Subscribe to
Notifications
Subscribe to
Notifications
Ludhiana Gas Leak : ਲੁਧਿਆਣਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ (Gas Leak) ਹੋਣ ਕਾਰਨ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜ਼ਖਮੀਆਂ ਨੂੰ ਵੀ ਤੁਰੰਤ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਰਾਹਤ ਅਤੇ ਬਚਾਅ ਕਾਰਜ ਜਾਰੀ
ਜਾਣਕਾਰੀ ਮੁਤਾਬਕ ਫੈਕਟਰੀ ‘ਚੋਂ ਇਹ ਗੈਸ ਲੀਕ ਹੋਈ ਹੈ, ਜਿਸ ਤੋਂ ਬਾਅਦ ਕਈ ਲੋਕਾਂ ਦੇ ਬੇਹੋਸ਼ ਹੋਣ ਦੀ ਖਬਰ ਹੈ। ਇਹ ਫੈਕਟਰੀ ਸ਼ੇਰਪੁਰ ਚੌਕ ਨੇੜੇ ਸੂਆ ਰੋਡ ‘ਤੇ ਸਥਿਤ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 7.15 ਵਜੇ ਗੈਸ ਲੀਕ ਹੋਈ ਹੈ। ਪੁਲਿਸ ਨੇ ਇਲਾਕੇ ‘ਚ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਮਰਨ ਵਾਲੇ ਜ਼ਿਆਦਾਤਰ ਇੱਕੋ ਪਰਿਵਾਰ ਦੇ ਮੈਂਬਰ
ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਮਰਨ ਵਾਲੇ 11 ਲੋਕਾਂ ‘ਚੋਂ ਜ਼ਿਆਦਾਤਰ ਇੱਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਹਾਦਸੇ ‘ਚ ਕੁਝ ਪਾਲਤੂ ਜਾਨਵਰਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਗੈਸ ਕਿਵੇਂ ਲੀਕ ਹੋਈ ਇਸ ਬਾਰੇ ਕੋਈ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।
CM ਮਾਨ ਨੇ ਗੈਸ ਲੀਕ ਹਾਦਸੇ ‘ਤੇ ਜਤਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਹੋਏ ਗੈਸ ਲੀਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੇ ਸਾਲ ਵੀ ਗਿਆਸਪੁਰਾ ‘ਚ ਹੋਈ ਸੀ ਗੈਸ ਲੀਕ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਲੁਧਿਆਣਾ ਵਿੱਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਸਾਲ ਵੀ ਅਜਿਹੀ ਖਬਰ ਸਾਹਮਣੇ ਆਈ ਸੀ। ਉਸ ਸਮੇਂ ਵੀ ਗਿਆਸਪੁਰਾ ਇਲਾਕੇ ਵਿੱਚੋਂ ਹੀ ਗੈਸ ਲੀਕ ਹੋਈ ਸੀ। ਉਸ ਸਮੇਂ ਸਟੋਰੇਜ ਯੂਨਿਟ ‘ਚ ਮੌਜੂਦ ਇਕ ਟੈਂਕਰ ‘ਚੋਂ ਕਾਰਬਨ ਡਾਈਆਕਸਾਈਡ ਤਰਲ ਗੈਸ ਲੀਕ ਹੋ ਗਈ, ਜਿਸ ਕਾਰਨ 5 ਲੋਕ ਬਿਮਾਰ ਹੋ ਗਏ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ