ਅੰਮ੍ਰਿਤਸਰ ਪਹੁੰਚੇ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ, ਧਾਰਮਿਕ ਅਸਥਾਨਾਂ ‘ਤੇ ਹੋਣਗੇ ਨਤਮਸਤਕ
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਉਲੀਕੇ ਗਏ ਪ੍ਰੋਗਰਾਮ ਦੌਰਾਨ ਗੁਰੂ ਘਰ ਦੀ ਮਰਿਆਦਾ ਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਮੁੱਖ ਰੱਖਿਆ ਜਾਵੇ। ਪਰਗਟ ਸਿੰਘ ਨੇ ਸਾਥੀਆਂ ਨੂੰ ਅਪੀਲ ਕੀਤੀ ਕਿ ਧਾਰਮਿਕ ਸਥਾਨਾਂ ਤੇ ਵੱਡੇ ਇਕੱਠ ਤੋਂ ਗੁਰੇਜ਼ ਕੀਤਾ ਜਾਵੇ ਤੇ ਪ੍ਰੋਗਰਾਮ ਦੌਰਾਨ ਮਰਿਆਦਾ ਦਾ ਪੂਰਾ ਸਤਿਕਾਰ ਕੀਤਾ ਜਾਵੇ।
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਤੇ ਇੰਚਾਰਜ ਸਚਿਨ ਪਾਇਲਟ ਅੱਜ ਅੰਮ੍ਰਿਤਸਰ ਪਹੁੰਚੇ ਹਨ। ਦੋਵੇਂ ਆਗੂ ਆਪਣੇ ਦੌਰੇ ਦੌਰਾਨ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣਗੇ। ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਸਚਿਨ ਪਾਇਲਟ ਤੇ ਪਰਗਟ ਸਿੰਘ ਸਵੇਰੇ 9:30 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਦੋਵੇਂ ਆਗੂ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣਗੇ। ਅੰਮ੍ਰਿਤਸਰ ਦੌਰੇ ਦੌਰਾਨ ਰਿਆਲਟੋ ਚੌਕ ਨੇੜੇ ਸਥਿਤ ਸੇਂਟ ਪੌਲ ਚਰਚ ਵਿਖੇ ਪ੍ਰਾਰਥਨਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸਚਿਨ ਪਾਇਲਟ ਤੇ ਪਰਗਟ ਸਿੰਘ ਰਾਮ ਤੀਰਥ ਮੰਦਰ ਵਿਖੇ ਮੱਥਾ ਟੇਕਣ ਲਈ ਪਹੁੰਚਣਗੇ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਉਲੀਕੇ ਗਏ ਪ੍ਰੋਗਰਾਮ ਦੌਰਾਨ ਗੁਰੂ ਘਰ ਦੀ ਮਰਿਆਦਾ ਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਮੁੱਖ ਰੱਖਿਆ ਜਾਵੇ। ਪਰਗਟ ਸਿੰਘ ਨੇ ਸਾਥੀਆਂ ਨੂੰ ਅਪੀਲ ਕੀਤੀ ਕਿ ਧਾਰਮਿਕ ਸਥਾਨਾਂ ਤੇ ਵੱਡੇ ਇਕੱਠ ਤੋਂ ਗੁਰੇਜ਼ ਕੀਤਾ ਜਾਵੇ ਤੇ ਪ੍ਰੋਗਰਾਮ ਦੌਰਾਨ ਮਰਿਆਦਾ ਦਾ ਪੂਰਾ ਸਤਿਕਾਰ ਕੀਤਾ ਜਾਵੇ।
- ਸਵੇਰੇ 7:15 ਵਜੇ: ਨਵੀਂ ਦਿੱਲੀ ਏਅਰਪੋਰਟ ਤੋਂ ਰਵਾਨਗੀ।
- ਸਵੇਰੇ 8:30 ਵਜੇ: ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਪਹੁੰਚਣਗੇ।
- ਸਵੇਰੇ 9:30 ਵਜੇ: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।
- ਸਵੇਰੇ 10:00 ਵਜੇ: ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣਗੇ।
- ਸਵੇਰੇ 11:30 ਵਜੇ: ਰਿਆਲਟੋ ਚੌਕ, ਅੰਮ੍ਰਿਤਸਰ ਨੇੜੇ ਸੇਂਟ ਪੌਲ ਚਰਚ ਵਿਖੇ ਨਤਮਸਤਕ ਹੋਣਗੇ।
- ਦੁਪਹਿਰ 12:30 ਵਜੇ: ਰਾਮ ਤੀਰਥ ਮੰਦਰ ਵਿਖੇ ਨਤਮਸਤਕ ਹੋਣਗੇ।
ਪਾਰਟੀ ਦੇ ਆਗੂਆਂ ਤੇ ਵਰਕਰਾਂ ‘ਚ ਉਤਸ਼ਾਹ
ਪੰਜਾਬ ਕਾਂਗਰਸ ‘ਚ ਨਵੀਂ ਲੀਡਰਸ਼ਿਪ ਤੇ ਨਵੀਂ ਊਰਜਾ ਦੇ ਸੰਚਾਰ ਨੂੰ ਲੈ ਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕੜੀ ਵਿੱਚ ਵੀਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਕਾਂਗਰਸ ਵਰਕਰਾਂ ਤੇ ਆਗੂਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਕਾਂਗਰਸ ਵਰਕਰ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਤੇ ਨਵੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਦੇ ਸਵਾਗਤ ਲਈ ਏਅਰਪੋਰਟ ਤੇ ਪੁੱਜੇ।
ਸਾਬਕਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਆਪਣੇ ਸਮਰਥਕਾਂ ਸਮੇਤ ਸਵਾਗਤ ਲਈ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਬੁਲਾਰੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਕਮਾਨ ਜਿਨ੍ਹਾਂ ਆਗੂਆਂ ਨੂੰ ਸੌਂਪੀ ਗਈ ਹੈ, ਉਨ੍ਹਾਂ ਦਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪੂਰੇ ਸਨਮਾਨ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ।
“ਪੰਜਾਬ ਕਾਂਗਰਸ ਹੁਣ ਇਕਜੁੱਟ”
ਪਾਰਟੀ ‘ਚ ਅੰਦਰੂਨੀ ਗੁੱਟਬਾਜ਼ੀ ਤੇ ਵਿਰੋਧੀਆਂ ਦੇ ਦਾਅਵਿਆਂ ਬਾਰੇ ਬੁਲਾਰੀਆ ਨੇ ਕਿਹਾ ਕਿ ਇਕੱਲੀ ਉਂਗਲ ਦੀ ਤਾਕਤ ਸੀਮਤ ਹੁੰਦੀ ਹੈ, ਪਰ ਜਦੋਂ ਸਾਰੀਆਂ ਉਂਗਲਾਂ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਮਜ਼ਬੂਤ ਮੁੱਠੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੂਰੀ ਪੰਜਾਬ ਕਾਂਗਰਸ ਹੁਣ ਇੱਕ ਮੁੱਠੀ ਵਾਂਗ ਇਕਜੁੱਟ ਹੋ ਕੇ ਅੱਗੇ ਵਧੇਗੀ ਅਤੇ ਨਵੀਂ ਤਾਕਤ ਵਜੋਂ ਉਭਰੇਗੀ।
ਇਹ ਵੀ ਪੜ੍ਹੋ
ਵਿਰੋਧੀ ਧਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੇ ਪ੍ਰਤੀਕਿਰਿਆ ਦਿੰਦਿਆਂ ਬੁਲਾਰੀਆ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਸਿਰਫ਼ ਗੱਲਾਂ ਕਰਨਾ ਤੇ ਤੰਜ ਕੱਸਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਸੀਨੀਅਰ ਤੇ ਨੌਜਵਾਨ ਆਗੂ ਇੱਕ ਮੰਚ ਤੇ ਨਜ਼ਰ ਆਉਣਗੇ। ਬੁਲਾਰੀਆ ਨੇ ਕਿਹਾ ਕਿ ਨਵੀਂ ਟੀਮ, ਨਵੀਂ ਸੋਚ ਤੇ ਨਵੀਂ ਊਰਜਾ ਨਾਲ ਪੰਜਾਬ ‘ਚ ਕਾਂਗਰਸ ਮੁੜ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਪਾਰਟੀ ਸੂਬੇ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ।
11 ਤਰੀਕ ਨੂੰ ਨਵੇਂ ਪ੍ਰਧਾਨ ਅਧਿਕਾਰਤ ਤੌਰ ਤੇ ਅਹੁਦਾ ਸੰਭਾਲਣਗੇ
ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾਕਿ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦਿੱਲੀ ‘ਚ ਸੰਘਰਸ਼ ਕਰ ਰਹੇ ਹਨ। 11 ਤਰੀਕ ਨੂੰ ਜਦੋਂ ਨਵੇਂ ਪ੍ਰਧਾਨ ਅਧਿਕਾਰਤ ਤੌਰ ਤੇ ਅਹੁਦਾ ਸੰਭਾਲਣਗੇ, ਤਾਂ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਆਗੂ, ਸੰਸਦ ਮੈਂਬਰ ਤੇ ਵਰਕਰ ਵੱਡੀ ਗਿਣਤੀ ‘ਚ ਮੌਜੂਦ ਰਹਿ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਬੁਲਾਰੀਆ ਨੇ ਭਰੋਸਾ ਜਤਾਇਆ ਕਿ ਨਵੀਂ ਟੀਮ, ਨਵੀਂ ਸੋਚ ਤੇ ਨਵੀਂ ਊਰਜਾ ਨਾਲ ਪੰਜਾਬ ‘ਚ ਕਾਂਗਰਸ ਪਾਰਟੀ ਮੁੜ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਤੇ ਸੂਬੇ ‘ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ।
