ਨਵਾਂ ਸ਼ਹਿਰ ‘ਚ ਕਾਰੋਬਾਰੀ ਦਾ ਕਤਲ, ਨੌਕਰਾਨੀ ਦੇ ਜੀਜੇ ਨੇ ਦਾਤਰਾਂ ਨਾਲ ਵੱਢਿਆ, ਬੋਲੀ- ਮਾਲਕ ਕਰਦਾ ਸੀ ਛੇੜਛਾੜ
ਨੌਕਰਾਨੀ ਸੋਨਮ ਦੇਵੀ ਨੇ ਪੁਲਿਸ ਜਾਂਚ 'ਚ ਦੱਸਿਆ ਕਿ ਮਾਲਕ ਉਸ ਨਾਲ ਛੇੜਛਾੜ ਕਰਦਾ ਸੀ ਤੇ ਉਸ 'ਤੇ ਦਬਾਅ ਬਣਾ ਰਿਹਾ ਸੀ। ਇਸ ਦੀ ਜਾਣਕਾਰੀ ਉਸ ਨੇ ਆਪਣੇ ਜੀਜੇ ਨੂੰ ਦਿੱਤੀ। ਨੌਕਰਾਨੀ ਦੇ ਜੀਜੇ ਨੇ ਰਵੀ ਸੋਬਤੀ ਨੂੰ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦਾ ਝਗੜਾ ਵੀ ਹੋਇਆ ਸੀ।
ਨਵਾਂ ਸ਼ਹਿਰ 'ਚ ਕਾਰੋਬਾਰੀ ਦਾ ਕਤਲ, ਨੌਕਰਾਨੀ ਦੇ ਜੀਜੇ ਨੇ ਦਾਤਰਾਂ ਨਾਲ ਵੱਢਿਆ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ‘ਚ ਕਿਰਾਨਾ ਵਪਾਰੀ ਰਵਿੰਦਰ ਸੋਬਤੀ ਉਰਫ਼ ਰਵੀ ਸੋਬਤੀ ਦਾ ਉਸ ਦੀ ਹੀ ਮੇਡ (ਨੌਕਰਾਨੀ) ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰਾਨੀ ਦੇ ਜੀਜੇ ਨੇ ਇਹ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਮਾਮਲੇ ‘ਚ ਨੌਕਰਾਨੀ ਦਾ ਕਹਿਣਾ ਹੈ ਕਿ ਰਵਿੰਦਰ ਸੋਬਤੀ ਉਸ ਨਾਲ ਛੇੜਛਾੜ ਕਰਦਾ ਸੀ। ਇਸ ਬਾਰੇ ਉਸ ਨੇ ਆਪਣੇ ਜੀਜੇ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਕਤਲ ਦੀ ਸਾਜ਼ਿਸ ਰਚੀ। ਨੌਕਰਾਨੀ ਸੋਨਮ ਦੇਵੀ ਨੇ ਪੁਲਿਸ ਜਾਂਚ ‘ਚ ਦੱਸਿਆ ਕਿ ਮਾਲਕ ਉਸ ਨਾਲ ਛੇੜਛਾੜ ਕਰਦਾ ਸੀ ਤੇ ਉਸ ‘ਤੇ ਦਬਾਅ ਬਣਾ ਰਿਹਾ ਸੀ। ਇਸ ਦੀ ਜਾਣਕਾਰੀ ਉਸ ਨੇ ਆਪਣੇ ਜੀਜੇ ਨੂੰ ਦਿੱਤੀ। ਨੌਕਰਾਨੀ ਦੇ ਜੀਜੇ ਨੇ ਰਵੀ ਸੋਬਤੀ ਨੂੰ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦਾ ਝਗੜਾ ਵੀ ਹੋਇਆ ਸੀ।
ਸੁੰਨਸਾਨ ਜਗ੍ਹਾ ‘ਤੇ ਬੁਲਾਇਆ
ਇਸ ਪੂਰੀ ਘਟਨਾ ਤੋਂ ਬਾਅਦ ਨੌਕਰਾਨੀ ਸੋਨਮ ਦੇ ਜੀਜੇ ਸੁਰਜੀਤ ਸਿੰਘ ਨੇ ਸੋਨਮ ਨੂੰ ਕਿਹਾ ਕਿ ਉਹ ਰਵੀ ਸੋਬਤੀ ਨੂੰ ਕਿਸੇ ਸੁੰਨਸਾਨ ਜਗ੍ਹਾ ‘ਤੇ ਬੁਲਾਏ ਤਾਂ ਜੋ ਉਹ ਉਸ ਦਾ ਕਤਲ ਕਰ ਸਕਣ। ਨੌਕਰਾਨੀ ਸੋਨਮ ਨੇ 12 ਦਸੰਬਰ ਦੀ ਰਾਤ ਰਵੀ ਸੋਬਤੀ ਨੂੰ ਮਹਾਲੋਂ ਨੇੜੇ ਅੰਡਰਬ੍ਰਿਜ ਕੋਲ ਬੁਲਾਇਆ। ਰਵੀ ਸੋਬਤੀ ਜਿਵੇਂ ਹੀ ਨੌਕਰਾਨੀ ਦੀ ਦੱਸੀ ਹੋਈ ਜਗ੍ਹਾ ‘ਤੇ ਪਹੁੰਚਿਆ ਤਾਂ ਨੌਕਰਾਨੀ ਸੋਨਮ ਦੇ ਜੀਜੇ ਸੁਰਜੀਤ ਸਿੰਘ ਨੇ ਆਪਣੇ ਦੋਸਤਾਂ- ਮਨੀ, ਚਰਨਜੀਤ ਤੇ ਇੱਕ ਨਾਬਾਲਗ ਨਾਲ ਮਿਲ ਕੇ ਰਵੀ ਸੋਬਤੀ ਦਾ ਦਾਤਰਾਂ ਨਾਲ ਕਤਲ ਕਰ ਦਿੱਤਾ। ਨਵਾਂ ਸ਼ਹਿਰ ਮਹਾਲੋਂ ‘ਚ ਕਤਲ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਗੱਡੀ ‘ਚ ਰੱਖਿਆ ਤੇ ਇਸ ਪੂਰੀ ਵਾਰਦਾਤ ਨੂੰ ਰੋਡ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਉਹ ਗੱਡੀ ਨਵਾਂਸ਼ਹਿਰ ਤੋਂ ਬਲਾਚੌਰ ਲੈ ਗਏ। ਇਸ ਦੌਰਾਨ ਤਿੰਨ ਮੁਲਜ਼ਮ ਗੱਡੀ ‘ਚ ਬੈਠ ਗਏ ਤੇ ਦੋ ਪਿੱਛੇ ਬਾਈਕ ‘ਤੇ ਆਏ। ਬਾਈਕ ‘ਤੇ ਆ ਰਹੇ ਮੁਲਜ਼ਮਾਂ ਨੇ ਲਾਸ਼ ਨੂੰ ਸਾੜਨ ਲਈ ਪੈਟਰੋਲ ਦਾ ਇੰਤਜ਼ਾਮ ਕੀਤਾ। ਬਲਾਚੌਰ ਨੇੜੇ ਪਹੁੰਚ ਕੇ ਉਨ੍ਹਾਂ ਨੇ ਗੱਡੀ ਨੂੰ ਕਿਸੇ ਖੱਡੇ ‘ਚ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਪੂਰੀ ਘਟਨਾ ਐਕਸੀਡੈਂਟ ਲਗੇ। ਉਨ੍ਹਾਂ ਨੇ ਗੱਡੀ ਤੇ ਲਾਸ਼ ਤੇ ਪੈਟਰੋਲ ਛਿੜਕਿਆ ਤੇ ਅੱਗ ਲਗਾ ਦਿੱਤੀ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ।
ਪੁਲਿਸ ਨੇ ਕਿਵੇਂ ਕੀਤਾ ਕਾਬੂ?
ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਤੁਸ਼ਾਰ ਗੁਪਤਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ 12 ਦਸੰਬਰ ਨੂੰ ਰਾਤ ਕਰੀਬ 9 ਵਜੇ ਰਵੀ ਸੋਬਤੀ ਦਾ ਪੁੱਤਰ ਪੁਲਿਸ ਥਾਣੇ ਪਹੁੰਚਿਆ। ਉਸ ਨੇ ਪਿਤਾ ਦੇ ਗਾਇਬ ਹੋਣ ਤੇ ਸੰਪਰਕ ਨਾ ਹੋਣ ਦੀ ਸ਼ਿਕਾਇਤ ਕੀਤੀ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਰਵੀ ਸੋਬਤੀ ਦੀ ਲੋਕੇਸ਼ਨ ਦੀ ਜਾਂਚ ਕੀਤੀ। ਲੋਕੇਸ਼ਨ ਬਲਾਚੌਰ ਦੀ ਆ ਰਹੀ ਸੀ। ਪੁਲਿਸ ਨੇ ਬਲਾਚੌਰ ਪੁਲਿਸ ਨਾਲ ਸੰਪਰਕ ਕੀਤਾ ਤੇ ਇਸ ਦੇ ਨਾਲ ਹੀ ਰਵੀ ਸੋਬਤੀ ਦੇ ਪਰਿਵਾਰ ਨਾਲ ਵੀ ਲੋਕੇਸ਼ਨ ‘ਤੇ ਪਹੁੰਚੇ।
ਪੁਲਿਸ ਨੇ ਮੌਕੇ ‘ਤੇ ਗੱਡੀ ਤੇ ਅੱਧ ਸੜੀ ਲਾਸ਼ ਨੂੰ ਦੇਖਿਆ। ਰਵੀ ਦੇ ਪੁੱਤਰ ਦੇ ਬਿਆਨਾਂ ‘ਤੇ 13 ਦਸੰਬਰ ਨੂੰ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਜਾਂਚ ਕੀਤੀ। ਪੁਲਿਸ ਨੂੰ ਫ਼ੋਨ ਕਾਲ ਦੀ ਹਿਸਟਰੀ ਤੋਂ ਇਸ ਪੂਰੇ ਮਾਮਲੇ ‘ਚ ਨੌਕਰਾਨੀ ‘ਤੇ ਸ਼ੱਕ ਹੋਇਆ, ਜਿਸ ਨੇ ਕਤਲ ਤੋਂ ਪਹਿਲਾਂ ਰਵੀ ਨੂੰ ਕਈ ਫ਼ੋਨ ਕੀਤੇ ਸਨ। ਉਸ ਨੇ ਫ਼ੋਨ ਹਿਸਟਰੀ ਵੀ ਡਿਲੀਟ ਕੀਤੀ ਸੀ। ਪੁਲਿਸ ਨੇ ਨੌਕਰਾਨੀ ਨੂੰ ਕਾਬੂ ਕਰਨ ਲਈ ਟੀਮਾਂ ਨੂੰ ਉਸ ਪਿੱਛੇ ਲਗਾ ਦਿੱਤਾ। ਪੁਲਿਸ ਨੂੰ ਪਤਾ ਚੱਲਿਆ ਕਿ ਉਹ ਪੰਜਾਬ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਇਸੇ ਦੌਰਾਨ ਕਾਬੂ ਕਰ ਲਿਆ। ਦੋਵੇਂ ਮੁੱਖ ਮੁਲਜ਼ਮ ਨੌਕਰਾਨੀ ਸੋਨਮ ਦੇਵੀ ਤੇ ਉਸ ਦਾ ਜੀਜਾ ਸੁਰਜੀਤ ਸਿੰਘ ਮੂਲ ਰੂਪ ਤੋਂ ਬਿਹਾਰ ਵਾਸੀ ਸਨ, ਪਰ ਉਹ ਲੰਬੇ ਸਮੇਂ ਤੋਂ ਪੰਜਾਬ ਰਹਿ ਰਹੇ ਸਨ।
