ਪਟਿਆਲਾ ‘ਚ ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, 2 ਸੱਕੇ ਭਰਾਵਾਂ ਦੀ ਮੌਤ, ਤਿੰਨ ਜਖ਼ਮੀ
ਇਸ ਬਰਸਾਤ ਨੇ ਇੱਕ ਵਾਰ ਫਿਰ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਕਿਉਂਕਿ 10 ਜੁਲਾਈ ਦੇ ਹੜ੍ਹ ਤੋਂ ਬਾਅਦ ਸੀਵਰੇਜ ਲਾਈਨਾਂ ਅਤੇ ਨਾਲਿਆਂ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਪਰ ਇਹ ਸਭ ਖੋਖਲੇ ਸਾਬਤ ਹੋ ਰਹੇ ਹਨ।

ਬੁੱਧਵਾਰ ਸਵੇਰੇ ਕਰੀਬ 7.30 ਵਜੇ ਪਟਿਆਲਾ ‘ਚ ਭਾਰੀ ਮੀਂਹ (Heavy Rain) ਪਿਆ। ਮੀਂਹ ਕਾਰਨ ਰਾਘੋਮਾਜਰਾ ਇਲਾਕੇ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ (Roof Collapse) ਡਿੱਗ ਗਈ। ਇਸ ਹਾਦਸੇ ‘ਚ ਘਰ ‘ਚ ਸੁੱਤੇ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬਾਰਿਸ਼ ਕਾਰਨ ਜੈਕਬ ਡਰੇਨ ਦੇ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਪ੍ਰਵਾਸੀ ਮਜ਼ਦੂਰ ਰਾਘੋਮਾਜਰਾ ਇਲਾਕੇ ਵਿੱਚ ਜੰਗੀ ਜੱਥਾ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਇਸ ਪੁਰਾਣੇ ਮਕਾਨ ਦੀ ਛੱਤ ਡਿੱਗੀ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁੰਨਾ ਲਾਲ ਅਤੇ ਰਮਾ ਸ਼ੰਕਰ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀਆਂ ਵਿੱਚ ਗੰਗਾ ਰਾਮ, ਸੰਤੋਸ਼ ਕੁਮਾਰ ਅਤੇ ਚਿਰੰਜੀ ਲਾਲ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਝੱਲ ਰਹੇ ਪਟਿਆਲਾ ਦੇ ਲੋਕ ਡਰੇ ਹੋਏ ਹਨ।