ਜਲੰਧਰ ਦੇ ਨਾਰੀ ਨਿਕੇਤਨ ਪਹੁੰਚੇ ਮਨੀਸ਼ ਸਿਸੋਦੀਆ, ਸਤਲੁਜ ਫ਼ਿਲਮ ਵਿਵਾਦ ‘ਤੇ ਭਾਜਪਾ-ਕਾਂਗਰਸ ਨੂੰ ਘੇਰਿਆ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅੱਜ ਜਲੰਧਰ ਵਿਖੇ ਸਥਿਤ ਨਾਰੀ ਨਿਕੇਤਨ ਸੰਸਥਾ ਵਿੱਚ ਪਹੁੰਚੇ। ਉਨ੍ਹਾਂ ਨੇ ਇਸ ਸਮਾਜਿਕ ਸੰਸਥਾ ਦਾ ਵਿਸ਼ੇਸ਼ ਦੌਰਾ ਕਰਕੇ ਉੱਥੋਂ ਦੇ ਪ੍ਰਬੰਧਾਂ ਅਤੇ ਵਿਵਸਥਾਵਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅੱਜ ਜਲੰਧਰ ਵਿਖੇ ਸਥਿਤ ਨਾਰੀ ਨਿਕੇਤਨ ਸੰਸਥਾ ਵਿੱਚ ਪਹੁੰਚੇ। ਉਨ੍ਹਾਂ ਨੇ ਇਸ ਸਮਾਜਿਕ ਸੰਸਥਾ ਦਾ ਵਿਸ਼ੇਸ਼ ਦੌਰਾ ਕਰਕੇ ਉੱਥੋਂ ਦੇ ਪ੍ਰਬੰਧਾਂ ਅਤੇ ਵਿਵਸਥਾਵਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਦੌਰੇ ਦੌਰਾਨ ਮਨੀਸ਼ ਸਿਸੋਦੀਆ ਨੇ ਪੰਜਾਬ ਦੀ ਸਿਆਸਤ ਵਿੱਚ ਗਰਮਾਏ ਹੋਏ ‘ਸਤਲੁਜ’ ਫ਼ਿਲਮ ਵਿਵਾਦ ਅਤੇ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਨੂੰ ਲੈ ਕੇ ਮੀਡੀਆ ਸਾਹਮਣੇ ਆਪਣੀ ਤਿੱਖੀ ਪ੍ਰਤੀਕਿਰਿਆ ਸਾਂਝੀ ਕੀਤੀ।
ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਸੂਬੇ ਦੇ ਲੋਕਾਂ ਨਾਲ ਹੋਏ ਅੱਤਿਆਚਾਰਾਂ ਦੇ ਮੁੱਦੇ ‘ਤੇ ਆਖਰ ਕਿਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿੱਚ ਦਿਖਾਈਆਂ ਗਈਆਂ ਘਟਨਾਵਾਂ ਪੰਜਾਬ ਦੇ ਲੋਕਾਂ ਨਾਲ ਹੋਈ ਕਥਿਤ ਬੇਰਹਿਮੀ ਨੂੰ ਲੈ ਕੇ ਅਸਲ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਇਸ ਸੰਵੇਦਨਸ਼ੀਲ ਮੁੱਦੇ ਦਾ ਇਸਤੇਮਾਲ ਕਾਂਗਰਸ ਦੇ ਪੁਰਾਣੇ ਕਾਰਨਾਮਿਆਂ ਅਤੇ ਮਾਮਲਿਆਂ ‘ਤੇ ਪਰਦਾ ਪਾਉਣ ਦੇ ਲਈ ਕਰ ਰਹੀ ਹੈ।
ਝੂਠ ਫੈਲਾਉਣ ਨਾਲ ਕੁਝ ਨਹੀਂ ਬਣਨਾ: ਸਿਸੋਦੀਆ
ਭਾਜਪਾ ਦੀ ਰਣਨੀਤੀ ‘ਤੇ ਸਵਾਲ ਚੁੱਕਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਸਮੇਂ ਕਾਂਗਰਸ ਦੀਆਂ ਪੁਰਾਣੀਆਂ ਗਲਤੀਆਂ ਨੂੰ ਲੁਕਾਉਣ ਦਾ ਕੰਮ ਕਰ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਬਿੱਟੂ ਪਹਿਲਾਂ ਕਾਂਗਰਸੀ ਸੀ ਭਾਜਪਾ ਦੇ ਮੰਤਰੀ ਤਾਂ ਉਹ ਹੁਣ ਬਣੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ‘ਸਤਲੁਜ’ ਫ਼ਿਲਮ ਵਿੱਚ ਦਿਖਾਏ ਗਏ ਅਦਾਕਾਰ ਦੇ ਕਿਰਦਾਰ ਅਤੇ ਇਤਿਹਾਸਿਕ ਤੱਥਾਂ ‘ਤੇ ਸਵਾਲ ਚੁੱਕਣ ਜਾਂ ਝੂਠੇ ਪ੍ਰਚਾਰ ਲਿਆਉਣ ਨਾਲ ਅਸਲ ਹਕੀਕਤ ਬਦਲਣ ਵਾਲੀ ਨਹੀਂ ਹੈ। ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ।
ਚੰਨੀ, ਰੰਧਾਵਾ ਜਾਂ ਵੜਿੰਗ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਆਗੂਆਂ ਵਿਚਾਲੇ ਚੱਲ ਰਹੀ ਗੁਟਬਾਜ਼ੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਪਸੀ ਝਗੜਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਹੁਣ ਇੱਕ ਆਪਸ ਵਿੱਚ ਲੜਨ ਵਾਲੀ ਪਾਰਟੀ ਵਜੋਂ ਦੇਖਦੇ ਹਨ, ਇਸ ਲਈ ਕਾਂਗਰਸ ਦੇ ਇਸ ਅੰਦਰੂਨੀ ਵਿਵਾਦ ਨਾਲ ਸੂਬੇ ਦੇ ਲੋਕਾਂ ਨੂੰ ਜਾਂ ਸਿਆਸਤ ਨੂੰ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ।
ਮਾਨ ਅਤੇ ਕੇਜਰੀਵਾਲ ਨੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕੀਤੇ
ਸੂਬੇ ਵਿੱਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ‘ਆਪ’ ਦੇ ਪੰਜਾਬ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਇਸ ਸਮੇਂ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਕਾਰ ਦੇ ਲੋਕਪੱਖੀ ਕੰਮਾਂ ਨੂੰ ਹੇਠਲੇ ਪੱਧਰ ਤੱਕ ਜਨ-ਜਨ ਤੱਕ ਪਹੁੰਚਾਉਣ ‘ਤੇ ਕੇਂਦਰਿਤ ਹੈ। ਇਸੇ ਮਕਸਦ ਲਈ ਉਹ ਲਗਾਤਾਰ ਪਾਰਟੀ ਦੇ ਸਥਾਨਕ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਇਮਾਨਦਾਰੀ ਨਾਲ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਨੂੰ ਇਤਿਹਾਸ ਦੇ ਕਾਲੇ ਦੌਰ ਵਿੱਚ ਧੱਕਣ ਵਾਲੇ ਗੁਨਾਹਗਾਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਇਹ ਵੀ ਪੜ੍ਹੋ
ਨਾਰੀ ਨਿਕੇਤਨ ਦੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ
ਮੀਡੀਆ ਨਾਲ ਰਸਮੀ ਗੱਲਬਾਤ ਦੌਰਾਨ ਮਨੀਸ਼ ਸਿਸੋਦੀਆ ਨੇ ਨਾਰੀ ਨਿਕੇਤਨ ਸੰਸਥਾ ਦੀਆਂ ਵਿਵਸਥਾਵਾਂ ਦੀ ਦਿਲੋਂ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾ ਦੇ ਅੰਦਰ ਬਹੁਤ ਜ਼ਿਆਦਾ ਸਿਆਸੀ ਮੁੱਦਿਆਂ ‘ਤੇ ਚਰਚਾ ਕਰਨ ਤੋਂ ਪਰਹੇਜ਼ ਕਰਦਿਆਂ ਕਿਹਾ ਕਿ ਅਜਿਹਆਂ ਸੰਸਥਾਵਾਂ ਸਮਾਜ ਦੇ ਲੋੜਵੰਦ ਵਰਗਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਾਰਜ ਕਰ ਰਹੀਆਂ ਹਨ। ਜਲੰਧਰ ਨਾਰੀ ਨਿਕੇਤਨ ਦਾ ਪ੍ਰਬੰਧਨ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ, ਜੋ ਕਿ ਬੇਹੱਦ ਸ਼ਲਾਘਾਯੋਗ ਕਦਮ ਹੈ।
