LPG ਸੰਕਟ: ਲੁਧਿਆਣਾ ‘ਚ ਦਿੱਖੀਆਂ ਲੰਬੀਆਂ ਕਤਾਰਾਂ, ਸਿਲੰਡਰ ਨਾ ਮਿਲਣ ‘ਤੇ ਭੜਕੇ ਲੋਕ
ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਲਾਈਨਾਂ 'ਚ ਖੜੇ ਹਨ, ਪਰ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਆਨਲਾਈਨ ਬੁਕਿੰਗ ਤੇ OTP ਵੀ ਮਿਲ ਜਾਣ ਦੇ ਬਾਵਜੂਦ ਸਿਲੰਡਰ ਨਹੀਂ ਦਿੱਤੇ ਜਾ ਰਹੇ। ਲੋਕਾਂ ਨੇ ਦੱਸਿਆ ਕਿ ਗੈਸ ਏਜੰਸੀ 'ਚ ਕੰਮ ਕਰ ਰਹੀ ਇੱਕ ਮਹਿਲਾ ਦੇ ਦਸਤਖ਼ਤ ਤੋਂ ਬਾਅਦ ਹੀ ਸਿਲੰਡਰ ਦਿੱਤੇ ਜਾ ਰਹੇ ਹਨ
ਲੁਧਿਆਣਾ ਦੇ ਗਿਆਸਪੁਰਾ ‘ਚ ਲੋਕਾਂ ਨੂੰ ਗੈਸ ਸਿਲੰਡਰ ਲੈਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਆ ਕੇ ਲੱਗ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਹੈ। ਇਸ ਦੌਰਾਨ ਅੱਜ ਗਿਆਸਪੁਰਾ ‘ਚ ਉਸ ਵੇਲੇ ਹੰਗਾਮਾ ਮੱਚ ਗਿਆ, ਜਦੋਂ ਲੰਬੀਆਂ ਲਾਈਨਾਂ ‘ਚ ਖੜ੍ਹੇ ਹੋ ਕੇ ਵੀ ਲੋਕਾਂ ਨੂੰ ਗੈਸ ਸਿਲੰਡਰ ਲੈਣ ‘ਚ ਦਿੱਕਤਾਂ ਆਈਆਂ। ਇਸ ਦੌਰਾਨ ਜਿਵੇਂ ਹੀ ਇੱਕ ਗੈਸ ਵਾਲੀ ਗੱਡੀ ਮੌਕੇ ‘ਤੇ ਪਹੁੰਚੀ, ਉੱਥੇ ਅਫੜਾ-ਧਫੜੀ ਦਾ ਮਾਹੌਲ ਬਣ ਗਿਆ।
ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਲਾਈਨਾਂ ‘ਚ ਖੜ੍ਹੇ ਹਨ, ਪਰ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਆਨਲਾਈਨ ਬੁਕਿੰਗ ਤੇ OTP ਵੀ ਮਿਲ ਜਾਣ ਦੇ ਬਾਵਜੂਦ ਸਿਲੰਡਰ ਨਹੀਂ ਦਿੱਤੇ ਜਾ ਰਹੇ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਗੈਸ ਏਜੰਸੀ ‘ਚ ਕੰਮ ਕਰ ਰਹੀ ਇੱਕ ਮਹਿਲਾ ਦੇ ਦਸਤਖ਼ਤ ਤੋਂ ਬਾਅਦ ਹੀ ਸਿਲੰਡਰ ਦਿੱਤੇ ਜਾ ਰਹੇ ਹਨ।
ਗੈਸ ਦੀ ਨਹੀਂ ਕੋਈ ਕਮੀਂ: ਕਰਮਚਾਰੀ
ਇਸ ਮੌਕੇ ਸਿਲੰਡਰਾ ਦੀ ਗੱਡੀ ਚਲਾਉਣ ਵਾਲੇ ਡਰਾਈਵਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ, ਪਰ ਦੋ ਏਜੰਸੀਆਂ ਦੇ ਮਰਜ (ਇਕੱਠੇ) ਹੋਣ ਕਾਰਨ ਗੈਸ ਸਿਲੰਡਰ ਭਰਵਾਉਣ ਵਾਲੇ ਨੰਬਰ ਵੱਧ ਗਏ ਹਨ। ਇਸ ਕਾਰਨ ਹੀ ਸਿਲੰਡਰ ਮਿਲਣ ‘ਚ ਦੇਰੀ ਹੋ ਰਹੀ ਹੈ। ਉਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਲੋਕਾਂ ਨੂੰ ਸਿਲੰਡਰ ਦਿੱਤੇ ਜਾਣਗੇ, ਜਿਨ੍ਹਾਂ ਨੇ ਪਹਿਲਾਂ ਬੁਕਿੰਗ ਕਰਵਾਈ ਹੈ। ਉਸ ਤੋਂ ਬਾਅਦ ਬਾਕੀ ਲੋਕਾਂ ਨੂੰ ਸਿਲੰਡਰ ਦਿੱਤੇ ਜਾਣਗੇ।
ਉੱਥੇ ਹੀ, ਗੈਸ ਏਜੰਸੀ ਦੇ ਇੱਕ ਕਰਮਚਾਰੀ ਨੇ ਜਾਣਕਾਰੀ ਦਿੱਤੀ ਕਿ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ। ਸਿਰਫ ਕਾਗਜ਼ੀ ਕਾਰਵਾਈ ਤੇ ਗੈਸ ਸਿਲੰਡਰਾਂ ਵਾਲੀ ਕਾਪੀ ਦੀ ਜਾਂਚ ‘ਚ ਥੋੜ੍ਹੀ ਦੇਰੀ ਹੋ ਰਹੀ ਹੈ।
ਸਿਲੰਡਰਾਂ ਦੀ ਹੋ ਰਹੀ ਕਾਲਾਬਾਜ਼ਾਰੀ
ਹਾਲਾਂਕਿ, ਇਸ ਵਿਚਕਾਰ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਸਿਲੰਡਰ ਨਹੀਂ ਦਿੱਤੇ ਜਾ ਰਹੇ ਤੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕ ਇੱਕ ਦੂਜੇ ਨੂੰ ਧੱਕੇ ਮਾਰਦੇ ਵੀ ਨਜ਼ਰ ਆਏ ਤੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਲੋਕਾਂ ਨੇ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਵੀ ਸਵਾਲ ਖੜੇ ਕੀਤੇ ਤੇ ਕਿਹਾ ਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ।


