ਲੁਧਿਆਣਾ ‘ਚ ਬੇਕਾਬੂ ਕਾਰ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਕੁਚਲਿਆ, ਹੋਈ ਮੌਤ
ਲੁਧਿਆਣਾ ਦੇ ਸਮਰਾਲਾ ਚੌਕ ਇਲਾਕੇ ਵਿੱਚ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਹਾਦਸੇ ਸਮੇਂ ਮਾਸੂਮ ਬੱਚੀ ਆਪਣੀ ਮਾਂ ਦੀ ਉਂਗਲ ਫੜ ਕੇ ਆਪਣੇ ਮਾਤਾ-ਪਿਤਾ ਨਾਲ ਪੈਦਲ ਸੜਕ ਕਿਨਾਰੇ ਜਾ ਰਹੀ ਸੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਚੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਲੁਧਿਆਣਾ ਦੇ ਸਮਰਾਲਾ ਚੌਕ ਇਲਾਕੇ ਵਿੱਚ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਹਾਦਸੇ ਸਮੇਂ ਮਾਸੂਮ ਬੱਚੀ ਆਪਣੀ ਮਾਂ ਦੀ ਉਂਗਲ ਫੜ ਕੇ ਆਪਣੇ ਮਾਤਾ-ਪਿਤਾ ਨਾਲ ਪੈਦਲ ਸੜਕ ਕਿਨਾਰੇ ਜਾ ਰਹੀ ਸੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਚੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਰੋਹਿਤ ਵਾਸੀ ਹਰਚਰਨ ਨਗਰ ਨੇ ਦੱਸਿਆ ਕਿ ਉਹ ਬੀਤੀ 26 ਅਗਸਤ ਨੂੰ ਆਪਣੀ ਪਤਨੀ ਅਤੇ 4 ਸਾਲਾ ਧੀ ਰੋਸ਼ਨੀ ਨਾਲ ਸ਼ਿੰਗਾਰ ਰੋਡ ਤੋਂ ਸਬਜ਼ੀ ਖ਼ਰੀਦ ਕੇ ਪੈਦਲ ਆਪਣੇ ਘਰ ਪਰਤ ਰਹੇ ਸਨ। ਜਿਵੇਂ ਹੀ ਉਹ ਸਮਰਾਲਾ ਚੌਕ ਨੇੜੇ ਸਥਿਤ ਰਾਇਲ ਆਈਸਕ੍ਰੀਮ ਦੇ ਨਜ਼ਦੀਕ ਪਹੁੰਚੇ, ਤਾਂ ਪਿੱਛੋਂ ਆ ਰਹੀ ਇੱਕ ਬੇਕਾਬੂ ਤੇ ਤੇਜ਼ ਰਫ਼ਤਾਰ ਗ੍ਰੇਅ ਰੰਗ ਦੀ ਸ੍ਕੋਡਾ ਕਾਰ ਨੇ ਅਚਾਨਕ ਬੱਚੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦਰੜ ਦਿੱਤਾ।
ਫੈਕਟਰੀ ਵਿੱਚ ਸਿਲਾਈ ਦਾ ਕੰਮ ਕਰਦਾ ਹੈ ਪੀੜਤ ਪਿਤਾ
ਇਸ ਦਰਦਨਾਕ ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਡੂੰਘੇ ਸਦਮੇ ਵਿੱਚ ਡੁੱਬਿਆ ਹੋਇਆ ਹੈ। ਰੋਂਦੀ-ਕੁਰਲਾਉਂਦੀ ਮਾਂ (ਜੋ ਕਿ ਘਰੇਲੂ ਔਰਤ ਹੈ) ਨੇ ਦੱਸਿਆ ਕਿ ਰੋਸ਼ਨੀ ਉਨ੍ਹਾਂ ਦੀ ਵੱਡੀ ਧੀ ਸੀ ਅਤੇ ਘਰ ਵਿੱਚ ਉਸ ਦੀ ਇੱਕ ਡੇਢ ਸਾਲ ਦੀ ਛੋਟੀ ਭੈਣ ਵੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਪਿਤਾ ਰੋਹਿਤ ਇੱਕ ਸਥਾਨਕ ਫੈਕਟਰੀ ਵਿੱਚ ਸਿਲਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਮਾਸੂਮ ਬੱਚੀ ਦੀ ਅਚਾਨਕ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਕਾਰ ਬਰਾਮਦ, ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ 27 ਅਗਸਤ ਨੂੰ ਬੱਚੀ ਦੇ ਪਿਤਾ ਰੋਹਿਤ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਾਰ ਚਾਲਕ ਮਯੰਕ ਅਰੋੜਾ ਵਾਸੀ ਹਰਚਰਨ ਨਗਰ, ਲੁਧਿਆਣਾ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹਾਦਸਾ ਅੰਜਾਮ ਦੇਣ ਦੇ ਦੋਸ਼ ਹੇਠ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾਗ੍ਰਸਤ ਸ੍ਕੋਡਾ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਵਿੱਚ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।