ਲੁਧਿਆਣਾ: ਦੋ ਵੱਖ-ਵੱਖ ਕਾਰੋਬਾਰੀਆਂ ਤੋਂ ਗੈਂਗਸਟਰਾਂ ਨੇ ਕੀਤੀ ਫਿਰੌਤੀ ਦੀ ਮੰਗ, ਇੱਕ ਗੈਂਗਸਟਰ ਨੇ ਜੇਲ੍ਹ ਦੇ ਲੈਂਡ ਲਾਈਨ ਤੋਂ ਕੀਤਾ ਫ਼ੋਨ
ਲੁਧਿਆਣਾ 'ਚ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਦੋ ਮਾਮਲੇ ਹੁਣ ਸਾਹਮਣੇ ਆਏ ਹਨ ਜਿੱਥੇ ਦੋ ਵੱਖ-ਵੱਖ ਗੈਂਗਸਟਰਾਂ ਨੇ ਦੋ ਵਿਅਕਤੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਹੈ। ਇਸ ਧਮਕੀਆਂ ਗੈਂਗਸਟਰ ਗੋਰੂ ਬੱਚਾ ਤੇ ਗੋਪੀ ਲਹੌਰੀਆ ਵੱਲੋਂ ਦਿੱਤੀਆਂ ਗਈਆਂ ਹਨ। ਦੋਵੇਂ ਹੀ ਮਾਮਲਿਆਂ ਚ ਲੱਖਾਂ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਲੁਧਿਆਣਾ ‘ਚ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਦੋ ਤਾਜ਼ਾ ਮਾਮਲੇ ਹੁਣ ਪੁਲਿਸ ਨੇ ਦਰਜ ਕੀਤੇ ਹਨ ਜਿੱਥੇ ਦੋ ਵੱਖ-ਵੱਖ ਗੈਂਗਸਟਰਾਂ ਨੇ ਦੋ ਵਿਅਕਤੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਹੈ। ਇਸ ਧਮਕੀਆਂ ਗੈਂਗਸਟਰ ਗੋਰੂ ਬੱਚਾ ਤੇ ਗੋਪੀ ਲਹੌਰੀਆ ਵੱਲੋਂ ਦਿੱਤੀਆਂ ਗਈਆਂ ਹਨ। ਦੋਵੇਂ ਹੀ ਮਾਮਲਿਆਂ ਚ ਲੱਖਾਂ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਜੇਲ੍ਹ ਦੇ ਲੈਂਡ ਲਾਈਨ ਤੋਂ ਦਿੱਤੀ ਧਮਕੀ
ਪਹਿਲਾ ਮਾਮਲਾ ਦੁਗਰੀ ਨਿਵਾਸੀ ਗਗਨਦੀਪ ਸਿੰਘ ਨਾਲ ਜੁੜਿਆ ਹੈ। ਗਗਨਦੀਪ ਸਿੰਘ ਨੂੰ ਗੋਰੂ ਬੱਚਾ ਵੱਲੋਂ ਧਮਕੀ ਦਿੱਤੀ ਗਈ ਤੇ 10 ਲੱਖ ਫਿਰੌਤੀ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਗੋਰੂ ਬੱਚਾ ਬਠਿੰਡਾ ਜੇਲ੍ਹ ‘ਚ ਬੰਦ ਹੈ। ਇਸ ਮਾਮਲੇ ‘ਚ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਲੈਂਡ ਲਾਈਨ ਨੰਬਰ ਤੋਂ ਗੋਰੂ ਬੱਚਾ ਨੇ ਕਾਲ ਕਰਕੇ ਧਮਕਾਇਆ ਹੈ ਅਤੇ ਫਿਰੌਤੀ ਦੀ ਮੰਗ ਕੀਤੀ ਹੈ।
ਉੱਧਰ ਇਸ ਮਾਮਲੇ ‘ਚ ਥਾਣਾ ਦੁਗਰੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਕਾਲ ਦੀ ਆਡੀਓ ਰਿਕਾਰਡਿੰਗ ਗਗਨਦੀਪ ਸਿੰਘ ਵੱਲੋਂ ਕੀਤੀ ਗਈ ਸੀ ਤੇ ਉਸ ਨੇ ਪੁਲਿਸ ਨੂੰ ਵੀ ਇਹ ਰਿਕਾਰਡਿੰਗ ਦੇ ਦਿੱਤੀ ਹੈ।
ਸਿੰਧੀ ਬੇਕਰੀ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਨੇ ਕੀਤੀ ਮੰਗ
ਦੂਜਾ ਮਾਮਲਾ ਥਾਣਾ ਸਦਰ ਅਧੀਨ ਮਨਜੀਤ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ, ਜਿੱਥੇ ਗੋਪੀ ਲਹੌਰੀਆ ਨਾਮਕ ਗੈਂਗਸਟਰ ਨੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਗੋਪੀ ਲਹੌਰੀਆ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਿੰਧੀ ਬੇਕਰੀ ‘ਤੇ ਗੋਲੀਆਂ ਚਲਾਈਆਂ ਗਈਆਂ ਸੀ। ਉਸ ਨੇ ਸਿੰਧੀ ਬੇਕਰੀ ਦੇ ਮਾਲਕ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਲਿਹਾਜ਼ਾ ਪੁਲਿਸ ਨੇ ਇਨ੍ਹਾਂ ਦੋਵਾਂ ਮਾਮਲਿਆਂ ‘ਚ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਧਮਕੀ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ।