ਵਾਰਡਬੰਦੀ ਪੂਰੀ ਨਾ ਹੋਣ ਕਰਕੇ ਫਗਵਾੜਾ ਨਗਰ ਨਿਗਮ ਚੋਣਾਂ ਫਿਲਹਾਲ ਨਹੀਂ, ਬਾਕੀ ਤਿੰਨ ਦੀ ਵੋਟਰ ਸੂਚੀ ਤਕਰੀਬਨ ਫਾਈਨਲ
ਪੰਜਾਬ ਚ ਹੋਣ ਜਾ ਰਹੀਆਂ ਪੰਚਾਇਤੀ ਅਤੇ ਨਗਰ ਨਿਗਮਾਂ ((Municipal Corporation) ਦੀਆਂ ਚੋਣਾਂ ਨੂੰ ਲੈਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਹੁਣ ਸੂਬਾ ਚੋਣ ਕਮੀਸ਼ਨ ਵੱਲੋਂ ਵੀ ਚੋਣ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ, ਭਰੋਸੇਯੋਗ ਸੂਤਰਾਂ ਅਨੁਸਾਰ ਇਹ ਚੋਣਾਂ ਜਨਵਰੀ ਮਹੀਨੇ ਵਿੱਚ ਕਰਵਾਏ ਜਾਣ ਦਾ ਅਨੁਮਾਨ ਹੈ।
ਫਗਵਾੜਾ ਦੀਆਂ ਨਗਰ ਨਿਗਮ ਚੋਣਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਨਗਰ ਨਿਗਮ ਦੇ ਵਾਰਡਾਂ ਸਬੰਧੀ ਵਿਵਾਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਜਿਸ ਕਾਰਨ ਚੋਣ ਕਮਿਸ਼ਨ ਨੇ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਮੰਗਲਵਾਰ ਸ਼ਾਮ ਜਾਂ ਬੁੱਧਵਾਰ ਸਵੇਰੇ ਤੱਕ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੀਆਂ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਇਨ੍ਹਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।
ਜਨਵਰੀ 2023 ਤੋਂ ਲੰਬਿਤ ਹਨ ਚੋਣਾਂ
ਪੰਜਾਬ ਦੇ ਇਨ੍ਹਾਂ 5 ਮਹਾਨਗਰਾਂ ਵਿੱਚ ਜਨਵਰੀ 2023 ਵਿੱਚ ਚੋਣਾਂ ਹੋਣੀਆਂ ਸਨ ਪਰ ਵਾਰਡਬੰਦੀ ਦਾ ਕੰਮ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਇਸ ਕਾਰਨ ਇਹ ਚੋਣ ਅਜੇ ਪੈਂਡਿੰਗ ਹੈ। ਵਿਭਾਗ ਵੱਲੋਂ ਅਕਤੂਬਰ ਵਿੱਚ ਵਾਰਡਬੰਦੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਚੋਣ ਕਮਿਸ਼ਨ ਨੂੰ ਭੇਜ ਦਿੱਤਾ। ਇਸ ਤਹਿਤ ਇਹ ਚੋਣਾਂ 15 ਨਵੰਬਰ ਨੂੰ ਹੋਣੀਆਂ ਸਨ।
ਜਲੰਧਰ ਵਾਰਡਬੰਦੀ ਦਾ ਮਾਮਲਾ ਵੀ ਪਹੁੰਚਿਆ ਸੀ ਹਾਈਕੋਰਟ
ਜਲੰਧਰ ਵਿੱਚ ਵਾਰਡਬੰਦੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਅਤੇ ਕੁਝ ਹੋਰ ਲੋਕਾਂ ਨੇ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਨਿਗਮ ਅਧਿਕਾਰੀਆਂ ਨੇ ਉਨ੍ਹਾਂ ਦੇ ਇਤਰਾਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਬਾਅਦ ਉਹ ਨਵੇਂ ਖਰੜੇ ਵਿੱਚ ਕਮੀਆਂ ਨੂੰ ਲੈ ਕੇ ਹਾਈ ਕੋਰਟ ਗਏ ਸਨ। ਇਸ ਤੋਂ ਬਾਅਦ ਹਾਈਕੋਰਟ ਨੇ ਚੋਣਾਂ ‘ਤੇ ਰੋਕ ਲਗਾ ਦਿੱਤੀ ਸੀ। ਇਸ ਕਾਰਨ ਵੀ ਇਹ ਚੋਣਾਂ ਲਟਕ ਗਈਆਂ ਹਨ।
39 ਨਗਰ ਕੌਂਸਲਾਂ ਦੀਆਂ ਚੋਣਾਂ ਵੀ ਹਨ ਪੈਂਡਿੰਗ
ਇਨ੍ਹਾਂ ਤੋਂ ਇਲਾਵਾ ਸੂਬੇ ਵਿੱਚ 39 ਨਗਰ ਕੌਂਸਲਾਂ ਦੀਆਂ ਚੋਣਾਂ ਵੀ ਪੈਂਡਿੰਗ ਹਨ ਪਰ ਪੰਜਾਬ ਸਰਕਾਰ ਫਿਲਹਾਲ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਮੂਡ ਵਿੱਚ ਨਹੀਂ ਹੈ। ਪੰਜਾਬ ਵਿੱਚ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਵਿਚ ਸਾਰੀਆਂ ਪਾਰਟੀਆਂ ਆਪਣੀ ਤਾਕਤ ਦੀ ਵਰਤੋਂ ਕਰਨਗੀਆਂ।