ਚੁੰਨੀ ਲਾਲ ਭਗਤ ਦੇ ਦਿਹਾਂਤ ‘ਤੇ ਮੰਤਰੀ ਕਟਾਰੂਚੱਕ ਤੇ ਬਰਿੰਦਰ ਗੋਇਲ ਨੇ ਸਾਂਝਾ ਕੀਤਾ ਦੁੱਖ, ਪਰਿਵਾਰ ਨਾਲ ਕੀਤੀ ਗੱਲਬਾਤ

Updated On: 

19 Sep 2026 20:15 PM IST

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬਰਿੰਦਰ ਕੁਮਾਰ ਗੋਇਲ ਨੇ ਸਾਬਕਾ ਮੰਤਰੀ ਚੁਨੀ ਲਾਲ ਭਗਤ ਦੇ ਦੇਹਾਂਤ 'ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਚੁਨੀ ਲਾਲ ਭਗਤ ਨੂੰ ਪੰਜਾਬ ਦੀ ਸਿਆਸਤ ਦੀ ਵਿਲੱਖਣ ਸ਼ਖਸੀਅਤ ਦੱਸਿਆ ਅਤੇ ਉਨ੍ਹਾਂ ਦੀ ਲਗਨ, ਮਿਹਨਤ ਤੇ ਇਮਾਨਦਾਰੀ ਨੂੰ ਯਾਦ ਕੀਤਾ।

ਚੁੰਨੀ ਲਾਲ ਭਗਤ ਦੇ ਦਿਹਾਂਤ ਤੇ ਮੰਤਰੀ ਕਟਾਰੂਚੱਕ ਤੇ ਬਰਿੰਦਰ ਗੋਇਲ ਨੇ ਸਾਂਝਾ ਕੀਤਾ ਦੁੱਖ, ਪਰਿਵਾਰ ਨਾਲ ਕੀਤੀ ਗੱਲਬਾਤ

ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਅੱਜ ਕੈਬਨਿਟ ਮੰਤਰੀ ਮੋਹਿੰਦਰ ਭਗਤ ਨਾਲ ਉਹਨਾਂ ਦੀ ਰਿਹਾਇਸ਼ ਤੇ ਮਿਲ ਕੇ ਉਹਨਾਂ ਦੇ ਪਿਤਾ ਅਤੇ ਸਾਬਕਾ ਮੰਤਰੀ ਚੁਨੀ ਲਾਲ ਭਗਤ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਚੁੰਨੀ ਲਾਲ ਪੰਜਾਬ ਦੀ ਸਿਆਸਤ ਦੀ ਵਿਲੱਖਣ ਸ਼ਖਸੀਅਤ

ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀਆਂ ਵਲੋਂ ਵਿਛੜੇ ਆਗੂ ਨੂੰ ਪੰਜਾਬ ਦੀ ਸਿਆਸਤ ਦੀ ਵਿਲੱਖਣ ਸ਼ਖਸੀਅਤ ਕਰਾਰ ਦਿੱਤਾ। ਜਿਨਾਂ ਨੇ ਦਹਾਕਿਆਂ ਤੱਕ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਮਾਣ ਸਨਮਾਨ ਹਾਸਿਲ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੁੱਖੀ ਦੇ ਦੇਹਾਂਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਚੁੰਨੀ ਲਾਲ ਭਗਤ ਦੀ ਜੀਵਨ ਯਾਤਰਾ ਨੂੰ ਕੀਤਾ ਯਾਦ

ਚੁੰਨੀ ਲਾਲ ਭਗਤ ਦੀ ਜੀਵਨ ਯਾਤਰਾ ਨੂੰ ਯਾਦ ਕਰਦਿਆਂ ਦੋਵਾਂ ਮੰਤਰੀਆਂ ਕਟਾਰੂਚੱਕ ਅਤੇ ਗੋਇਲ ਨੇ ਦੱਸਿਆ ਕਿ ਕਿਵੇਂ ਭਗਤ ਪਰਿਵਾਰ ਦੇਸ਼ ਦੀ ਵੰਡ ਤੋਂ ਬਾਅਦ ਜਲੰਧਰ ਵਿਖੇ ਵਸਿਆ ਅਤੇ ਲੋਕਾਂ ਦੀ ਸੇਵਾ ਵਿੱਚ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਖੇਡਾਂ ਦੇ ਸਮਾਨ ਦੇ ਨਿਰਯਾਤ ਦੇ ਕਾਰੋਬਾਰ ਨੂੰ ਸਫ਼ਲਤਾਪੂਰਵਕ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਸਵ : ਚੁੰਨੀ ਲਾਲ ਭਗਤ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ ਅਤੇ ਇਸ ਉਪਰੰਤ ਕੈਬਨਿਟ ਮੰਤਰੀ ਵਜੋਂ ਕਈ ਅਹਿਮ ਵਿਭਾਗਾਂ ਦਾ ਕਾਰਜ ਭਾਰ ਸੰਭਾਲਦਿਆਂ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ।

ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਅਤੇ ਦੁੱਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕਰਦਿਆਂ ਕੈਬਨਿਟ ਮੰਤਰੀਆਂ ਦੁਹਰਾਇਆ ਕਿ ਪੰਜਾਬ ਸਰਕਾਰ ਅਤੇ ਸਮੁੱਚੀ ਲੀਡਰਸ਼ਿਪ ਇਸ ਦੁੱਖ ਦੀ ਘੜੀ ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ।

Loading...
Unable to load recommendations.
Follow Us