ਲੁਧਿਆਣਾ: ਨਹਿਰ ‘ਚ ਡਿੱਗਿਆ ਪਿੱਕਅਪ ਟਰੱਕ, ਦੋ ਬੱਚਿਆਂ ਸਮੇਤ 4 ਦੀ ਮੌਤ, ਮਾਤਾ ਨੈਨਾ ਦੇਵੀ ਦੇ ਦਰਸ਼ਨ ਕਰਕੇ ਆ ਰਹੇ ਸਨ ਵਾਪਸ
ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਦੋ ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਹਿਚਾਣ ਮਨਜੀਤ ਕੌਰ (58), ਜਰਨੈਲ ਸਿੰਘ (52), ਸੁਖਮਨ ਕੌਰ (1), ਅਕਾਸ਼ ਦੀਪ ਸਿੰਘ (8) ਵਜੋਂ ਹੋਈ ਹੈ। ਸਾਰੇ ਮ੍ਰਿਤਕ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸੀ। ਇਨ੍ਹਾਂ ਦੀਆਂ ਲਾਸ਼ਾਂ ਰਾਤ ਕਰੀਬ 2 ਵਜੇ ਸਿਵਲ ਹਸਪਤਾਲ ਲਿਆਂਦੀਆਂ ਗਈਆਂ। ਉੱਥੇ ਹੀ ਲਾਪਤਾ ਲੋਕਾਂ ਦੀ ਭਾਲ 'ਚ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।
ਲੁਧਿਆਣਾ ‘ਚ ਦੇਰ ਰਾਤ ਪਿੰਡ ਜਗੇੜਾ ਨੇੜੇ ਇੱਕ ਪਿੱਕਅਪ ਟਰੱਕ ਨਹਿਰ ‘ਚ ਡਿੱਗ ਗਿਆ। ਗੱਡੀ ‘ਚ ਕਰੀਬ 25 ਲੋਕ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ। ਇਹ ਸਾਰੇ ਲੋਕ ਹਿਮਾਚਲ ਤੋਂ ਮਾਤਾ ਨੈਨਾ ਦੇਵੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਨਕਵਾਲਾ ਵਾਪਸ ਪਰਤ ਰਹੇ ਸਨ। ਪਿੱਕਅਪ ਟਰੱਕ ‘ਚ ਸਵਾਰ ਲੋਕਾਂ ਅਨੁਸਾਰ ਗੱਡੀ ਓਵਰਲੋਡ ਸੀ। ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ, ਟਰੱਕ ਬੇਕਾਬੂ ਹੋ ਕੇ ਨਹਿਰ ‘ਚ ਡਿੱਗ ਗਿਆ।
ਮ੍ਰਿਤਕਾਂ ‘ਚ ਦੋ ਬੱਚੇ ਵੀ ਸ਼ਾਮਲ
ਇਸ ਹਾਦਸੇ ‘ਚ 4 ਲੋਕਾਂ ਦੀ ਜਾਨ ਚੱਲੀ ਗਈ, ਜਿਸ ‘ਚ ਦੋ ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਹਿਚਾਣ ਮਨਜੀਤ ਕੌਰ (58), ਜਰਨੈਲ ਸਿੰਘ (52), ਸੁਖਮਨ ਕੌਰ (ਡੇਢ ਸਾਲ), ਅਕਾਸ਼ ਦੀਪ ਸਿੰਘ (8) ਵਜੋਂ ਹੋਈ ਹੈ। ਸਾਰੇ ਮ੍ਰਿਤਕ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀਆਂ ਲਾਸ਼ਾਂ ਰਾਤ ਕਰੀਬ 2 ਵਜੇ ਸਿਵਲ ਹਸਪਤਾਲ ਲਿਆਂਦੀਆਂ ਗਈਆਂ। ਲਾਪਤਾ ਲੋਕਾਂ ਦੀ ਭਾਲ ‘ਚ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।
ਮੌਕੇ ‘ਤੇ ਪਹੁੰਚੇ ਡੀਸੀ ਹਿਮਾਂਸ਼ੂ ਤੇ ਵਿਧਾਇਕ ਮਨਵਿੰਦਰ
ਘਟਨਾ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐਸਐਸਪੀ ਜਯੋਤੀ ਯਾਦਵ ਤੇ ਵਿਧਾਇਕ ਮਨਵਿੰਦਰ ਸਿੰਘ ਰਾਤ ਨੂੰ ਸਿਵਲ ਹਸਪਤਾਲ ਪਹੁੰਚੇ। ਡਿਪਟੀ ਕਮਿਸ਼ਨਰ ਨੇ ਸਾਰੇ ਜ਼ਖ਼ਮੀ ਲੋਕਾਂ ਦੀ ਸਥਿਤੀ ਦੀ ਜਾਣਕਾਰੀ ਲਈ।
ਐਸਐਸਪੀ ਜਯੋਤੀ ਯਾਦਵ ਨੇ ਦੱਸਿਆ ਇਹ ਹਾਦਸਾ ਜਗੇੜਾ ਪੁੱਲ ਨੇੜੇ ਹੋਇਆ। ਹੁਣ ਤੱਕ ਜਾਣਕਾਰੀ ਅਨੁਸਾਰ 25 ਲੋਕ ਪਿੱਕਅਪ ਟਰੱਕ ‘ਚ ਸਵਾਰ ਸਨ। ਟਰੱਕ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। 22 ਦੇ ਕਰੀਬ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਦੋ ਲੋਕ ਲਾਪਤਾ ਹਨ।
ਸ਼ਰਧਾਲੂਆਂ ਨੇ ਗੁਰਦੁਆਰੇ ਚ ਛੱਕਿਆ ਲੰਗਰ, ਬਾਅਦ ‘ਚ ਹੋਇਆ ਹਾਦਸਾ
ਵਿਧਾਇਕ ਮਨਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਰੇ ਸ਼ਰਧਾਲੂ ਨੈਨਾ ਦੇਵੀ ਤੋਂ ਵਾਪਸ ਪਰਤ ਰਹੇ ਸਨ। ਉਨ੍ਹਾਂ ਨੇ ਗੁਰਦੁਆਰਾ ਰਾੜਾ ਸਾਹਿਬ ਲੰਗਰ ਛੱਕਿਆ। ਇਸ ਤੋਂ ਬਾਅਦ ਉਹ ਉੱਥੋਂ ਚੱਲੇ ਤੇ ਇੱਕ ਗੱਡੀ ਨੂੰ ਓਵਰਟੇਕ ਕਰਦੇ ਹੋਏ, ਇਹ ਹਾਦਸਾ ਹੋ ਗਿਆ। ਉਨ੍ਹਾਂ ਨੇ ਕਿਹਾ ਘਟਨਾ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ।
