ਕੈਨੇਡੀਅਨ ਕੁੜੀ ਨਾਲ ਵਿਆਹ ਦੇ ਚੱਕਰ ‘ਚ 7 ਨੌਜਵਾਨਾਂ ਨੇ ਗੁਆਏ ਕਰੋੜਾਂ, ਕੁੜੀ ਦੀ ਫੋਟੋ ਰਾਹੀਂ ਹੋ ਰਹੀ ਸੀ ਮੰਗਣੀ… ਫਿਰ ਪਹੁੰਚੀ ਪੁਲਿਸ
Canadian Bride Fraud: ਕੈਨੇਡਾ 'ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਮਾਂ-ਧੀ ਨੇ ਪੰਜਾਬ ਦੇ 7 ਨੌਜਵਾਨਾਂ ਤੋਂ ਲਗਭਗ 1.5 ਕਰੋੜ ਰੁਪਏ ਠੱਗ ਲਏ। ਕੈਨੇਡਾ 'ਚ ਰਹਿਣ ਵਾਲੀ ਹਰਪ੍ਰੀਤ ਉਰਫ਼ ਹੈਰੀ ਵੀਡੀਓ ਕਾਲ ਤੇ ਫੋਟੋ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਮੰਗਣੀ ਕਰਵਾਉਂਦੀ ਸੀ। ਇਸ ਤੋਂ ਬਾਅਦ ਉਸ ਦੀ ਮਾਂ ਆਪਣੇ ਆਪ ਨੂੰ ਗਰੀਬ ਤੇ ਬੇਸਹਾਰਾ ਦੱਸ ਕੇ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੁੱਖ ਮੁਲਜ਼ਮ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ।
ਪੰਜਾਬ ਦੇ ਲੁਧਿਆਣਾ ਦੇ ਖੰਨਾ ‘ਚ ਰਹਿਣ ਵਾਲੇ ਮਾਂ-ਧੀ ਨੇ 7 ਨੌਜਵਾਨਾਂ ਨੂੰ ਵਿਆਹ ਤੇ ਕੈਨੇਡਾ ‘ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਲਗਭਗ 1.5 ਕਰੋੜ ਰੁਪਏ ਠੱਗ ਲਏ। ਕੈਨੇਡਾ ‘ਚ ਰਹਿਣ ਵਾਲੀ ਇੱਕ ਔਰਤ ਦੀ ਧੀ ਹਰਪ੍ਰੀਤ ਉਰਫ਼ ਹੈਰੀ, ਵੀਡੀਓ ਕਾਲਾਂ ਤੇ ਫੋਟੋਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਮੰਗਣੀ ਕਰਵਾਉਂਦੀ ਸੀ। ਇਸ ਤੋਂ ਬਾਅਦ, ਉਸ ਦੀ ਮਾਂ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ ਕਿ ਉਹ ਗਰੀਬ ਤੇ ਬੇਸਹਾਰਾ ਹੈ। ਵਿਆਹ ਅਤੇ ਕੈਨੇਡਾ ‘ਚ ਸੈਟਲ ਹੋਣ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਉਸ ਦੇ ਜਾਲ ‘ਚ ਫਸ ਜਾਂਦੇ ਸਨ।
ਇਸ ਮਾਮਲੇ ‘ਚ, ਪੁਲਿਸ ਨੇ ਮੁੱਖ ਦੋਸ਼ੀ ਮਾਂ ਸੁਖਦਰਸ਼ਨ ਕੌਰ ਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਤੇ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹਰਪ੍ਰੀਤ ਵਿਰੁੱਧ ਲੁੱਕ ਆਊਟ ਸਰਕੂਲਰ (ਇਹ ਇੱਕ ਕਾਨੂੰਨੀ ਕਾਰਵਾਈ ਹੈ ਜਿਸ ‘ਚ ਇੱਕ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਖਾਸ ਕਰਕੇ ਜਦੋਂ ਉਹ ਕਾਨੂੰਨੀ ਜਾਂਚ ਅਧੀਨ ਹੋਵੇ) ਜਾਰੀ ਕੀਤਾ ਹੈ।
ਦੋਸ਼ੀ ਅਖ਼ਬਾਰਾਂ ‘ਚ ਇਸ਼ਤਿਹਾਰ ਦਿੰਦੇ ਸਨ
ਲੁਧਿਆਣਾ ਦੇ ਖੰਨਾ ਦੀ ਰਹਿਣ ਵਾਲੀ ਸੁਖਦਰਸ਼ਨ ਕੌਰ ਤੇ ਵਰਕ ਪਰਮਿਟ ‘ਤੇ ਕੈਨੇਡਾ ਵਿੱਚ ਰਹਿ ਰਹੀ ਹਰਪ੍ਰੀਤ ਅਖ਼ਬਾਰਾਂ ‘ਚ ਇਸ਼ਤਿਹਾਰ ਦਿੰਦੇ ਸਨ। ਇਹ ਲੋਕ ਕੈਨੇਡਾ ਜਾਣ ਦੇ ਇੱਛੁਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਇੱਕ ਸਥਾਨਕ ਮੈਚਮੇਕਰ ਰਾਹੀਂ ਸੰਪਰਕ ਕਰਦੇ ਸਨ। ਸੁਖਦਰਸ਼ਨ ਕੌਰ ਆਪਣੀ ਧੀ ਦਾ ਵਿਆਹ ਦਾ ਪ੍ਰਸਤਾਵ ਦਿੰਦੀ ਸੀ ਤੇ ਵੀਡੀਓ ਕਾਲ ‘ਤੇ ਉਸਦੀ ਮੰਗਣੀ ਕਰਵਾਉਂਦੀ ਸੀ। ਮੰਗਣੀ ਤੋਂ ਬਾਅਦ ਸੁਖਦਰਸ਼ਨ ਆਪਣੇ ਆਪ ਨੂੰ ਗਰੀਬ ਦੱਸ ਕੇ ਪੈਸੇ ਦੀ ਮੰਗ ਕਰਦਾ ਸੀ।
ਰਾਜ਼ ਕਿਵੇਂ ਖੁੱਲ੍ਹਿਆ
ਹਰਪ੍ਰੀਤ ਪੜ੍ਹਾਈ, ਦਵਾਈਆਂ, ਕਿਰਾਇਆ ਅਤੇ ਫੀਸ ਦੇ ਨਾਮ ‘ਤੇ ਕੈਨੇਡਾ ਤੋਂ ਪੈਸੇ ਮੰਗਦੀ ਸੀ। ਪੈਸੇ ਮਿਲਣ ਤੋਂ ਬਾਅਦ, ਉਹ ਜਾਂ ਤਾਂ ਕਾਲ ਚੁੱਕਣਾ ਬੰਦ ਕਰ ਦਿੰਦੀ ਸੀ ਜਾਂ ਵਿਆਹ ਦੀ ਤਾਰੀਖ਼ ਮੁਲਤਵੀ ਕਰਦੀ ਰਹਿੰਦੀ ਸੀ। ਇਸ ਧੋਖਾਧੜੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ 27 ਸਾਲਾ ਜਸਦੀਪ ਸਿੰਘ ਦੀ ਹਰਪ੍ਰੀਤ ਨਾਲ 10 ਜੁਲਾਈ ਨੂੰ ਮੰਗਣੀ ਹੋਣੀ ਸੀ। ਇਹ ਮੰਗਣੀ ਅਸਲੀ ਕੁੜੀ ਨਾਲ ਨਹੀਂ ਸਗੋਂ ਉਸ ਦੀ ਫੋਟੋ ਨਾਲ ਹੋਣੀ ਸੀ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਰਾਜਵਿੰਦਰ ਸਿੰਘ ਨਾਮਕ ਨੌਜਵਾਨ, ਜੋ ਪਹਿਲਾਂ ਹੀ ਗਿਰੋਹ ਦਾ ਸ਼ਿਕਾਰ ਬਣ ਚੁੱਕਾ ਸੀ, ਨੂੰ ਸੁਖਦਰਸ਼ਨ ਵੱਲੋਂ ਗਲਤੀ ਨਾਲ ਭੇਜਿਆ ਇੱਕ ਵਟਸਐਪ ਵੌਇਸ ਨੋਟ ਮਿਲਿਆ। ਇਸ ਮਾਮਲੇ ‘ਚ ਸ਼ਿਕਾਇਤ ਮਿਲਣ ਤੋਂ ਬਾਅਦ, ਪੁਲਿਸ ਨੇ ਹੋਟਲ ‘ਤੇ ਛਾਪਾ ਮਾਰਿਆ ਤੇ ਸਮਾਰੋਹ ਨੂੰ ਰੋਕ ਦਿੱਤਾ।
ਲਗਭਗ 1.5 ਕਰੋੜ ਰੁਪਏ ਦੀ ਧੋਖਾਧੜੀ
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪਿਛਲੇ ਦੋ ਸਾਲਾਂ ‘ਚ ਮਾਂ ਤੇ ਪੁੱਤ ਦੇ ਬੈਂਕ ਖਾਤਿਆਂ ਵਿੱਚ ਲਗਭਗ 1.5 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਇਸ ਗਿਰੋਹ ਨੇ ਰਾਜਵਿੰਦਰ ਸਿੰਘ (ਬਠਿੰਡਾ), ਜਸਦੀਪ ਸਿੰਘ (ਖੰਨਾ), ਗਗਨਪ੍ਰੀਤ ਸਿੰਘ (ਰਾਏਕੋਟ), ਕਮਲਜੀਤ ਸਿੰਘ (ਮੋਗਾ), ਰੁਪਿੰਦਰ ਸਿੰਘ (ਸ਼ਾਹਕੋਟ), ਗੋਰਾ ਸਿੰਘ (ਮੋਗਾ) ਤੇ ਸ਼ੁੱਧ ਸਿੰਘ (ਮਾਛੀਵਾੜਾ) ਨਾਮਕ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
