ਅਜਨਾਲਾ ‘ਚ ਪੁਲਿਸ ਐਨਕਾਊਂਟਰ, ASI ਸੁਖਚੈਨ ਸਿੰਘ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਮੁਲਜ਼ਮ ਗੁਰੀ ਜ਼ਖ਼ਮੀ

Updated On: 

12 Oct 2026 16:02 PM IST

ਪੁਲਿਸ ਨੇ ਇਸ ਮਾਮਲੇ 'ਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ। ਅੱਜ ਪੁਲਿਸ ਮੁਲਜ਼ਮ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ਤੇ ਇੱਕ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਹਣ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਅਜਨਾਲਾ ਚ ਪੁਲਿਸ ਐਨਕਾਊਂਟਰ, ASI ਸੁਖਚੈਨ ਸਿੰਘ ਤੇ ਗੋਲੀ ਚਲਾਉਣ ਦੇ ਮਾਮਲੇ ਚ ਮੁਲਜ਼ਮ ਗੁਰੀ ਜ਼ਖ਼ਮੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ GRP ਦੇ ਏਐੱਸਆਈ ਸੁਖਚੈਨ ਸਿੰਘ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਬਲਾਇੰਡ ਕੇਸ ‘ਚ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੀ ਸੀ ਪੂਰਾ ਮਾਮਲਾ?

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 4 ਅਕਤੂਬਰ ਦੀ ਸ਼ਾਮ ਕਰੀਬ 7:15 ਵਜੇ ਜਗਦੇਵ ਕਲਾਂ ਨੇੜੇ ਜੀਆਰਪੀ ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਇੱਕ ਗੋਲੀ ਉਨ੍ਹਾਂ ਦੇ ਬਾਂਹ ‘ਚ ਲੱਗੀ ਸੀ।

ਘਟਨਾ ਤੋਂ ਬਾਅਦ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਰਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕੀਤੀ ਗਈ। ਇਲਾਕਾ ਸੁੰਨਸਾਨ ਹੋਣ ਤੇ ਲੋੜੀਂਦੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਇਹ ਮਾਮਲਾ ਕਾਫ਼ੀ ਚੁਣੌਤੀਪੂਰਨ ਸੀ। ਹਾਲਾਂਕਿ, ਪੁਲਿਸ ਨੇ ਤਕਨੀਕੀ ਤੇ ਪੇਸ਼ੇਵਰ ਜਾਂਚ ਦੀ ਮਦਦ ਨਾਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਪਾਕਿਸਤਾਨ ਦੀ ISI ਤੇ ਵਿਦੇਸ਼ਾਂ ਚ ਬੈਠੇ ਹੈਂਡਲਰਾਂ ਦਾ ਹੱਥ ਹੋਣ ਦਾ ਦਾਅਵਾ

ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਮਲਾਵਰ ਮਾਡਿਊਲ ਪਾਕਿਸਤਾਨ ਆਧਾਰਿਤ ਆਈਐੱਸਆਈ ਅਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ, ਬਲਜੀਤ ਸਿੰਘ ਤੇ ਮੁੱਖ ਸ਼ੂਟਰ ਬਲਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਸਿਮਰਨਜੀਤ ਸਿੰਘ ਵਾਰਦਾਤ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਬਲਜੀਤ ਗੁਰੀ ਮੁੱਖ ਸ਼ੂਟਰ ਸੀ।

ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਬਲਜੀਤ ਗੁਰੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ ਤੇ ਉਸ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ‘ਚ ਮਾਰਚ ਮਹੀਨੇ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਵੀ ਸ਼ਾਮਲ ਦੱਸਿਆ ਗਿਆ ਹੈ। ਪੁਲਿਸ ਦੇ ਦਾਅਵੇ ਅਨੁਸਾਰ, ਮੁਲਜ਼ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ।

ਵਾਰਦਾਤ ਵਾਲੀ ਥਾਂ ਤੇ ਹੱਥੋਪਾਈ ਦੌਰਾਨ ਚੱਲੀਆਂ ਗੋਲੀਆਂ

ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰਨ ਤੇ ਮੁਲਜ਼ਮਾਂ ਦੇ ਫ਼ਰਾਰ ਹੋਣ ਵਾਲੇ ਰਸਤੇ ਦੀ ਪੁਸ਼ਟੀ ਕਰਨ ਲਈ ਅਜਨਾਲਾ ਪੁਲਿਸ ਦੀ ਟੀਮ ਮੁੱਖ ਸ਼ੂਟਰ ਬਲਜੀਤ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਗਈ ਸੀ। ਪੁਲਿਸ ਮੁਤਾਬਕ, ਜਦੋਂ ਟੀਮ ਗੱਡੀ’ਚੋਂ ਉਤਰ ਰਹੀ ਸੀ ਤਾਂ ਬਲਜੀਤ ਗੁਰੀ ਨੇ ਇੱਕ ਸਬ-ਇੰਸਪੈਕਟਰ ਦਾ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਤੇ ਮੁਲਜ਼ਮ ਵਿਚਾਲੇ ਹੱਥੋਪਾਈ ਹੋਈ, ਜਿਸ ਦੌਰਾਨ ਦੋ ਗੋਲੀਆਂ ਚੱਲੀਆਂ।

ਪੁਲਿਸ ਦੇ ਦੱਸਣ ਮੁਤਾਬਕ, ਪਹਿਲੀ ਗੋਲੀ ਪੁਲਿਸ ਦੀ ਗੱਡੀ ਦੀ ਛੱਤ ਨੂੰ ਚੀਰਦੀ ਹੋਈ ਲੰਘ ਗਈ, ਜਦਕਿ ਦੂਜੀ ਗੋਲੀ ਬਲਜੀਤ ਗੁਰੀ ਦੀ ਲੱਤ ‘ਚ ਲੱਗੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਤੇ ਇਲਾਜ ਲਈ ਅਜਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਪੁਲਿਸ ਅਧਿਕਾਰੀਆਂ ਦੀ ਕੀਤੀ ਸ਼ਲਾਘਾ

ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ, ਡੀਐੱਸਪੀ ਅਜਨਾਲਾ ਧਰਮਿੰਦਰ ਕਲਿਆਣ, ਸੀਆਈਏ ਇੰਚਾਰਜ ਤੇ ਅਜਨਾਲਾ ਦੇ ਐੱਸਐੱਚਓ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਸਮਾਜ ‘ਚ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Loading...
Unable to load recommendations.
Follow Us