Moga Crime : ਕਾਰੋਬਾਰ ਵਿਚ ਕਰਜਾਈ ਹੋਏ ਵਪਾਰੀ ਦੀ ਲਾਸ਼ ਨਹਿਰ ‘ਚੋਂ ਮਿਲੀ
Moga Businessman Suicide : ਮ੍ਰਿਤਕ ਕਾਰੋਬਾਰੀ ਦੀ ਪਤਨੀ ਸ਼ਿਲਪਾ ਨਰੂਲਾ ਨੇ ਥਾਣਾ ਸਾਊਥ ਸਿਟੀ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ ਕਿ ਉਸ ਦਾ ਪਤੀ ਤਰੁਣ ਨਰੂਲਾ (37) ਬੀਤੀ 12 ਮਾਰਚ ਨੂੰ ਘਰੋਂ ਬਿਨਾਂ ਕੁਝ ਦੱਸੇ ਚਲਾ ਗਿਆ ਸੀ। ਪਰ ਵਾਪਸ ਨਹੀਂ ਆਇਆ ਤੇ ਬਾਅਦ ਵਿੱਚ ਉਸਦੀ ਲਾਸ਼ ਬਰਾਮਦ ਹੋਈ।

ਮੋਗਾ : ਤਿੰਨ ਦਿਨਾਂ ਤੋਂ ਲਾਪਤਾ ਹੋਏ ਚੌਲਾਂ ਦੇ ਵਪਾਰੀ ਦੀਲਾਸ਼ ਚੰਨੂੰਵਾਲ ਨਹਿਰ (Channuwal Canal) ਵਿਚੋਂ ਮਿਲੀ ਹੈ। ਸ਼ਹਿਰ ਦੀ ਜਵਾਹਰ ਕਲੋਨੀ ਦੇ ਵਸਨੀਕ ਇਸ ਵਪਾਰੀ ਦੇ ਸਿਰ ਕਰੀਬ ਡੇਢ ਕਰੋੜ ਰੁਪਏ ਦਾ ਕਰਜਾ ਸੀ । ਮ੍ਰਿਤਕ ਦੇ ਪਰਿਵਾਰ ਅਨੁਸਾਰ ਉਹ ਤਿੰਨ ਦਿਨਾਂ ਤੋਂ ਲਾਪਤਾ ਸੀ। ਉਸ ਦੀ ਲਾਸ਼ ਪੁਲੀਸ ਨੇ ਬੁੱਧਵਾਰ ਨੂੰ ਬਾਘਾਪੁਰਾਣਾ ਕਸਬੇ ਦੇ ਚੰਨੂੰਵਾਲਾ ਨਹਿਰ ਦੇ ਪੁਲ ਨੇੜਿਓਂ ਬਰਾਮਦ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਥੁਰਾਦਾਸ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ‘ਚ ਭੇਜ ਦਿੱਤਾ ਹੈ। ਵਪਾਰੀ ਨੇ ਛੇ ਮਹੀਨੇ ਪਹਿਲਾਂ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਕੁਝ ਲੋਕਾਂ ਦੇ ਬਚਾਅ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀ।
ਚੌਲ ਖਰੀਦ ਕੇ ਵੱਡੇ ਵਪਾਰੀਆਂ ਨੂੰ ਕਰਦਾ ਸੀ ਸਪਲਾਈ
ਸ਼ਹਿਰ ਦੀ ਪਾਸ਼ ਕਾਲੋਨੀ ਜਵਾਹਰ ਨਗਰ ਦੀ ਵਸਨੀਕ ਸ਼ਿਲਪਾ ਨਰੂਲਾ ਨੇ ਥਾਣਾ ਸਾਊਥ ਸਿਟੀ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ ਕਿ ਉਸ ਦਾ ਪਤੀ ਤਰੁਣ ਨਰੂਲਾ (37) ਬੀਤੀ 12 ਮਾਰਚ ਨੂੰ ਘਰੋਂ ਬਿਨਾਂ ਕੁਝ ਦੱਸੇ ਚਲਾ ਗਿਆ ਸੀ। ਬੁੱਧਵਾਰ ਸਵੇਰੇ ਉਸ ਨੂੰ ਪੁਲਿਸ ਨੇ ਸੂਚਨਾ ਦਿੱਤੀ ਕਿ ਬਾਘਾਪੁਰਾਣਾ ਕਸਬਾ ਚੰਨੂੰਵਾਲਾ ਨਹਿਰ ਦੇ ਪੁਲ ਕੋਲ ਉਸ ਦੇ ਪਤੀ ਦੀ ਲਾਸ਼ ਬਰਾਮਦ ਹੋਈ ਹੈ। ਤਰੁਣ ਚੌਲਾਂ ਦਾ ਵਪਾਰ ਕਰਦਾ ਸੀ। ਛੋਟੇ ਵਪਾਰੀਆਂ ਤੋਂ ਚੌਲ ਖਰੀਦਦਾ ਸੀ ਤੇ ਵੱਡੇ ਵਪਾਰੀਆਂ ਨੂੰ ਸਪਲਾਈ ਕਰਦਾ ਸੀ। ਉਸ ਨੇ ਕਾਰੋਬਾਰ ਦੇ ਸਿਲਸਿਲੇ ‘ਚ ਕੁਝ ਲੋਕਾਂ ਤੋਂ ਕਰਜ਼ਾ ਲਿਆ ਸੀ, ਫਿਲਹਾਲ ਇਹ ਕਰਜ਼ਾ ਵਧ ਕੇ ਡੇਢ ਕਰੋੜ ਰੁਪਏ ਦੇ ਕਰੀਬ ਹੋ ਗਿਆ ਸੀ। ਕਾਰੋਬਾਰ ਵਿੱਚ ਘਾਟੇ ਕਾਰਨ ਉਹ ਲੰਬੇ ਸਮੇਂ ਤੋਂ ਕਰਜ਼ਾ ਮੋੜਨ ਤੋਂ ਅਸਮਰੱਥ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਪਹਿਲਾਂ ਵੀ ਕੀਤੀ ਸੀ ਆਤਮਹੱਤਿਆ ਦੀ ਨਾਕਾਮ ਕੋਸ਼ਿਸ਼
ਕਰੀਬ ਛੇ ਮਹੀਨੇ ਪਹਿਲਾਂ ਵੀ ਤਰੁਣ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਤੁਰੰਤ ਇਲਾਜ ਕਰਵਾ ਕੇ ਉਸ ਦਾ ਬਚਾਅ ਹੋ ਗਿਆ ਸੀ, ਉਸ ਸਮੇਂ ਵੀ ਤਰੁਣ ਦੀ ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਕਰਜ਼ਦਾਰ ਵੀ ਦੰਗ ਰਹਿ ਗਏ ਸਨ। ਉਸ ਸਮੇਂ ਕੁਝ ਕਾਰੋਬਾਰੀਆਂ ਨੇ ਦਖਲ ਦੇ ਕੇ ਮਾਮਲਾ ਇਸ ਗੱਲ ‘ਤੇ ਸੁਲਝਾਇਆ ਕਿ ਕੋਈ ਵੀ ਕਰਜ਼ਾ ਦੇਣ ਵਾਲਾ ਤਰੁਣ ਨੂੰ ਪਰੇਸ਼ਾਨ ਨਹੀਂ ਕਰੇਗਾ, ਉਹ ਥੋੜ੍ਹਾ-ਥੋੜ੍ਹਾ ਕਰਕੇ ਵਾਪਸ ਕਰੇਗਾ। ਇਸ ਤੋਂ ਬਾਅਦ ਕੁਝ ਮਹੀਨਿਆਂ ਤੱਕ ਮਾਮਲਾ ਠੀਕ ਰਿਹਾ, ਬਾਅਦ ‘ਚ ਉਹ ਫਿਰ ਪਰੇਸ਼ਾਨ ਹੋਣ ਲੱਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ