ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 16 ਸਾਲਾਂ ਬਾਅਦ ਦੋਆਬੇ ਨੂੰ ਮਿਲੀ ਕਮਾਨ; BJP ਨੂੰ ਟੱਕਰ ਦੇਣ ਦੀ ਤਿਆਰੀ

Updated On: 

03 Oct 2026 09:17 AM IST

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਵੱਡਾ ਸਿਆਸੀ ਫ਼ੈਸਲਾ ਲੈਂਦਿਆਂ ਜਲੰਧਰ ਛਾਉਣੀ (ਕੈਂਟ) ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ। ਇਸ ਨਿਯੁਕਤੀ ਨਾਲ ਕਾਂਗਰਸ ਨੇ ਸੂਬੇ ਵਿੱਚ ਜੱਟ-ਸਿੱਖ ਸਿਆਸਤ ਦੇ ਰਵਾਇਤੀ ਸਮੀਕਰਨ ਨੂੰ ਬਰਕਰਾਰ ਰੱਖਿਆ ਹੈ।

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 16 ਸਾਲਾਂ ਬਾਅਦ ਦੋਆਬੇ ਨੂੰ ਮਿਲੀ ਕਮਾਨ; BJP ਨੂੰ ਟੱਕਰ ਦੇਣ ਦੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਵੱਡਾ ਸਿਆਸੀ ਫ਼ੈਸਲਾ ਲੈਂਦਿਆਂ ਜਲੰਧਰ ਛਾਉਣੀ (ਕੈਂਟ) ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ। ਇਸ ਨਿਯੁਕਤੀ ਨਾਲ ਕਾਂਗਰਸ ਨੇ ਸੂਬੇ ਵਿੱਚ ਜੱਟ-ਸਿੱਖ ਸਿਆਸਤ ਦੇ ਰਵਾਇਤੀ ਸਮੀਕਰਨ ਨੂੰ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪੂਰੇ 16 ਸਾਲਾਂ ਬਾਅਦ ਦੋਆਬਾ ਖਿੱਤੇ ਤੋਂ ਕਿਸੇ ਆਗੂ ਨੂੰ ਸੂਬਾ ਪ੍ਰਧਾਨਗੀ ਦੀ ਅਹਿਮ ਕਮਾਨ ਸੌਂਪੀ ਹੈ। ਇਸ ਤੋਂ ਪਹਿਲਾਂ ਸਾਲ 2010 ਵਿੱਚ ਮੋਹਿੰਦਰ ਸਿੰਘ ਕੇਪੀ ਦੋਆਬੇ ਤੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਰਗਟ ਸਿੰਘ ਦੀ ਤਾਜਪੋਸ਼ੀ ਸਿਰਫ਼ ਲੀਡਰਸ਼ਿਪ ਵਿੱਚ ਇੱਕ ਆਮ ਤਬਦੀਲੀ ਨਹੀਂ ਹੈ, ਸਗੋਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਇੱਕ ਡੂੰਘੀ ਰਣਨੀਤਕ ‘ਰੀਸੈਟਿੰਗ’ ਹੈ। ਹਾਈਕਮਾਂਡ ਨੇ ਉਨ੍ਹਾਂ ਦੀ ਚੋਣ ਅਜਿਹੇ ਨਾਜ਼ੁਕ ਮੋੜ ਤੇ ਕੀਤੀ ਹੈ, ਜਦੋਂ ਪਾਰਟੀ ਅੰਦਰੂਨੀ ਧੜੇਬੰਦੀ, ਜਥੇਬੰਦਕ ਖਿੱਚੋਤਾਣ ਅਤੇ ਅਗਵਾਈ ਦੇ ਸੰਕਟ ਨਾਲ ਜੂਝ ਰਹੀ ਸੀ।

ਮਾਲਵਾ ਤੇ ਮਾਝਾ ਨੂੰ ਪਛਾੜ ਕੇ ਬੇਦਾਗ਼ ਚਿਹਰੇ ਤੇ ਲੱਗੀ ਮੋਹਰ

ਜਾਣਕਾਰਾਂ ਅਨੁਸਾਰ ਸਭ ਤੋਂ ਵੱਧ 69 ਸੀਟਾਂ ਵਾਲੇ ਮਾਲਵਾ ਖੇਤਰ ਤੋਂ ਕਿਸੇ ਆਗੂ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ ਸਭ ਤੋਂ ਅੱਗੇ ਸਨ। ਇਸ ਦੇ ਨਾਲ ਹੀ ਮਾਝੇ ਦੇ ਕਈ ਦਿੱਗਜ ਆਗੂ ਵੀ ਪ੍ਰਧਾਨਗੀ ਦੀ ਇਸ ਦੌੜ ਵਿੱਚ ਸਰਗਰਮ ਸਨ। ਪਰ ਅੰਤਿਮ ਪਲਾਂ ਦੌਰਾਨ ਹਾਈਕਮਾਂਡ ਨੇ ਸਾਰੇ ਵਿਵਾਦਾਂ ਤੋਂ ਦੂਰ ਅਤੇ ਬੇਦਾਗ਼ ਅਕਸ ਵਾਲੇ ਚਿਹਰੇ ਪਰਗਟ ਸਿੰਘ ਦੇ ਨਾਂ ਤੇ ਅੰਤਿਮ ਮੋਹਰ ਲਗਾਈ। ਪਰਗਟ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੇਮੇ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ, ਜਿਸ ਕਾਰਨ ਚੰਨੀ ਧੜਾ ਵੀ ਇਸ ਫ਼ੈਸਲੇ ਨੂੰ ਆਪਣੀ ਵੱਡੀ ਸਿਆਸੀ ਜਿੱਤ ਵਜੋਂ ਵੇਖ ਰਿਹਾ ਹੈ।

ਦੋਆਬੇ ਚ ਭਾਜਪਾ ਨੂੰ ਘੇਰਨ ਦੀ ਰਣਨੀਤੀ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਰਗਟ ਸਿੰਘ ਨੂੰ ਸੂਬਾ ਕਮਾਨ ਸੌਂਪਣ ਪਿੱਛੇ ਦੋਆਬਾ ਖਿੱਤੇ ਵਿੱਚ ਲਗਾਤਾਰ ਪੈਰ ਪਸਾਰ ਰਹੀ ਭਾਰਤੀ ਜਨਤਾ ਪਾਰਟੀ (BJP) ਦੇ ਵਧਦੇ ਪ੍ਰਭਾਵ ਨੂੰ ਠੱਲ੍ਹ ਪਾਉਣਾ ਵੀ ਇੱਕ ਮੁੱਖ ਕਾਰਨ ਹੈ। ਮਹਿਜ਼ ਦੋ ਦਿਨ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਕੈਂਟ ਹਲਕੇ ਦੇ ਪਰਾਗਪੁਰ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਕੇ ਗਏ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੋ ਵਾਰ ਜਲੰਧਰ ਦਾ ਦੌਰਾ ਕਰ ਚੁੱਕੇ ਹਨ।

ਸਾਰੀਆਂ ਸਿਆਸੀ ਧਿਰਾਂ ਦੋਆਬੇ ਦੀਆਂ 23 ਵਿਧਾਨ ਸਭਾ ਸੀਟਾਂ ਨੂੰ ਆਪਣਾ ਟਰੰਪ ਕਾਰਡ ਮੰਨ ਕੇ ਚੱਲ ਰਹੀਆਂ ਹਨ। ਭਾਜਪਾ ਜਨਵਰੀ 2026 ਤੋਂ ਹੀ ਇੱਥੇ ਪੂਰੀ ਤਰ੍ਹਾਂ ਹਮਲਾਵਰ ਰੁਖ਼ ਅਪਣਾ ਰਹੀ ਸੀ। ਚਾਹੇ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਣਾ ਹੋਵੇ ਜਾਂ ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਰੱਖਣ ਦਾ ਫ਼ੈਸਲਾ, ਭਾਜਪਾ ਦੋਆਬੇ ਵਿੱਚ ਮੋਹਰੀ ਹੋ ਕੇ ਖੇਡ ਰਹੀ ਸੀ। ਹੁਣ ਇਸੇ ਸਿਆਸੀ ਬਿਸਾਤ ਤੇ ਕਾਂਗਰਸ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਪਰਗਟ ਸਿੰਘ ਨੂੰ ਮੈਦਾਨ ਵਿੱਚ ਉਤਾਰ ਕੇ ਵੱਡਾ ਦਾਅ ਖੇਡਿਆ ਹੈ।

ਪਤਨੀ ਬੋਲੇ- ‘ਉਹ ਖਿਡਾਰੀ ਹਨ, ਹਰ ਚੁਣੌਤੀ ਜਿੱਤਣੀ ਜਾਣਦੇ ਹਨ’

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਐਲਾਨੇ ਜਾਣ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੀ ਜਲੰਧਰ ਸਥਿਤ ਰਿਹਾਇਸ਼ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਧਰਮਪਤਨੀ ਬਰਿੰਦਰ ਕੌਰ, ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਮਰਥਕਾਂ ਨੇ ਢੋਲ ਦੇ ਡਗੇ ਤੇ ਭੰਗੜੇ ਪਾਏ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।

ਬਰਿੰਦਰ ਕੌਰ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਰਿਵਾਰ ਲਈ ਇਹ ਦੋਹਰੀ ਖ਼ੁਸ਼ੀ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਹਿਲੇ ਪੋਤੇ ਤੇਗ ਦਾ ਜਨਮ ਹੋਇਆ ਸੀ, ਉਸ ਸਮੇਂ ਪਰਗਟ ਸਿੰਘ ਪਹਿਲੀ ਵਾਰ ਵਿਧਾਇਕ ਬਣੇ ਸਨ। ਹੁਣ ਜਦੋਂ ਉਨ੍ਹਾਂ ਦੇ ਘਰ ਦੂਜੇ ਪੋਤੇ ਨੇ ਜਨਮ ਲਿਆ ਹੈ ਤਾਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਰਗੀ ਅਹਿਮ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਇੱਕ ਮੰਝੇ ਹੋਏ ਖਿਡਾਰੀ ਰਹੇ ਹਨ ਅਤੇ ਖੇਡ ਦੇ ਮੈਦਾਨ ਵਾਂਗ ਉਹ ਸਿਆਸਤ ਦੀ ਹਰ ਚੁਣੌਤੀ ਅਤੇ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨਾ ਬਾਖ਼ੂਬੀ ਜਾਣਦੇ ਹਨ।

ਫ਼ੋਨ ਕਾਲ ਰਾਹੀਂ ਹੋਈ ਖ਼ਬਰ ਦੀ ਪੁਸ਼ਟੀ

ਪ੍ਰਧਾਨਗੀ ਦੇ ਐਲਾਨ ਬਾਰੇ ਗੱਲਬਾਤ ਕਰਦਿਆਂ ਬਰਿੰਦਰ ਕੌਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਰਾਤ ਵੇਲੇ ਉਨ੍ਹਾਂ ਨੂੰ ਵੀ ਇੱਧਰੋਂ-ਉੱਧਰੋਂ ਇਹ ਖ਼ਬਰ ਮਿਲੀ ਸੀ ਕਿ ਪਰਗਟ ਸਿੰਘ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦੋਂ ਪਾਰਟੀ ਵਰਕਰਾਂ ਅਤੇ ਆਗੂਆਂ ਦੇ ਵਧਾਈ ਸੰਦੇਸ਼ ਲਗਾਤਾਰ ਆਉਣ ਲੱਗੇ ਤਾਂ ਉਨ੍ਹਾਂ ਨੇ ਪੁਸ਼ਟੀ ਕਰਨ ਲਈ ਪਰਗਟ ਸਿੰਘ ਨਾਲ ਖ਼ੁਦ ਫ਼ੋਨ ਤੇ ਰਾਬਤਾ ਕਾਇਮ ਕੀਤਾ। ਉਨ੍ਹਾਂ ਵਿਚਾਲੇ ਕਰੀਬ ਪੰਜ ਮਿੰਟ ਗੱਲਬਾਤ ਹੋਈ, ਜਿਸ ਦੌਰਾਨ ਉਨ੍ਹਾਂ ਪਰਗਟ ਸਿੰਘ ਨੂੰ ਇਸ ਨਵੀਂ ਜ਼ਿੰਮੇਵਾਰੀ ਦੀਆਂ ਮੁਬਾਰਕਾਂ ਦਿੱਤੀਆਂ। ਬਰਿੰਦਰ ਕੌਰ ਨੇ ਭਰੋਸਾ ਪ੍ਰਗਟਾਇਆ ਕਿ ਪੂਰਾ ਪਰਿਵਾਰ ਇਸ ਜ਼ਿੰਮੇਵਾਰੀ ਨੂੰ ਲੈ ਕੇ ਉਤਸ਼ਾਹਿਤ ਹੈ ਅਤੇ ਪਰਗਟ ਸਿੰਘ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਪਾਰਟੀ ਨੂੰ ਇਕਜੁੱਟ ਕਰਦਿਆਂ ਇੱਕ ਨਵੀਂ ਤੇ ਮਜ਼ਬੂਤ ਦਿਸ਼ਾ ਪ੍ਰਦਾਨ ਕਰਨਗੇ।

Loading...
Unable to load recommendations.
Follow Us