ਪਠਾਨਕੋਟ ਦੇ ਨੌਜਵਾਨ ਨਾਲ ਅਮਰੀਕਾ ‘ਚ ਵਾਪਰਿਆ ਹਾਦਸਾ, ਘੋੜਾ-ਗੱਡੀ ਪਲਟਣ ਕਾਰਨ ਹੋਈ ਮੌਤ

Updated On: 

19 Jun 2026 17:34 PM IST

ਪੰਜਾਬ ਦੇ ਪਠਾਨਕੋਟ ਦਾ 18 ਸਾਲਾ ਰੋਮਾਂਚ ਮਹਾਜਨ ਪਰਿਵਾਰ ਨਾਲ ਅਮਰੀਕਾ ਘੁੰਮਣ ਗਿਆ ਸੀ। ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਡਰਾਈਵਰ ਦੀ ਲਾਪਰਵਾਹੀ ਕਾਰਨ ਘੋੜਾ-ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਉਸਦੀ ਮੌਤ ਹੋ ਗਈ। ਐਤਵਾਰ ਰਾਤ ਨੂੰ ਮ੍ਰਿਤਕ ਦੇਹ ਅੰਮ੍ਰਿਤਸਰ ਪਹੁੰਚੇਗੀ।

ਪਠਾਨਕੋਟ ਦੇ ਨੌਜਵਾਨ ਨਾਲ ਅਮਰੀਕਾ ਚ ਵਾਪਰਿਆ ਹਾਦਸਾ, ਘੋੜਾ-ਗੱਡੀ ਪਲਟਣ ਕਾਰਨ ਹੋਈ ਮੌਤ

ਪਠਾਨਕੋਟ ਨਾਲ ਸਬੰਧਤ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਮਰੀਕਾ ਘੁੰਮਣ ਗਏ 18 ਸਾਲਾ ਪੰਜਾਬੀ ਨੌਜਵਾਨ ਦੀ ਨਿਊਯਾਰਕ ਦੇ ਮਸ਼ਹੂਰ ਸੇਂਟਰਲ ਪਾਰਕ ਵਿਖੇ ਘੋੜਾ-ਗੱਡੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਮਾਂਚ ਮਹਾਜਨ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਨਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਨਿਊਯਾਰਕ ਘੁੰਮਣ ਗਿਆ ਸੀ। ਸੈਂਟਰਲ ਪਾਰਕ ਵਿੱਚ ਸੈਰ ਦੌਰਾਨ ਜਦੋਂ ਉਹ ਪਰਿਵਾਰ ਸਮੇਤ ਘੋੜਾ-ਗੱਡੀ ਦੀ ਸਵਾਰੀ ਕਰ ਰਿਹਾ ਸੀ, ਤਾਂ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਜਾਨ ਚਲੀ ਗਈ।

ਡਰਾਈਵਰ ਦੀ ਲਾਪਰਵਾਹੀ ਕਾਰਨ ਬੇਕਾਬੂ ਹੋਈ ਬੱਘੀ

ਮਿਲੀ ਜਾਣਕਾਰੀ ਅਨੁਸਾਰ, ਰੋਮਾਂਚ ਆਪਣੇ ਮਾਤਾ-ਪਿਤਾ ਨਾਲ ਘੋੜਾ-ਗੱਡੀ ਵਿੱਚ ਸਵਾਰ ਸੀ। ਥੋੜ੍ਹੀ ਦੂਰ ਜਾਣ ਤੋਂ ਬਾਅਦ, ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਘੋੜਾ-ਗੱਡੀ ਦਾ ਚਾਲਕ ਆਪਣੀ ਸੀਟ ਤੋਂ ਹੇਠਾਂ ਉਤਰ ਕੇ ਦੂਜੇ ਸੈਲਾਨੀਆਂ ਦੀਆਂ ਫੋਟੋਆਂ ਅਤੇ ਸੈਲਫੀਆਂ ਖਿੱਚਣ ਲੱਗਾ। ਇਸੇ ਦੌਰਾਨ ਅਚਾਨਕ ਘੋੜਾ ਬਿਦਕ ਗਿਆ ਅਤੇ ਤੇਜ਼ੀ ਨਾਲ ਦੌੜਨ ਲੱਗਾ, ਜਿਸ ਕਾਰਨ ਬੱਘੀ ਪਲਟ ਗਈ।

ਹਾਦਸੇ ਦੌਰਾਨ ਰੋਮਾਂਚ ਦੇ ਸਿਰ ਵਿੱਚ ਬੇਹੱਦ ਗੰਭੀਰ ਸੱਟਾਂ ਲੱਗੀਆਂ। ਆਸ-ਪਾਸ ਖੜ੍ਹੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਅਮੀਰ ਪਰਿਵਾਰ ਮਹਿਜ਼ ਚਾਰ ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ। ਪਠਾਨਕੋਟ ਵਿੱਚ ਇਸ ਪਰਿਵਾਰ ਦਾ ਟੂਰ ਐਂਡ ਟ੍ਰੈਵਲਜ਼, ਹੋਟਲ ਅਤੇ ਜਵੈਲਰੀ ਦਾ ਵੱਡਾ ਕਾਰੋਬਾਰ ਹੈ।

ਫੋਟੋ ਖਿੱਚਣ ਵਾਲਾ ਡਰਾਈਵਰ ਮੁਅੱਤਲ

ਸ਼ੁਰੂਆਤੀ ਜਾਂਚ ਅਤੇ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਬਿਆਨਾਂ ਮੁਤਾਬਕ, ਹਾਦਸੇ ਦੇ ਵਕਤ ਬੱਘੀ ਚਾਲਕ ਆਪਣੀ ਸੀਟ ‘ਤੇ ਮੌਜੂਦ ਨਹੀਂ ਸੀ, ਜੋ ਕਿ ਸਿੱਧੇ ਤੌਰ ‘ਤੇ ਸੁਰੱਖਿਆ ਦੀ ਵੱਡੀ ਅਣਗਹਿਲੀ ਹੈ। ਹਾਦਸੇ ਤੋਂ ਤੁਰੰਤ ਬਾਅਦ ਸਖ਼ਤ ਕਾਰਵਾਈ ਕਰਦੇ ਹੋਏ ਬੱਘੀ ਦੇ ਮਾਲਕ ਨੇ ਲਾਪਰਵਾਹ ਡਰਾਈਵਰ ਨੂੰ ਨੌਕਰੀ ਤੋਂ ਬਰਖ਼ਾਸਤ (ਸਸਪੈਂਡ) ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਾਦਸੇ ਵਿੱਚ ਸ਼ਾਮਲ 7 ਸਾਲਾ ਘੋੜੇ, ਜਿਸ ਦਾ ਨਾਂ ‘ਸੈਮਸਨ’ ਦੱਸਿਆ ਜਾ ਰਿਹਾ ਹੈ, ਨੂੰ ਵੀ ਇਸ ਕੰਮ ਤੋਂ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ।

ਪਠਾਨਕੋਟ ਦੇ ਨਾਮਵਰ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਸੀ ਮ੍ਰਿਤਕ

ਰੋਮਾਂਚ ਦੇ ਪਿਤਾ ਦੀਪਕ ਮਹਾਜਨ ਪਠਾਨਕੋਟ ਵਿੱਚ ‘ਓਪੂਲੈਂਸ ਟੂਰਸ’ ਦੇ ਨਾਂ ‘ਤੇ ਇੱਕ ਨਾਮਵਰ ਟ੍ਰੈਵਲ ਏਜੰਸੀ ਚਲਾਉਂਦੇ ਹਨ, ਜਦਕਿ ਉਸ ਦੇ ਦਾਦਾ ਰਮੇਸ਼ ਮਹਾਜਨ ਸ਼ਹਿਰ ਦੇ ਵੱਡੇ ਜਵੈਲਰੀ ਕਾਰੋਬਾਰੀ ਹਨ। ਇਸ ਤੋਂ ਇਲਾਵਾ ਇਸ ਪਰਿਵਾਰ ਦੇ ਹੋਟਲ ਸਣੇ ਕਈ ਹੋਰ ਵੱਡੇ ਬਿਜ਼ਨਸ ਹਨ। ਹੋਣਹਾਰ ਨੌਜਵਾਨ ਪੁੱਤਰ ਦੀ ਇਸ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਠਾਨਕੋਟ ਸ਼ਹਿਰ ਅਤੇ ਵਪਾਰਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

12ਵੀਂ ਜਮਾਤ ਵਿੱਚ ਹਾਸਲ ਕੀਤੇ ਸਨ 92 ਫ਼ੀਸਦੀ ਅੰਕ

ਰੋਮਾਂਚ, ਜਿਸ ਨੂੰ ਘਰ ਵਿੱਚ ਪਿਆਰ ਨਾਲ ‘ਰਕਿਤ’ ਕਹਿ ਕੇ ਬੁਲਾਇਆ ਜਾਂਦਾ ਸੀ, ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੇ ਇਸੇ ਸਾਲ ਡੀ.ਪੀ.ਐਸ. (ਡਲਹੌਜ਼ੀ ਪਬਲਿਕ ਸਕੂਲ) ਤੋਂ 12ਵੀਂ ਜਮਾਤ ਦੀ ਪ੍ਰੀਖਿਆ 92 ਫ਼ੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਕੀਤੀ ਸੀ। ਸ਼ਾਨਦਾਰ ਨਤੀਜੇ ਤੋਂ ਬਾਅਦ ਪਰਿਵਾਰ ਰੋਮਾਂਚ ਨੂੰ ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਿਹਾ ਸੀ, ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਵਿਦੇਸ਼ ਦੀ ਧਰਤੀ ‘ਤੇ ਉਹ ਪਹਿਲਾਂ ਘੁੰਮਣ ਜਾ ਰਿਹਾ ਹੈ, ਉੱਥੇ ਅਜਿਹਾ ਭਾਣਾ ਵਰਤ ਜਾਵੇਗਾ।

ਐਤਵਾਰ ਰਾਤ ਨੂੰ ਅੰਮ੍ਰਿਤਸਰ ਪਹੁੰਚੇਗੀ ਮ੍ਰਿਤਕ ਦੇਹ

ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰੋਮਾਂਚ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਨਿਊਯਾਰਕ ਵਿੱਚ ਜ਼ਰੂਰੀ ਦਸਤਾਵੇਜ਼ੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਮ੍ਰਿਤਕ ਨੌਜਵਾਨ ਦੇ ਪਿਤਾ ਦੀਪਕ ਮਹਾਜਨ ਅਤੇ ਮਾਤਾ ਪ੍ਰਿਆ ਮਹਾਜਨ ਆਪਣੇ ਛੋਟੇ ਬੇਟੇ ਮਾਣਿਕ ਦੇ ਨਾਲ ਸ਼ਨੀਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣਗੇ। ਜਦਕਿ, ਰੋਮਾਂਚ ਦੀ ਮ੍ਰਿਤਕ ਦੇਹ ਐਤਵਾਰ ਰਾਤ ਸਾਢੇ 10 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗੀ, ਜਿਸ ਤੋਂ ਬਾਅਦ ਐਤਵਾਰ ਨੂੰ ਹੀ ਪਠਾਨਕੋਟ ਵਿਖੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਨਿਊਯਾਰਕ ‘ਚ 150 ਸਾਲ ਪੁਰਾਣੀ ਇਸ ਪਰੰਪਰਾ ਨੂੰ ਬੰਦ ਕਰਨ ਦੀ ਉੱਠੀ ਮੰਗ

ਇਸ ਦਰਦਨਾਕ ਹਾਦਸੇ ਨੇ ਨਿਊਯਾਰਕ ਵਿੱਚ ਪਿਛਲੇ 150 ਸਾਲਾਂ ਤੋਂ ਚੱਲ ਰਹੇ ਘੋੜਾ-ਗੱਡੀ ਉਦਯੋਗ ‘ਤੇ ਇੱਕ ਵਾਰ ਫਿਰ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਪਾਰਕ ਦੀ ਦੇਖਭਾਲ ਕਰਨ ਵਾਲੀ ਸੰਸਥਾ ‘ਸੈਂਟਰਲ ਪਾਰਕ ਕੰਜ਼ਰਵੈਂਸੀ’ ਅਤੇ ਜਾਨਵਰਾਂ ਦੇ ਅਧਿਕਾਰਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ ਇਸ ਸਵਾਰੀ ‘ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਇੱਕ ਨੌਜਵਾਨ ਸਾਡੇ ਪਾਰਕ ਦਾ ਆਨੰਦ ਲੈਣ ਆਇਆ ਸੀ ਅਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ।

ਅਮਰੀਕਾ ਦੇ ਸਭ ਤੋਂ ਵਿਅਸਤ ਜਨਤਕ ਸਥਾਨਾਂ ਵਿੱਚੋਂ ਇੱਕ ਦੇ ਵਿਚਕਾਰ ਇਸ ਪੁਰਾਣੀ ਅਤੇ ਅਸੁਰੱਖਿਅਤ ਪਰੰਪਰਾ ਨੂੰ ਜਾਰੀ ਰੱਖਣ ਦੀ ਕੀਮਤ ਕਿਸੇ ਮਾਸੂਮ ਦੀ ਜਾਨ ਦੇ ਕੇ ਨਹੀਂ ਚੁਕਾਈ ਜਾ ਸਕਦੀ।” ਸੰਸਥਾ ਨੇ ਅਪੀਲ ਕੀਤੀ ਹੈ ਕਿ ‘ਰਾਈਡਰਜ਼ ਲਾਅ’ ਨੂੰ ਤੁਰੰਤ ਪਾਸ ਕੀਤਾ ਜਾਵੇ ਤਾਂ ਜੋ ਇਨ੍ਹਾਂ ਘੋੜਾ-ਗੱਡੀਆਂ ‘ਤੇ ਪਾਬੰਦੀ ਲਗਾਈ ਜਾ ਸਕੇ ਅਤੇ ਇਸ ਕੰਮ ਨਾਲ ਜੁੜੇ ਚਾਲਕਾਂ ਨੂੰ ਕੋਈ ਹੋਰ ਬਦਲਵਾਂ ਰੁਜ਼ਗਾਰ ਦਿੱਤਾ ਜਾ ਸਕੇ।

Follow Us