ਕੋਰਟ ‘ਚ ਸਰਕਾਰ ਦਾ ਹਰ ਮਾਮਲੇ ‘ਚ ਮਜਬੂਤੀ ਨਾਲ ਰਖਾਂਗੇ ਪੱਖ, ਪੰਜਾਬ ਦੇ ਨਵੇਂ AG ਗੁਰਮਿੰਦਰ ਸਿੰਘ ਨੇ ਸਾਂਭਿਆ ਅਹੁਦਾ
New AG Took Charge: ਮੰਗਲਵਾਰ ਸ਼ਾਮ ਨੂੰ ਹੀ ਐਡਵੋਕੇਟ ਜਨਰਲ ਵਿਨੋਦ ਘਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਘਈ ਦੇ ਅਸਤੀਫੇ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਇਸ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪੰਜਾਬ ਸਰਕਾਰ ਨੂੰ ਹਾਈਕੋਰਟ ਵਿੱਚ 13,000 ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ।
ਪੰਜਾਬ ਦੇ ਨਵੇਂ ਐਡਵੋਕੇਟ ਜਨਰਲ (ਏਜੀ) ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਨੇ ਵੀਰਵਾਰ ਸ਼ਾਮ ਨੂੰ ਆਪਣਾ ਅਹੁਦਾ ਸੰਭਾਲ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਰਹੇਗੀ ਕਿ ਹਰ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾਵੇ।
ਗੁਰਮਿੰਦਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹਨ। ਉਹ 1989 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਸਨ।
ਉਨ੍ਹਾਂ ਨੂੰ 2014 ਵਿੱਚ ਸੀਨੀਅਰ ਵਕੀਲ ਦਾ ਦਰਜਾ ਮਿਲਿਆ ਸੀ। ਉਹ ਹਰਿਆਣਾ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰੱਕੀ ਮਾਮਲੇ ਵਿੱਚ ਵਕੀਲ ਹੈ। ਉਹ ਇਸ ਮਾਮਲੇ ਵਿੱਚ ਜੱਜਾਂ ਦੀ ਤਰਫੋਂ ਵੀ ਅਦਾਲਤ ਵਿੱਚ ਪੈਰਵੀ ਕਰ ਰਹੇ ਹਨ। ਸੀਐਮ ਭਗਵੰਤ ਮਾਨ ਨੇ ਐਡਵੋਕੇਟ ਗੁਰਮਿੰਦਰ ਸਿੰਘ ਨੂੰ ਨਵਾਂ ਐਡਵੋਕੇਟ ਜਨਰਲ ਬਣਾਉਣ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ।
ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ….ਜਿਸ ਵਿੱਚ ਨਵੇਂ AG ਨੂੰ ਕੈਬਨਿਟ ਵਲੋਂ ਪ੍ਰਵਾਨਗੀ ਦਿੱਤੀ ਗਈ…ਨਵੇਂ AG ਵਜੋਂ ਗੁਰਮਿੰਦਰ ਸਿੰਘ ਦੇ ਨਾਮ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ…
ਨਾਲ ਹੀ SYL ਦੇ ਮਸਲੇ ਨੂੰ ਲੈਕੇ ਵੀ ਮੀਟਿੰਗ ‘ਚ ਚਰਚਾ ਹੋਈ…ਕਿਸੇ ਵੀ ਕੀਮਤ ‘ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ pic.twitter.com/9XJbfr1qf1— Bhagwant Mann (@BhagwantMann) October 5, 2023
ਇਸ ਤੋਂ ਪਹਿਲਾਂ ਐਡਵੋਕੇਟ ਵਿਨੋਦ ਘਈ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਜਿਸ ਨੂੰ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ‘ਚ ਮਨਜ਼ੂਰੀ ਦਿੱਤੀ ਗਈ। ਜਿਸ ਤੋਂ ਬਾਅਦ ਸਰਕਾਰ ਵੱਲੋਂ ਐਡਵੋਕੇਟ ਗੈਰੀ ਨੂੰ ਵੀ ਨਵਾਂ ਏਜੀ ਨਿਯੂਕਤ ਕਰਨ ਦੀ ਜਾਣਕਾਰੀ ਦਿੱਤੀ ਗਈ।
ਹਾਲ ਹੀ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ ਸੀ। ਜਦੋਂ ਇਹ ਮਾਮਲਾ ਹਾਈਕੋਰਟ ਵਿਚ ਗਿਆ ਤਾਂ ਸਰਕਾਰ ਨੂੰ ਬੈਕਫੁੱਟ ‘ਤੇ ਆਉਣਾ ਪਿਆ। ਇਸ ਤੋਂ ਇਲਾਵਾ ਹੋਰ ਕਈ ਮਾਮਲਿਆਂ ਵਿੱਚ ਵੀ ਸਰਕਾਰ ਏਜੀ ਵਿਨੋਦ ਘਈ ਤੋਂ ਸੰਤੁਸ਼ਟ ਨਹੀਂ ਸੀ।