Cabinet Meeting: ਪੰਜਾਬ ਕੈਬਿਨੇਟ ਦੀ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ, 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ
ਦੱਸ ਦੇਈਏ ਕਿ ਪਹਿਲਾਂ ਇਹ ਬੈਠਕ 27 ਅਪ੍ਰੈਲ ਨੂੰ ਹੋਣੀ ਸੀ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਇਸ ਬੈਠਕ ਨੂੰ ਦੋ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਸਰਕਟ ਹਾਉਸ ਵਿੱਚ ਇਸ ਬੈਠਕ ਦਾ ਪ੍ਰਬੰਧ ਕੀਤਾ ਗਿਆ ਸੀ।
Punjab Cabinet Meeting: ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਹੋਈ ਮਾਨ ਸਰਕਾਰ ਦੀ ਕੈਬਿਨੇਟ ਬੈਠਕ (Cabinet Meeting) ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਲੁਧਿਆਣਾ ਵਿੱਚ ਹੋਈ ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਕਈ ਵਿਭਾਗਾਂ ਵਿੱਚ ਨਵੀਆਂ ਭਰਤੀਆਂ ਕੀਤੇ ਜਾਣ ਦੇ ਫੈਸਲੇ ਤੇ ਮੀਟਿੰਗ ਵਿੱਚ ਮੁਹਰ ਲੱਗੀ ਹੈ।
ਸੀਐੱਮ ਮਾਨ ਨੇ ਦੱਸਿਆ ਕਿ ਖੇਡ ਵਿਭਾਗ ਵਿੱਚ ਛੇਤੀ ਹੀ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ ਤਾਂ ਨਾਲ ਹੀ ਲੋਕਲ ਬਾਡੀ ਵਿਭਾਗ ਵਿੱਚ ਵੀ ਖਾਲੀ ਪਈਆਂ 87 ਅਸਾਮੀਆਂ ਨੂੰ ਵੀ ਭਰਿਆ ਜਾਵੇਗਾ। ਚੰਡੀਗੜ੍ਹ ਤੋਂ ਬਾਹਰ ਕੈਬਿਨੇਟ ਬੈਠਕ ਕਰਨ ਦੇ ਪਿੱਛੇ ਦੀ ਵਜ੍ਹਾ ਪੁੱਛਣ ਤੇ ਕਿਹਾ ਕਿ ਹੁਣ ਤੋਂ ਹਰ ਵਾਰ ਵੱਖ-ਵੱਖ ਜਿਲ੍ਹਿਆਂ ਵਿੱਚ ਬੈਠਕਾਂ ਕੀਤੀਆਂ ਜਾਣਗੀਆਂ।
ਲੁਧਿਆਣਾ ‘ਚ ਕਿਉਂ ਹੋਈ ਕੈਬਨਿਟ ਬੈਠਕ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲ੍ਹੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਸੀ ਕਿ ਕਿ ਹੁਣ ਤੋਂ ਸਰਕਾਰ ਚੰਡੀਗੜ੍ਹ ਤੋਂ ਨਹੀਂ ਚੱਲੇਗੀ। ਪੁਰਾਣੀ ਰਵਾਇਤ ਨੂੰ ਤੋੜਦਿਆਂ ਉਨ੍ਹਾਂ ਨੇ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਸਰਕਾਰ ਚਲਾਉਣ ਦੀ ਗੱਲ ਕਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਜ੍ਹਾ ਕਾਰਨ ਹੀ ਸਰਕਾਰ ਵੱਲੋਂ ਅੱਜ ਲੁਧਿਆਣਾ ਵਿੱਚ ਕੈਬਨਿਟ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਅੱਗੇ ਹੋਣ ਵਾਲਿਆਂ ਬੈਠਕਾਂ ਵੀ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹੋ ਸਕਦਿਆਂ ਹਨ।
1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ
ਪੰਜਾਬ ਦੀ ਮਾਨ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਗਿਆ ਹੈ ਕਿ ਮਜਦੂਰ ਦਿਹਾੜੇ ਮੌਕੇ 1 ਮਈ ਨੂੰ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਛੁੱਟੀ ਰਹੇਗੀ। ਇਸ ਦਿਨ ਕੋਈ ਵੀ ਸਰਕਾਰੀ ਕੰਮਕਾਜ ਨਹੀਂ ਹੋ ਸਕੇਗਾ। ਹਾਲਾਂਕਿ ਨਿੱਜੀ ਦਫਤਰਾਂ ਨੂੰ ਲੈ ਕੇ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇਸ ਨੂੰ ਲੈ ਕੇ ਲਿਖਤੀ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।