ਨਵਜੋਤ ਸਿੰਘ ਸਿੱਧੂ ਦੀ ਰਿਹਾਈ ਟਲੀ,ਸਮਰਥਕਾਂ ਵਿਚ ਮਾਯੂਸੀ ਛਾਈ
ਨਵਜੋਤ ਸਿੱਧੂ ਦੀ ਰਿਹਾਈ ਦੀ ਚਰਚਾ ਉਸ ਸਮੇਂ ਸਾਹਮਣੇ ਆਈ ਜਦੋਂ ਉਹਨਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਰੂਟ ਮੈਪ ਸ਼ੇਅਰ ਕੀਤਾ ਗਿਆ। ਜਿਸ 'ਚ ਕਿਹਾ ਗਿਆ ਸੀ ਕਿ ਸਿੱਧੂ ਪਟਿਆਲਾ ਸੈਂਟਰਲ ਜੇਲ ਤੋਂ ਰਿਹਾਅ ਹੋਣ ਮਗਰੋਂ ਕਿਹੜੀਆਂ ਥਾਵਾਂ 'ਤੇ ਰੁਕਣਗੇ, ਜਿੱਥੇ ਉਹਨਾਂ ਦਾ ਸਵਾਗਤ ਕੀਤਾ ਜਾ ਸਕਦਾ ਹੈ।
ਗਣਤੰਤਰ ਦਿਵਸ ਮੌਕੇ ਪੰਜਾਬ ਦੀਆਂ ਜੇਲ੍ਹਾਂ ‘ਚੋਂ ਰਿਹਾਅ ਹੋਣ ਵਾਲੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦਾ ਮਾਮਲਾ ਫਾਈਲਾਂ ਵਿਚ ਫਸ ਕੇ ਰਿਹ ਗਿਆ ਹੈ। ਨਵਜੋਤ ਸਿੱਧੂ ਦੀ ਰਿਹਾਈ ਤੇ ਰੋਕ ਲਗਾ ਦਿੱਤੀ ਗਈ ਹੈ। ਪਹਿਲਾਂ ਇਹ ਗੱਲ ਚਰਚਾ ਵਿਚ ਸੀ ਕਿ ਉਨ੍ਹਾਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਜੇਲ੍ਹ ਵਿਚੋਂ ਰਿਹਾਈ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਜੇਲ੍ਹ ਵਿਭਾਗ ਨੇ ਰਿਹਾਅ ਕੀਤੇ ਜਾਣ ਵਾਲੇ 51 ਕੈਦੀਆਂ ਦੀ ਸੂਚੀ ਤਿਆਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਸੀ ਪਰ ਮਾਨ ਨੇ ਅਜੇ ਤੱਕ ਇਹ ਫਾਈਲ ਰਾਜਪਾਲ ਨੂੰ ਨਹੀਂ ਭੇਜੀ।
ਅਧਿਕਾਰੀਆਂ ਅਨੁਸਾਰ ਪਿਛਲੀ ਕੈਬਨਿਟ ਮੀਟਿੰਗ ਵਿੱਚ ਕੈਦੀਆਂ ਦੀ ਰਿਹਾਈ ਸਬੰਧੀ ਹੋਈ ਗੈਰ ਰਸਮੀ ਗੱਲਬਾਤ ਦੌਰਾਨ ਇਹ ਗੱਲ ਉਠਾਈ ਗਈ ਸੀ ਕਿ ਜੇਕਰ ਸਿੱਧੂ ਦੀ ਰਿਹਾਈ ਹੁੰਦੀ ਹੈ ਤਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕੀਤਾ ਜਾਵੇਗਾ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੁਣ ਤੱਕ ਬਹੁਤੀ ਦਿਲਚਸਪੀ ਨਹੀਂ ਦਿਖਾਈ ਸੀ।
ਪਤਨੀ ਨਵਜੋਤ ਕੌਰ ਨੇ ਕੱਢਿਆ ਪੰਜਾਬ ਸਰਕਾਰ ਤੇ ਗੁੱਸਾ
ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਤੇ ਗੁੱਸਾ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸਰਕਾਰ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮੌਕੇ ਉਨ੍ਹਾਂ ਨੂੰ ਇਸ ਲਈ ਰਿਹਾਅ ਨਹੀਂ ਕਰ ਰਹੀ ਕਿਉਕਿ ਨਵਜੋਤ ਸਿੱਧੂ ਇਕ ਖੌਫਨਾਕ ਜਾਨਵਰ ਦੀ ਸ਼੍ਰੇਣੀ ‘ਚ ਆਉਂਦਾ ਹੈ। ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਨ੍ਹਾਂ ਤੋਂ ਦੂਰ ਰਹਿਣ।
ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਵਿਚ ਸਨ ਸਿੱਧੂ ਦੇ ਸਮਰਥਕ
ਨਵਜੋਤ ਸਿੱਧੂ ਦੀ ਰਿਹਾਈ ਦੀ ਚਰਚਾ ਉਸ ਸਮੇਂ ਸਾਹਮਣੇ ਆਈ ਜਦੋਂ ਉਹਨਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਰੂਟ ਮੈਪ ਸ਼ੇਅਰ ਕੀਤਾ ਗਿਆ। ਜਿਸ ‘ਚ ਕਿਹਾ ਗਿਆ ਸੀ ਕਿ ਸਿੱਧੂ ਪਟਿਆਲਾ ਸੈਂਟਰਲ ਜੇਲ ਤੋਂ ਰਿਹਾਅ ਹੋਣ ਮਗਰੋਂ ਕਿਹੜੀਆਂ ਥਾਵਾਂ ‘ਤੇ ਰੁਕਣਗੇ, ਜਿੱਥੇ ਉਹਨਾਂ ਦਾ ਸਵਾਗਤ ਕੀਤਾ ਜਾ ਸਕਦਾ ਹੈ। ਸਿੱਧੂ ਦੇ ਕਾਂਗਰਸ ਵਿੱਚ ਬਣੇ ਰਹਿਣ ਅਤੇ ਜੇਲ੍ਹ ਤੋਂ ਰਿਹਾਅ ਹੁੰਦੇ ਸਾਰ ਹੀ ਉਨ੍ਹਾਂ ਨੂੰ ਪਾਰਟੀ ਵਿੱਚ ਵੱਡਾ ਅਹੁਦਾ ਦਿੱਤੇ ਜਾਣ ਦੀਆਂ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਸਨ ਪਰ ਇਹ ਸਾਰੀਆਂ ਕਿਆਸਅਰਾਈਆਂ ਅਜੇ ਸਿਰੇ ਨਹੀਂ ਚੜ੍ਹੀਆਂ ਕਿਉਂਕਿ ਸਿੱਧੂ ਦੀ ਅਚਨਚੇਤੀ ਰਿਹਾਈ ਰੋਕ ਦਿੱਤਾ ਗਿਆ ਹੈ।
ਸਿੱਧੂ ਦੇ ਸਵਾਗਤ ਲਈ ਤਿਆਰੀਆਂ ਤੇਜ਼
ਸਿੱਧੂ ਦੇ ਸਮਰਥਕਾਂ ਨੇ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਪਟਿਆਲਾ ਦੀਆਂ ਸੜਕਾਂ ‘ਤੇ ਵੱਡੀ ਰੈਲੀ ਦੇ ਰੂਪ ‘ਚ ਉਨ੍ਹਾਂ ਨੂੰ ਜੇਲ੍ਹ ‘ਚੋਂ ਲਿਆ ਕੇ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ ਜਾਣਾ ਸੀ। ਸਮਰਥਕਾਂ ਨੇ ਨਵਜੋਤ ਸਿੱਧੂ ਦੇ ਸਵਾਗਤ ਲਈ ਪਟਿਆਲਾ ‘ਚ ਕਈ ਥਾਵਾਂ ‘ਤੇ ਬੋਰਡ ਲਗਾਏ ਹੋਏ ਸਨ। ਇਸ ਗੱਲ ਦਾ ਪਤਾ ਲੱਗਦਿਆਂ ਕਿ ਨਵਜੋਤ ਸਿੱਧੂ ਦੀ ਰਿਹਾਈ ਤੇ ਰੋਕ ਲੱਗੀ ਗਈ ਹੈ ਤਾਂ ਪਟਿਆਲਾ ਨਗਰ ਨਿਗਮ ਨੇ ਇਹਨਾਂ ਬੋਰਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੇਕਰ ਨਵਜੋਤ ਸਿੱਧੂ ਹੁਣ ਅਪ੍ਰੈਲ ਜੇਲ ‘ਚ ਬਾਹਰ ਆਉਣਗੇ।
ਇਹ ਵੀ ਪੜ੍ਹੋ
ਰੋਡ ਰੇਜ ਮਾਮਲੇ ‘ਚ ਸਿੱਧੂ ਨੂੰ ਹੋਈ ਸੀ ਇਕ ਸਾਲ ਦੀ ਸਜ਼ਾ
ਜ਼ਿਕਰਯੋਗ ਹੈ ਕਿ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਸੀ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਪੰਜਾਬ ਸਰਕਾਰ ਦੇ ਇੱਕ ਉੱਚ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਤੱਕ ਨਹੀਂ ਪਹੁੰਚੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਜ਼ਾਦੀ ਦਿਹਾੜੇ ‘ਤੇ ਜਦੋਂ ਇਹ ਫਾਈਲ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜੀ ਗਈ ਸੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਵਾਪਸ ਕਰ ਦਿੱਤੀ ਸੀ ਕਿ ਹਰੇਕ ਕੈਦੀ ਦੀ ਫਾਈਲ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੱਖਰੇ ਤੌਰ ‘ਤੇ ਭੇਜਿਆ ਜਾਵੇ।
ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਹੜਾ ਕੈਦੀ, ਕਿਸ ਅਪਰਾਧ ਲਈ, ਕਿੰਨੀ ਸਜ਼ਾ ਭੁਗਤ ਰਿਹਾ ਹੈ ਅਤੇ ਜੇਲ੍ਹ ਵਿਚ ਉਸ ਦਾ ਵਿਵਹਾਰ ਕਿਹੋ ਜਿਹਾ ਹੈ। ਇਸ ਤੋਂ ਬਾਅਦ ਕੈਬਿਨੇਟ ਤੋਂ ਮਨਜ਼ੂਰੀ ਲੈ ਕੇ ਅਜਿਹੀਆਂ ਕਈ ਫਾਈਲਾਂ ਸੁਤੰਤਰਤਾ ਦਿਵਸ ‘ਤੇ ਰਾਜਪਾਲ ਨੂੰ ਭੇਜੀਆਂ ਗਈਆਂ ਸਨ।
30 ਜਨਵਰੀ ਨੂੰ ਯਾਤਰਾ ‘ਚ ਨਹੀਂ ਹੋਣਗੇ ਸ਼ਾਮਲ
ਦੱਸ ਦੇਈਏ ਕਿ ਹੁਣ ਨਵਜੋਤ ਸਿੱਧੂ 30 ਜਨਵਰੀ ਨੂੰ ਸ੍ਰੀਨਗਰ ਵਿੱਚ ਸਮਾਪਤ ਹੋਣ ਵਾਲੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਸਿੱਧੂ ਦੀ 26 ਜਨਵਰੀ ਨੂੰ ਹੋਣ ਵਾਲੀ ਰਿਹਾਈ ਦੀ ਚਰਚਾ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।