ਨਵਜੋਤ ਸਿੰਘ ਸਿੱਧੂ ਨੇ ਰਿਹਾਈ ਤੋਂ ਪਹਿਲਾਂ ਵਧਾਈ ਸਸਰਗਾਰਮੀਆਂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸਮੇ ਤੋਂ ਪਹਿਲਾਂ ਰਿਹਾਈ ਦੀ ਖ਼ਬਰਾਂ ਨੇ ਪੰਜਾਬ ਚ ਨਵੀਆਂ ਚਰਚਾਵਾਂ ਛੇੜ ਦਿਤੀਆਂ ਹਨ। ਸਿੱਧੂ ਦੀ ਰਿਹਾਈ ਤੋਂ ਪਹਿਲਾਂ ਸੂਬੇ ਦੇ ਕਈ ਆਗੂ ਜਿੱਥੇ ਉਨਾਂ ਨੂੰ ਜੇਲ੍ਹ ਵਿੱਚ ਜਾ ਕੇ ਮਿਲ ਰਹੇ ਹਨ।
ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੱਧੂ ਦੀ ਇੱਕ ਵੱਖਰੀ ਪਹਿਚਾਣ ਰਹੀ ਹੈ। ਨਵਜੋਤ ਸਿੱਧੂ ਭਾਵੇਂ ਕਿਸੇ ਵੀ ਪਾਰਟੀ ਵਿੱਚ ਰਹੇ ਹੋਣ ਪ੍ਰੰਤੂ ਉਨਾਂ ਦੀ ਰਾਜਨੀਤੀ ਦੀ ਆਪਣੀ ਇੱਕ ਵੱਖਰੀ ਲਾਈਨ ਰਹੀ ਹੈ। ਇਹੀ ਕਾਰਣ ਹੈ ਕਿ ਸਿੱਧੂ ਜਿਆਦਾ ਸਮਾਂ ਕਿਸੇ ਇੱਕ ਪਾਰਟੀ ਵਿੱਚ ਨਹੀਂ ਰਹੇ।
ਨਵਜੋਤ ਸਿੱਧੂ ਇਸ ਵੇਲੇ ਰੋਡ ਰੇਜ ਦੇ ਇੱਕ ਪੁਰਾਣੇ ਮਾਮਲੇ ਵਿੱਚ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹਨ। ਸਿਧੂ ਨੂੰ ਇੱਕ ਸਾਲ ਦੀ ਸਜਾ ਸੁਣਾਈ ਗਈ ਹੈ। ਜੇਲ੍ਹ ਵਿੱਚ ਚੰਗੇ ਵਰਤਾਅ ਕਾਰਨ ਸਿੱਧੂ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਹੀ 26 ਜਨਵਰੀ 2023 ਨੂੰ ਗਣਤੰਤਰ ਦਿਵਸ ਮੌਕੇ ਰਿਹਾਅ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿਆਸੀ ਹਲਕਿਆਂ ਅੰਦਰ ਬਹੁਤ ਸਾਰੀਆਂ ਚਰਚਾਵਾਂ ਪਹਿਲਾਂ ਹੀ ਛਿੜ ਚੁੱਕੀਆਂ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾਲ ਪੰਜਾਬ ਕਾਂਗਰਸ ਚ ਵੱਡੇ ਫੇਰ ਬਦਲ ਦੇ ਨਾਲ ਨਾਲ ਨਵਜੋਤ ਸਿੱਧੂ ਵੀ ਖੁਦ ਕੋਈ ਵੱਡਾ ਐਲਾਨ ਕਰ ਸਕਦੇ ਹਨ।
ਨਵਜੋਤ ਸਿੱਧੂ ਦੀ ਅਗਾਊ ਰਿਹਾਈ ਲਈ ਪਲੈਨਿੰਗ
ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੇ ਅਗਾਊ ਰਿਹਾਈ ਲਈ ਪਲੈਨਿੰਗ ਤਹਿਤ ਹੀ ਪੈਰੋਲ ਨਹੀਂ ਲਈ ਸੀ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਰੁਕ ਸਕਦੀ ਸੀ। ਲਿਹਾਜਾ ਹੁਣ ਉਹ 26 ਜਨਵਰੀ 2023 ਨੂੰ ਗਣਤੰਤਰ ਦਿਵਸਮੌਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਭਾਰਤ ਸਰਕਾਰ ਵਲੋਂ ਕੈਦੀਆਂ ਨੂੰ ਅਗਾਊ ਰਿਹਾਈ ਦੀ ਸੁਵਿਧਾ ਦੇਣ ਤੇ ਆਧਾਰਿਤ ਸਜ਼ਾ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਹੀ ਰਿਹਾਅ ਹੋ ਰਹੇ ਹਨ। ਇਸ ਨੀਤੀ ਤਹਿਤ ਉਦੋਂ ਤੱਕ ਉਹ ਆਪਣੀ ਇੱਕ ਸਾਲ ਦੀ ਕੈਦ ਦਾ 68 ਫੀਸਦੀ ਹਿੱਸਾ ਕੱਟਣ ਕਰਕੇ ਅਗੇਤੀ ਰਿਹਾਈ ਦੇ ਹੱਕਦਾਰ ਹੋ ਗਏ ਹਨ।
ਮਨਪ੍ਰੀਤ ਬਾਦਲ, ਦੂਲੋ, ਲਾਲ ਸਿੰਘ ਅਤੇ ਕੇ. ਪੀ. ਕਰ ਚੁੱਕੇ ਨੇ ਨਵਜੋਤ ਸਿੱਧੂ ਨਾਲ ਜੇਲ੍ਹ ‘ਚ ਮੁਲਾਕਾਤ
ਪੰਜਾਬ ਕਾਂਗਰਸ ਚ ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹਲਚਲ ਸ਼ੁਰੂ ਹੋ ਚੁੱਕੀ ਹੈ। ਕਿਉਂਕਿ ਲੰਘੇ ਸਮੇਂ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਚ ਮਿਲਣ ਲਈ ਸ਼ਮਸ਼ੇਰ ਸਿੰਘ ਦੂਲੋ, ਲਾਲ ਸਿੰਘ, ਕੇ. ਪੀ. ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਕਈ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਪਹੁੰਚ ਚੁੱਕੇ ਹਨ। ਪਰ ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਵਜੋਤ ਸਿੱਧੂ ਨਾਲ ਅਜੇ ਤੱਕ ਇਕ ਵੀ ਮੁਲਾਕਾਤ ਨਾ ਕਰਨਾ ਆਪਣੇ ਆਪ ਵਿਚ ਵੱਡੇ ਸਵਾਲ ਖੜੇ ਕਰਦਾ ਹੈ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਨਵਜੋਤ ਸਿੱਧੂ ਜੇਲ੍ਹ ਚੋਂ ਬਾਹਰ ਆ ਕੇ ਕੀ ਕੁੱਝ ਅਗਲੀ ਰਣਨੀਤੀ ਬਣਾਉਦੇ ਹਨ ਅਤੇ ਕੀ ਨਵਾਂ ਧਮਾਕਾ ਪੰਜਾਬ ਦੀ ਰਾਜਨੀਤੀ ਵਿਚ ਕਰਨਗੇ।