ਕਪੂਰਥਲਾ ‘ਚ ਨਸ਼ੇ ਦੀ ਲਪੇਟ ‘ਚ ਆਏ ਦੋ ਨਾਬਾਲਗ ਸਕੇ ਭਰਾ, ਪੁਲਿਸ ਨੇ ਕਾਬੂ ਕਰ ਹਸਪਤਾਲ ਕਰਵਾਏ ਦਾਖ਼ਲ

Updated On: 

22 Oct 2026 18:31 PM IST

ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਇੱਕ ਪਿੰਡ ਤੋਂ ਬੇਹੱਦ ਚਿੰਤਾਜਨਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨਾਬਾਲਗ ਸਕੇ ਭਰਾ ਕਥਿਤ ਤੌਰ 'ਤੇ ਨਸ਼ੇ ਦੀ ਲਤ ਦਾ ਸ਼ਿਕਾਰ ਪਾਏ ਗਏ ਹਨ। ਇਨ੍ਹਾਂ ਮਾਸੂਮ ਬੱਚਿਆਂ ਦੀ ਉਮਰ ਮਹਿਜ਼ 10 ਅਤੇ 13 ਸਾਲ ਦੱਸੀ ਜਾ ਰਹੀ ਹੈ।

ਕਪੂਰਥਲਾ ਚ ਨਸ਼ੇ ਦੀ ਲਪੇਟ ਚ ਆਏ ਦੋ ਨਾਬਾਲਗ ਸਕੇ ਭਰਾ, ਪੁਲਿਸ ਨੇ ਕਾਬੂ ਕਰ ਹਸਪਤਾਲ ਕਰਵਾਏ ਦਾਖ਼ਲ

ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਇੱਕ ਪਿੰਡ ਤੋਂ ਬੇਹੱਦ ਚਿੰਤਾਜਨਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨਾਬਾਲਗ ਸਕੇ ਭਰਾ ਕਥਿਤ ਤੌਰ ‘ਤੇ ਨਸ਼ੇ ਦੀ ਲਤ ਦਾ ਸ਼ਿਕਾਰ ਪਾਏ ਗਏ ਹਨ। ਇਨ੍ਹਾਂ ਮਾਸੂਮ ਬੱਚਿਆਂ ਦੀ ਉਮਰ ਮਹਿਜ਼ 10 ਅਤੇ 13 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਨੇੜਲੇ ਪਿੰਡ ਵਿੱਚੋਂ ਦੋਵਾਂ ਬੱਚਿਆਂ ਨੂੰ ਆਪਣੀ ਨਿਗਰਾਨੀ ਹੇਠ ਲਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾ ਦਿੱਤਾ ਹੈ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਸ਼ੁਰੂ

ਸਿਵਲ ਹਸਪਤਾਲ ਕਪੂਰਥਲਾ ਵਿਖੇ ਤਾਇਨਾਤ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਥਾਣਾ ਸੁਭਾਨਪੁਰ ਦੇ ਮੁੱਖ ਅਫ਼ਸਰ ਅਮਨਦੀਪ ਨਾਹਰ ਖ਼ੁਦ ਦੋਵਾਂ ਨਾਬਾਲਗ ਬੱਚਿਆਂ ਨੂੰ ਲੈ ਕੇ ਹਸਪਤਾਲ ਪਹੁੰਚੇ ਸਨ। ਬੱਚਿਆਂ ਦੀ ਨਾਜ਼ੁਕ ਹਾਲਤ ਅਤੇ ਛੋਟੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਬਾਲ ਰੋਗ ਮਾਹਿਰਾਂ ਅਤੇ ਨਸ਼ਾ ਛੁਡਾਊ ਕੇਂਦਰ ਦੇ ਮਾਹਿਰ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਡਾਕਟਰੀ ਮਸ਼ਵਰੇ ਤੋਂ ਬਾਅਦ ਦੋਵਾਂ ਨੂੰ ਤੁਰੰਤ ਵਾਰਡ ਵਿੱਚ ਦਾਖ਼ਲ ਕਰਕੇ ਉਨ੍ਹਾਂ ਦੀ ਡਾਕਟਰੀ ਦੇਖਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਮਿਹਨਤ-ਮਜ਼ਦੂਰੀ ਕਰਕੇ ਢਿੱਡ ਭਰਦੀ ਹੈ ਮਾਂ

ਬੱਚਿਆਂ ਦੀ ਬੇਵੱਸ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਇਕੱਲੀ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਜਦੋਂ ਉਹ ਕੰਮ ‘ਤੇ ਜਾਂਦੀ ਸੀ ਤਾਂ ਬੱਚੇ ਘਰ ‘ਚ ਹੀ ਰਹਿੰਦੇ ਸਨ। ਉਸ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗੀ ਕਿ ਇੰਨੀ ਛੋਟੀ ਉਮਰ ਵਿੱਚ ਉਸ ਦੇ ਮਾਸੂਮ ਬੱਚੇ ਕਿਸ ਤਰ੍ਹਾਂ ਅਤੇ ਕਿਸ ਦੀ ਸੰਗਤ ਵਿੱਚ ਪੈ ਕੇ ਇਸ ਭਿਆਨਕ ਨਸ਼ੇ ਦੀ ਦਲਦਲ ਵਿੱਚ ਫਸ ਗਏ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਜਾਗੀ ਪੁਲਿਸ

ਥਾਣਾ ਸੁਭਾਨਪੁਰ ਦੇ ਇੰਚਾਰਜ ਅਮਨਦੀਪ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇੱਕ ਮਾਸੂਮ ਬੱਚੇ ਵੱਲੋਂ ਕਥਿਤ ਤੌਰ ‘ਤੇ ਨਸ਼ੇ ਦਾ ਸੇਵਨ ਕਰਨ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਸ਼ੁਰੂ ਕੀਤੀ ਅਤੇ ਪਿੰਡ ਵਿੱਚ ਛਾਪੇਮਾਰੀ ਕਰਕੇ ਦੋਵਾਂ ਨਾਬਾਲਗ ਭਰਾਵਾਂ ਨੂੰ ਦਸਤਯਾਬ ਕਰ ਲਿਆ। ਇਸ ਉਪਰੰਤ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ।

ਥਾਣਾ ਮੁਖੀ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਇਨ੍ਹਾਂ ਛੋਟੇ ਬੱਚਿਆਂ ਨੂੰ ਨਸ਼ਾ ਸਪਲਾਈ ਕਰਨ ਜਾਂ ਨਸ਼ੇ ਵੱਲ ਧੱਕਣ ਦੀ ਗੱਲ ਸਾਹਮਣੇ ਆਈ, ਤਾਂ ਉਸ ਗ਼ੈਰ-ਸਮਾਜੀ ਅਨਸਰ ਖ਼ਿਲਾਫ਼ ਬਿਨਾਂ ਕਿਸੇ ਰਿਆਇਤ ਦੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Loading...
Unable to load recommendations.
Follow Us