ਸਾਂਸਦ ਮੀਤ ਹੇਅਰ ਹੋਏ ਡੇਂਗੂ ਪਾਜੀਟਿਵ, ਫੋਰਟਿਸ ਹਸਪਤਾਲ ‘ਚ ਭਰਤੀ
ਮੀਤ ਹੇਅਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ- ਮੈਂ ਡੇਂਗੂ ਪਾਜ਼ੇਟਿਵ ਹੋਣ ਕਾਰਨ ਪਿਛਲੇ ਇਕ ਹਫਤੇ ਤੋਂ ਹਸਪਤਾਲ 'ਚ ਭਰਤੀ ਹਾਂ। ਮੈਂ ਬਰਨਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜ਼ਿਮਨੀ ਚੋਣ ਲਈ ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਠੀਕ ਹੋਣ ਤੋਂ ਬਾਅਦ ਮੈਂ ਜਲਦੀ ਹੀ ਚੋਣ ਪ੍ਰਚਾਰ 'ਚ ਸ਼ਾਮਲ ਹੋਵਾਂਗਾ।
ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਡੇਂਗੂ ਪਾਜ਼ੇਟਿਵ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਸਮੇਂ ਗੁਰਮੀਤ ਸਿੰਘ ਮੀਤ ਹੇਅਰ ਬੈੱਡ ਰੈਸਟ ‘ਤੇ ਹਨ। ਉਨ੍ਹਾਂ ਨੂੰ ਠੀਕ ਹੋਣ ਵਿੱਚ ਕੁਝ ਦਿਨ ਲੱਗ ਸਕਦੇ ਹਨ।
ਮੀਤ ਹੇਅਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ- ਮੈਂ ਡੇਂਗੂ ਪਾਜ਼ੇਟਿਵ ਹੋਣ ਕਾਰਨ ਪਿਛਲੇ ਇਕ ਹਫਤੇ ਤੋਂ ਹਸਪਤਾਲ ‘ਚ ਭਰਤੀ ਹਾਂ। ਮੈਂ ਬਰਨਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜ਼ਿਮਨੀ ਚੋਣ ਲਈ ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਠੀਕ ਹੋਣ ਤੋਂ ਬਾਅਦ ਮੈਂ ਜਲਦੀ ਹੀ ਚੋਣ ਪ੍ਰਚਾਰ ‘ਚ ਸ਼ਾਮਲ ਹੋਵਾਂਗਾ।
ਸੂਬੇ ਦੀਆਂ 4 ਸੀਟਾਂ ‘ਤੇ ਹੈ ਚੋਣ
ਪੰਜਾਬ ਵਿੱਚ ਵਿਧਾਨ ਸਭਾ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਕੱਲ੍ਹ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਸੀ। ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ‘ਤੇ 13 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। 7 ਦਿਨਾਂ ਤੱਕ ਚੱਲੀ ਨਾਮਜ਼ਦਗੀ ਪ੍ਰਕਿਰਿਆ ਵਿੱਚ ਕੁੱਲ 60 ਉਮੀਦਵਾਰਾਂ ਨੇ 67 ਹਲਫ਼ਨਾਮੇ ਦਾਖ਼ਲ ਕੀਤੇ ਹਨ।
ਉਮੀਦਵਾਰ 30 ਅਕਤੂਬਰ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਇਨ੍ਹਾਂ ਚਾਰਾਂ ਸੀਟਾਂ ‘ਤੇ ਕੁੱਲ ਵੋਟਰਾਂ ਦੀ ਗਿਣਤੀ 6,96,316 ਹੈ ਅਤੇ 831 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਲਈ ਵੀ ਸਬੰਧਤ ਜ਼ਿਲ੍ਹਿਆਂ ਵਿੱਚ ਯੋਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ।