ਮੰਡੀ ਗੋਬਿੰਦਗੜ੍ਹ ਦੀ ਫ਼ੈਕਟਰੀ ‘ਚ ਭਿਆਨਕ ਹਾਦਸਾ, 20 ਫੁੱਟ ਉੱਚਾਈ ‘ਤੇ ਟਕਰਾਈਆਂ ਦੋ ਕ੍ਰੇਨਾਂ; 3 ਮਜ਼ਦੂਰਾਂ ਦੀ ਦਰਦਨਾਕ ਮੌਤ

Updated On: 

03 Nov 2026 23:09 PM IST

ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਮੰਡੀ ਗੋਬਿੰਦਗੜ੍ਹ ਦੀ ਇੱਕ ਫ਼ੈਕਟਰੀ ਵਿੱਚ ਮੰਗਲਵਾਰ ਨੂੰ ਵਾਪਰੇ ਭਿਆਨਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਫ਼ੈਕਟਰੀ ਅੰਦਰ ਕੰਮ ਦੌਰਾਨ ਵਾਪਰੀ ਇਸ ਘਟਨਾ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮੰਡੀ ਗੋਬਿੰਦਗੜ੍ਹ ਦੀ ਫ਼ੈਕਟਰੀ ਚ ਭਿਆਨਕ ਹਾਦਸਾ, 20 ਫੁੱਟ ਉੱਚਾਈ ਤੇ ਟਕਰਾਈਆਂ ਦੋ ਕ੍ਰੇਨਾਂ; 3 ਮਜ਼ਦੂਰਾਂ ਦੀ ਦਰਦਨਾਕ ਮੌਤ

ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਮੰਡੀ ਗੋਬਿੰਦਗੜ੍ਹ ਦੀ ਇੱਕ ਫ਼ੈਕਟਰੀ ਵਿੱਚ ਮੰਗਲਵਾਰ ਨੂੰ ਵਾਪਰੇ ਭਿਆਨਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਫ਼ੈਕਟਰੀ ਅੰਦਰ ਕੰਮ ਦੌਰਾਨ ਵਾਪਰੀ ਇਸ ਘਟਨਾ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ। ਜ਼ਖ਼ਮੀ ਕਾਮੇ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ, ਫ਼ੈਕਟਰੀ ਦੇ ਵੱਡੇ ਸ਼ੈੱਡ ਅੰਦਰ ਕਰੀਬ 20 ਫੁੱਟ ਦੀ ਉੱਚਾਈ ‘ਤੇ ਭਾਰੀ ਸਾਮਾਨ ਚੁੱਕਣ ਵਾਲੀਆਂ ਦੋ ਕ੍ਰੇਨਾਂ ਕੰਮ ਕਰ ਰਹੀਆਂ ਸਨ ਕਿ ਅਚਾਨਕ ਦੋਵਾਂ ਕ੍ਰੇਨਾਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕ੍ਰੇਨ ਅਤੇ ਸ਼ੈੱਡ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਸਿੱਧਾ ਹੇਠਾਂ ਫ਼ਰਸ਼ ‘ਤੇ ਕੰਮ ਕਰ ਰਹੇ ਮਜ਼ਦੂਰਾਂ ਉੱਤੇ ਆ ਡਿੱਗਿਆ। ਇਸ ਹਾਦਸੇ ਦੀ ਲਪੇਟ ਵਿੱਚ ਆਉਣ ਕਾਰਨ ਹਰਸ਼ ਮਿਸ਼ਰਾ, ਸਤ ਨਾਰਾਇਣ ਅਤੇ ਲਕਰੂ ਨਾਮਕ ਤਿੰਨ ਮਜ਼ਦੂਰਾਂ ਦੀ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਉਨ੍ਹਾਂ ਦੇ ਨਾਲ ਕੰਮ ਕਰ ਰਿਹਾ ਅਮਰੀਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

20 ਫੁੱਟ ਦੀ ਉੱਚਾਈ ‘ਤੇ ਟਕਰਾਈਆਂ ਕ੍ਰੇਨਾਂ

ਚਸ਼ਮਦੀਦਾਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ, ਰੋਜ਼ਾਨਾ ਵਾਂਗ ਫ਼ੈਕਟਰੀ ਵਿੱਚ ਉਤਪਾਦਨ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਸੀ ਅਤੇ ਕ੍ਰੇਨਾਂ ਰਾਹੀਂ ਭਾਰੀ ਮਾਲ ਇੱਧਰ-ਉੱਧਰ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਸ਼ੈੱਡ ਵਿੱਚ ਅਚਾਨਕ ਦੋ ਕ੍ਰੇਨਾਂ ਆਹਮੋ-ਸਾਹਮਣੇ ਭਿੜ ਗਈਆਂ, ਜਿਸ ਨਾਲ ਪੂਰੀ ਫ਼ੈਕਟਰੀ ਅੰਦਰ ਹਫੜਾ-ਦਫੜੀ ਮੱਚ ਗਈ। ਉਸ ਸਮੇਂ ਸ਼ੈੱਡ ਵਿੱਚ ਹੋਰ ਵੀ ਕਈ ਮਜ਼ਦੂਰ ਮੌਜੂਦ ਸਨ, ਜੋ ਵਾਲ-ਵਾਲ ਬਚ ਗਏ। ਹਾਦਸਾ ਵਾਪਰਦੇ ਸਾਰ ਹੀ ਆਸ-ਪਾਸ ਦੇ ਸਾਥੀ ਕਾਮਿਆਂ ਨੇ ਹਿੰਮਤ ਦਿਖਾਉਂਦਿਆਂ ਮਲਬੇ ਹੇਠ ਦੱਬੇ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਪਹੁੰਚਾਇਆ।

ਡਾਕਟਰਾਂ ਨੇ 3 ਨੂੰ ਮ੍ਰਿਤਕ ਐਲਾਨਿਆ, 1 ਚੰਡੀਗੜ੍ਹ ਰੈਫ਼ਰ

ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਡਾਕਟਰ ਰਿਤੂ ਨੇ ਦੱਸਿਆ ਕਿ ਜਦੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਤਿੰਨ ਮਜ਼ਦੂਰ ਪਹਿਲਾਂ ਹੀ ਦਮ ਤੋੜ ਚੁੱਕੇ ਸਨ। ਗੰਭੀਰ ਰੂਪ ਵਿੱਚ ਫੱਟੜ ਹੋਏ ਅਮਰੀਕ ਸਿੰਘ ਦੀ ਮੁੱਢਲੀ ਜਾਂਚ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਮੁੱਢਲੀ ਸਹਾਇਤਾ ਦੇ ਕੇ ਉੱਚ ਪੱਧਰੀ ਇਲਾਜ ਲਈ ਤੁਰੰਤ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. (ASI) ਜਗਰੂਪ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਦੋ ਕ੍ਰੇਨਾਂ ਦੀ ਆਪਸੀ ਟੱਕਰ ਅਤੇ ਸ਼ੈੱਡ ਦਾ ਢਾਂਚਾ ਟੁੱਟਣ ਕਾਰਨ ਵਾਪਰਿਆ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Loading...
Unable to load recommendations.
Follow Us