ਪਠਾਨਕੋਟ ‘ਚ ਬਾਈਕ ਤੇ ਸਕੂਟੀ ਟੱਕਰ ਮਗਰੋਂ ਖ਼ੂਨੀ ਝੜਪ, ਨੌਜਵਾਨ ਦੇ ਸਿਰ ‘ਤੇ ਮਾਰੀਆਂ ਇੱਟਾਂ; ਦਾਤਰ ਤੇ ਕਾਪੇ

Published: 

22 Oct 2026 16:40 PM IST

ਪਠਾਨਕੋਟ ਦੇ ਓਲਡ ਸ਼ਾਹਪੁਰ ਰੋਡ ਸਥਿਤ ਖੱਤਰੀ ਸਭਾ ਦੇ ਸਾਹਮਣੇ ਚੌਰਾਹੇ 'ਤੇ ਬੁੱਧਵਾਰ ਦੇਰ ਰਾਤ ਮੋਟਰਸਾਈਕਲ ਅਤੇ ਸਕੂਟੀ ਦੀ ਮਾਮੂਲੀ ਟੱਕਰ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੇਖਦੇ ਹੀ ਦੇਖਦੇ ਮਾਮੂਲੀ ਤਕਰਾਰ ਨੇ ਭਿਆਨਕ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਦੋਵਾਂ ਪਾਸਿਆਂ ਤੋਂ ਦਾਤਰ, ਕਾਪੇ ਅਤੇ ਇੱਟਾਂ-ਪੱਥਰ ਖੁੱਲ੍ਹ ਕੇ ਚੱਲੇ।

ਪਠਾਨਕੋਟ ਚ ਬਾਈਕ ਤੇ ਸਕੂਟੀ ਟੱਕਰ ਮਗਰੋਂ ਖ਼ੂਨੀ ਝੜਪ, ਨੌਜਵਾਨ ਦੇ ਸਿਰ ਤੇ ਮਾਰੀਆਂ ਇੱਟਾਂ; ਦਾਤਰ ਤੇ ਕਾਪੇ

ਪਠਾਨਕੋਟ ਦੇ ਓਲਡ ਸ਼ਾਹਪੁਰ ਰੋਡ ਸਥਿਤ ਖੱਤਰੀ ਸਭਾ ਦੇ ਸਾਹਮਣੇ ਚੌਰਾਹੇ ‘ਤੇ ਬੁੱਧਵਾਰ ਦੇਰ ਰਾਤ ਮੋਟਰਸਾਈਕਲ ਅਤੇ ਸਕੂਟੀ ਦੀ ਮਾਮੂਲੀ ਟੱਕਰ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੇਖਦੇ ਹੀ ਦੇਖਦੇ ਮਾਮੂਲੀ ਤਕਰਾਰ ਨੇ ਭਿਆਨਕ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਦੋਵਾਂ ਪਾਸਿਆਂ ਤੋਂ ਦਾਤਰ, ਕਾਪੇ ਅਤੇ ਇੱਟਾਂ-ਪੱਥਰ ਖੁੱਲ੍ਹ ਕੇ ਚੱਲੇ। ਇਸ ਖ਼ੂਨੀ ਝੜਪ ਦੌਰਾਨ ਦੋਵਾਂ ਧਿਰਾਂ ਦੇ ਪੰਜ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਇੱਕ ਜ਼ਖ਼ਮੀ ਦੀ ਹਾਲਤ ਨਾਜ਼ੁਕ, ਨਿੱਜੀ ਹਸਪਤਾਲ ‘ਚ ਦਾਖ਼ਲ

ਝੜਪ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਸੀ, ਪਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸ਼ਹਿਰ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਪਰ ਹਾਲੇ ਤੱਕ ਸਾਰੇ ਜ਼ਖ਼ਮੀਆਂ ਦੇ ਬਿਆਨ ਕਲਮਬੰਦ ਨਹੀਂ ਹੋ ਸਕੇ। ਥਾਣਾ ਮੁਖੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਪੜਤਾਲ ਜਾਰੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਜਲਦ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨੌਜਵਾਨ ਦੇ ਸਿਰ ‘ਤੇ ਵਰ੍ਹਾਏ ਦਾਤਰ ਅਤੇ ਇੱਟਾਂ-ਰੋੜੇ

ਘਟਨਾ ਨਾਲ ਸਬੰਧਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਬੇਹੱਦ ਖ਼ੌਫ਼ਨਾਕ ਅਤੇ ਦਿਲ ਕੰਬਾਊ ਹਨ। ਵੀਡੀਓ ਵਿੱਚ ਸਾਫ਼ ਦਿਸ ਰਿਹਾ ਹੈ ਕਿ ਵਿਵਾਦ ਦੌਰਾਨ ਇੱਕ ਧਿਰ ਦਾ ਨੌਜਵਾਨ ਹੱਥ ਵਿੱਚ ਤੇਜ਼ਧਾਰ/ਲੋਹੇ ਦਾ ਹਥਿਆਰ ਅਤੇ ਕਾਪਾ ਲਹਿਰਾਉਂਦਿਆਂ ਦੂਜੀ ਧਿਰ ‘ਤੇ ਹਮਲਾ ਕਰ ਰਿਹਾ ਹੈ।

ਇੱਕ ਹੋਰ ਵੀਡੀਓ ਵਿੱਚ ਸੜਕ ‘ਤੇ ਡਿੱਗੇ ਬੇਵੱਸ ਨੌਜਵਾਨ ‘ਤੇ ਹਮਲਾਵਰ ਇੱਟਾਂ-ਪੱਥਰਾਂ ਅਤੇ ਭਾਰੀ ਡੰਡਿਆਂ ਨਾਲ ਤਾਬੜਤੋੜ ਵਾਰ ਕਰਦੇ ਨਜ਼ਰ ਆ ਰਹੇ ਹਨ। ਪੀੜਤ ਨੌਜਵਾਨ ਜ਼ਮੀਨ ‘ਤੇ ਪਿਆ ਆਪਣੀ ਜਾਨ ਦੀ ਭੀਖ ਮੰਗਦਾ ਰਿਹਾ ਅਤੇ ਤਰਲੇ ਕਰਦਾ ਰਿਹਾ, ਪਰ ਹਮਲਾਵਰਾਂ ਨੇ ਰਹਿਮ ਨਾ ਕਰਦਿਆਂ ਉਸ ਦੇ ਸਿਰ ‘ਤੇ ਦੋ ਵਾਰ ਸਿੱਧੀਆਂ ਇੱਟਾਂ ਦੇ ਮਾਰੀਆਂ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ।

ਟੱਕਰ ਮਗਰੋਂ ਵਧਿਆ ਝਗੜਾ

ਚਸ਼ਮਦੀਦਾਂ ਮੁਤਾਬਕ, ਮੁੱਖ ਸੜਕ ‘ਤੇ ਬਾਈਕ ਅਤੇ ਸਕੂਟੀ ਦੀ ਟੱਕਰ ਤੋਂ ਬਾਅਦ ਤੂੰ-ਤੂੰ ਮੈਂ-ਮੈਂ ਸ਼ੁਰੂ ਹੋਈ ਸੀ। ਕੁਝ ਹੀ ਮਿੰਟਾਂ ਵਿੱਚ ਦੋਵਾਂ ਧਿਰਾਂ ਦੇ ਹੋਰ ਸਾਥੀ ਵੀ ਹਥਿਆਰਾਂ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਝਗੜਾ ਛੁਡਵਾਉਣ ਆਏ ਆਮ ਲੋਕਾਂ ਨਾਲ ਵੀ ਹੱਥੋਪਾਈ ਕੀਤੀ ਗਈ। ਮਾਰਕੁੱਟ ਦੇ ਹਫ਼ੜਾ-ਦਫ਼ੜੀ ਭਰੇ ਮਾਹੌਲ ਵਿੱਚ ਇੱਕ ਸਕੂਟੀ ਵੀ ਬੇਕਾਬੂ ਹੋ ਕੇ ਸੜਕ ‘ਤੇ ਡਿੱਗ ਗਈ। ਘਟਨਾ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਆਸ-ਪਾਸ ਦੇ ਦੁਕਾਨਦਾਰ ਤੇ ਰੇਹੜੀ ਵਾਲੇ ਸਹਿਮ ਗਏ।

ਪੁਲਿਸ ਜਾਂਚ ਵਿੱਚ ਜੁਟੀ, ਮੈਡੀਕਲ ਰਿਪੋਰਟ ਦੀ ਮੰਗ

ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਲਿਆ। ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਵਿਜੈ ਕੁਮਾਰ ਨੇ ਦੱਸਿਆ ਕਿ ਝਗੜੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਨੌਜਵਾਨ ਵਿਨੈ ਹਾਲੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ (ਅਨਫ਼ਿੱਟ) ਹੈ, ਜਦਕਿ ਬਾਕੀ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਹਸਪਤਾਲ ਤੋਂ ਜ਼ਖ਼ਮੀਆਂ ਦੀ ਮੈਡੀਕਲ ਰਿਪੋਰਟ ਦੀ ਮੰਗ ਕੀਤੀ ਗਈ ਹੈ ਅਤੇ ਜਾਂਚ ਮੁਕੰਮਲ ਹੁੰਦੇ ਹੀ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ।

Loading...
Unable to load recommendations.
Follow Us