Cancer ਦੇ ਇਲਾਜ ਲਈ ਹਸਪਤਾਲ ਪਹੁੰਚੀ ਡਾ. ਨਵਜੋਤ ਕੌਰ ਸਿੱਧੂ ਨੇ ਮੌਜੂਦਾ ਅਤੇ ਸਾਬਕਾ ਸਰਕਾਰਾਂ ਤੇ ਬੋਲੇ ਹਮਲੇ
Dr. Navjot Kaur Sidhu ਨੂੰ ਸਟੇਜ-2 ਦਾ ਕੈਂਸਰ ਡਾਇਗਨੋਜ਼ ਹੋਇਆ ਹੈ, ਜਿਸ ਦੇ ਇਲਾਜ ਲਈ ਹੀ ਡੇਰਾਬੱਸੀ ਦੇ ਇੱਤ ਨਿੱਜੀ ਹਸਪਤਾਲ ਪਹੁੰਚੇ ਸਨ।
ਪਟਿਆਲਾ ਨਿਊਜ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਆਪਣੇ ਪਤੀ ਦੀ ਸਜਾ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰਾਂ ਤੇ ਰੱਜ ਕੇ ਜੁਬਾਨੀ ਹਮਲੇ ਬੋਲੇ। ਡਾ. ਨਵਜੋਤ ਕੌਰ ਸਿੱਧੂ ਆਪਣੀ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਡੇਰਾਬੱਸੀ ਦੇ ਇੱਕ ਨਿੱਜੀ ਹਸਪਤਾਲ ਪਹੁੰਚੇ ਸਨ।
ਬਿਨਾਂ ਜੁਰਮ ਦੇ ਸਜਾ ਭੁਗਤ ਰਹੇ ਸਿੱਧੂ – ਡਾ. ਸਿੱਧੂ
ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਉਸ ਅਪਰਾਧ ਵਿਚ ਅੰਦਰ ਹਨ, ਜੋ ਉਨ੍ਹਾਂ ਨੇ ਕਦੇ ਕੀਤਾ ਹੀ ਨਹੀਂ। ਉਨ੍ਹਾਂ ਕਿਹਾ ਕਿ ਹਮੇਸ਼ਾ ਲੋਕਾਂ ਦੀ ਸੇਵਾ ਅਤੇ ਮਦਦ ਕਰਨ ਲਈ ਤਿਆਰ ਰਹਿਣ ਵਾਲੇ ਉਨ੍ਹਾਂ ਦੇ ਪਤੀ ਨੂੰ ਮੌਜੂਦਾ ਅਤੇ ਸਾਬਕਾ ਸਰਕਾਰਾਂ ਨੇ ਸਾਜ਼ਿਸ਼ ਤਹਿਤ ਜੇਲ੍ਹ ਭੇਜਿਆ ਹੈ। ਡਾ. ਸਿੱਧੂ ਨੇ ਇਲਜਾਮ ਲਾਇਆ ਕਿ ਬਾਦਲ ਪਿਓ-ਪੁੱਤਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਰੀ ਸਾਜ਼ਿਸ਼ ਘੜ੍ਹੀ ਗਈ ਸੀ।
ਡਾ. ਸਿੱਧੂ ਨੇ ਟਵੀਟ ਕਰਕੇ ਬਿਆਨ ਕੀਤਾ ਸੀ ਦਰਦ
ਇਸ ਤੋਂ ਪਹਿਲਾ ਬੁੱਧਵਾਰ ਨੂੰ ਇੱਕ ਤੋਂ ਬਾਅਦ ਇੱਕ ਦੋ ਟਵੀਟ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਆਪਣਾ ਦਰਦ ਬਿਆਨ ਕੀਤਾ ਸੀ ਜਿੱਥੇ ਉਨ੍ਹਾਂ ਨੇ ਖੁਦ ਨੂੰ ਕੈਂਸਰ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਸੀ ਤਾਂ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਭਾਵੁਕ ਮੈਸੇਜ ਵੀ ਲਿਖਿਆ ਸੀ।
He is in the prison for a crime he has not committed.Forgive all those involved.Waiting for you each day outside probably suffering more than you. As usual trying to take your pain away,asked for sharing it. Happened to see a small growth, knew it was bad.1/2
— DR NAVJOT SIDHU (@DrDrnavjotsidhu) March 22, 2023
ਇਹ ਵੀ ਪੜ੍ਹੋ
ਡਾ. ਨਵਜੋਤ ਕੌਰ ਸਿੱਧੂ ਨੇ ਪਹਿਲੇ ਟਵੀਟ ਵਿੱਚ ਲਿਖਿਆ ਸੀ, “ਉਹ ਉਸ ਜੁਰਮ ਲਈ ਸਜਾ ਕੱਟ ਰਹੇ ਹਨ, ਜੋ ਉਨ੍ਹਾਂ ਨੇ ਕਦੇ ਕੀਤਾ ਹੀ ਨਹੀਂ। ਇਸ ਸਾਜਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫੀ। ਹਰ ਦਿਨ ਤੁਹਾਡੇ ਬਾਹਰ ਆਉਣ ਦਾ ਇੰਤਜਾਰ ਕਰਨਾ ਬਹੁਤ ਦਰਦ ਭਰਿਆ ਹੈ। ਤੁਹਾਡੇ ਤੋਂ ਵੀ ਜਿਆਦਾ ਦਰਦ ਵਿੱਚ ਹਾਂ। ਇਸਨੂੰ ਸ਼ੇਅਰ ਕਰਕੇ ਹਮੇਸ਼ਾ ਵਾਂਗ ਤੁਹਾਡਾ ਦਰਦ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।”
2/2 Waited for You, seeing you were denied justice again and again.Truth is so powerful but it takes your tests time and again. KALYUG.Sorry cant wait for you because its stage 2 invasive cancer. Going under the knife today. No one is to be blamed because its GODS plan:PERFECT
— DR NAVJOT SIDHU (@DrDrnavjotsidhu) March 22, 2023
ਡਾ. ਸਿੱਧੂ ਨੇ ਦੂਜੇ ਟਵੀਟ ਵਿੱਚ ਲਿਖਿਆ, ਤੁਹਾਡਾ ਇੰਤਜ਼ਾਰ ਕੀਤਾ, ਵੇਖ ਰਹੀ ਹਾਂ ਕਿ ਤੁਹਾਡੇ ਨਾਲ ਇੱਕ ਵਾਰ ਨਹੀਂ ਕਈ ਵਾਰ ਬੇਇਨਸਾਫ਼ੀ ਹੋਈ ਹੈ। ਹਰ ਵਾਰ ਤੁਹਾਨੂੰ ਇਨਸਾਫ ਤੋਂ ਦੂਰ ਰੱਖਿਆ ਗਿਆ। ਸੱਚ ਕਿੰਨਾ ਵੀ ਤਾਕਤਵਰ ਹੋਵੇ, ਪਰ ਵਾਰ-ਵਾਰ ਇਮਤਿਹਾਨ ਲੈਂਦਾ ਹੈ। ਕਲਯੁਗ। ਮਾਫ਼ ਕਰਨਾ ਤੁਹਾਡੇ ਲਈ ਇੰਤਜ਼ਾਰ ਨਹੀਂ ਕਰ ਸਕਦੀ। ਕਿਉਂਕਿ ਇਹ ਸਟੇਜ 2 ਇਨਵੇਸਿਵ ਕੈਂਸਰ ਹੈ। ਸਰਜਰੀ ਲਈ ਜਾ ਰਹੀ ਹਾਂ। ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਰੱਬ ਦੀ ਮਰਜੀ ਹੈ: ਪਰਫੈਕਟ।
ਚਾਰ ਘੰਟਿਆਂ ਤੱਕ ਚੱਲੀ ਡਾ. ਸਿੱਧੂ ਦੀ ਸਰਜਰੀ
ਡਾ. ਨਵਜੌਤ ਕੌਰ ਨੂੰ ਹਸਪਤਾਲ ਦਾਖਲ ਕਰਵਾਉਣ ਮੌਕੇ ਮੌਜੂਦ ਕਾਂਗਰਸੀ ਆਗੂ ਨਰਿੰਦਰਪਾਲ ਲਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਕੈਂਸਰ ਦਾ ਇਲਾਜ ਕਰਨ ਲਈ ਆਪਰੇਸ਼ਨ ਹੋਣਾ ਹੈ। ਇਸ ਲਈ ਉਨ੍ਹਾਂ ਨੂੰ ਦਿਨ ਸਮੇਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਸਿੱਧੂ ਦਾ ਪੁੱਤਰ ਕਰਨ ਮੌਜੂਦ ਸੀ। ਦੁਪਹਿਰ ਬਾਅਦ ਉਨ੍ਹਾਂ ਦੀ ਸਰਜਰੀ ਸ਼ੁਰੂ ਕੀਤੀ ਗਈ ਜੋ ਕਿ ਚਾਰ ਘੰਟੇ ਚੱਲੀ। ਉਨ੍ਹਾਂ ਨੂੰ ਬੈੱਡ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ।
ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਸਾਲ 1988 ਦੇ ਰੋਡਰੇਜ਼ ਮਾਮਲੇ ਵਿਚ ਮਈ 2022 ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਸਿੱਧੂ ਦੇ 26 ਜਨਵਰੀ ਨੂੰ ਜੇਲ੍ਹ ਤੋਂ ਰਿਹਾਅ ਹੋਣ ਦੀ ਗੱਲ ਚੱਲੀ ਸੀ ਪਰ ਰਿਹਾਈ ਨਹੀਂ ਹੋ ਸਕੀ ਸੀ।