਸੀ। ਉਨ੍ਹਾਂ ਨੇ ਪਹਿਲੀ ਵਿਧਾਨ ਸਭਾ ਚੋਣ ਸਾਲ 2017 ਵਿੱਚ ਅਕਾਲੀ ਦਲ ਦੀ ਟਿਕਟ ‘ਤੇ ਬਠਿੰਡਾ (ਦਿਹਾਤੀ) ਸੀਟ ਤੋਂ ਲੜੀ ਸੀ, ਜਿਸ ਵਿੱਚ ਉਨ੍ਹਾਂ ਨੂੰ ‘ਆਪ’ ਉਮੀਦਵਾਰ ਰੁਪਿੰਦਰ ਕੌਰ ਰੂਬੀ ਹੱਥੋਂ 10,778 ਵੋਟਾਂ ਦੇ ਫ਼ਰਕ ਨਾਲ ਹਾਰ ਮਿਲੀ ਸੀ।

ਜੂਨ 2020 ਵਿੱਚ ਲੱਗੇ ਦੋਸ਼ਾਂ ਅਤੇ ਵਿਵਾਦਾਂ ਕਾਰਨ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਨਵਰੀ 2022 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 2022 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਬਠਿੰਡਾ ਦਿਹਾਤੀ ਸੀਟ ਤੋਂ ਚੋਣ ਲੜੀ ਅਤੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ ਨੂੰ 35,479 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ।

ਬਠਿੰਡਾ ਜ਼ਿਲ੍ਹੇ ਦੀਆਂ 4 ਸੀਟਾਂ ‘ਤੇ ਅਜੇ ਵੀ ਸਸਪੈਂਸ ਬਰਕਰਾਰ

ਬਠਿੰਡਾ ਜ਼ਿਲ੍ਹੇ ਦੀਆਂ ਕੁੱਲ 6 ਵਿਧਾਨ ਸਭਾ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਹੁਣ ਤੱਕ ਸਿਰਫ਼ ਦੋ ਸੀਟਾਂ ‘ਤੇ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਹਿਲੀ ਸੂਚੀ ਵਿੱਚ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਸੀ, ਜਦਕਿ ਦੂਜੀ ਸੂਚੀ ਵਿੱਚ ਬਠਿੰਡਾ ਦਿਹਾਤੀ ਤੋਂ ਗੋਪਾਲ ਸਿੰਘ ਕੋਟਫੱਤਾ ਦਾ ਨਾਮ ਐਲਾਨਿਆ ਗਿਆ ਹੈ।

ਜ਼ਿਲ੍ਹੇ ਦੀਆਂ ਬਾਕੀ ਚਾਰ ਪ੍ਰਮੁੱਖ ਸੀਟਾਂ—ਬਠਿੰਡਾ ਸ਼ਹਿਰੀ, ਰਾਮਪੁਰਾ ਫੂਲ, ਭੁੱਚੋ ਮੰਡੀ ਅਤੇ ਮੌੜ ਮੰਡੀ ‘ਤੇ ਅਜੇ ਵੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ। ਖ਼ਾਸ ਤੌਰ ‘ਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀर ਸਿੰਘ ਬਾਰੇ ਸਿਆਸੀ ਗਲਿਆਰਿਆਂ ਵਿੱਚ ਵੱਖ-ਵੱਖ ਕਿਆਸ ਲਗਾਏ ਜਾ ਰਹੇ ਹਨ, ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਉਤਸੁਕਤਾ ਬਣੀ ਹੋਈ ਹੈ।

Loading...
Unable to load recommendations.
Follow Us