Ludhiana West by election: ਜ਼ਿਮਨੀ ਚੋਣਾਂ ਵਿਚਾਲੇ ਵੜਿੰਗ ਤੇ ਬੋਲੇ ਭਾਰਤ ਭੂਸ਼ਣ ਆਸ਼ੂ….’ਪ੍ਰਧਾਨਗੀ ਕੋਈ ਖੋਹ ਕੇ ਨਾ ਲੈ ਜਾਵੇ’

Updated On: 

06 Apr 2025 14:10 PM

Ludhiana By Election: ਪੰਜਾਬ ਕਾਂਗਰਸ ਅੰਦਰ ਸਭ ਕੁੱਝ ਠੀਕ ਨਹੀਂ ਹੈ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਇਸ ਗੱਲ ਵੱਲ ਸੰਕੇਤ ਕਰ ਰਹੀਆਂ ਹਨ। ਇਸ ਟਕਰਾਅ ਦਾ ਲੁਧਿਆਣਾ ਜ਼ਿਮਨੀ ਚੋਣ ਵਿਚਕਾਰ ਕਾਂਗਰਸ ਦੇ ਪ੍ਰਚਾਰ 'ਤੇ ਕੀ ਪ੍ਰਭਾਵ ਪਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ।

Ludhiana West by election: ਜ਼ਿਮਨੀ ਚੋਣਾਂ ਵਿਚਾਲੇ ਵੜਿੰਗ ਤੇ ਬੋਲੇ ਭਾਰਤ ਭੂਸ਼ਣ ਆਸ਼ੂ....ਪ੍ਰਧਾਨਗੀ ਕੋਈ ਖੋਹ ਕੇ ਨਾ ਲੈ ਜਾਵੇ
Follow Us On

ਇੱਕ ਮਸ਼ਹੂਰ ਗੀਤ ਹੈ ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜੁਬਾਨ ਪਰ, ਸਭ ਕੋ ਮਾਲੂਮ ਹੈ ਔਰ ਸਭ ਕੋ ਖਬਰ ਹੋ ਗਈ…ਇਹੀ ਹਾਲ ਅੱਜ ਕੱਲ੍ਹ ਪੰਜਾਬ ਕਾਂਗਰਸ ਦਾ ਜਾਪਦਾ ਹੈ ਕਿਉਂਕਿ ਪਾਰਟੀ ਅੰਦਰ ਲਈ ਖਾਨਾਜੰਗੀ ਹੁਣ ਲੀਡਰਾਂ ਦੀ ਜੁਬਾਨ ਤੇ ਆਉਣ ਲੱਗ ਗਈ ਹੈ। ਪੰਜਾਬ ਵਿੱਚ ਕਾਂਗਰਸ ਵੱਲੋਂ 2027 ਤੋਂ ਪਹਿਲਾਂ ਪਾਰਟੀ ਨੂੰ ਇੱਕ ਜੁੱਟ ਕਰਨ ਲਈ ਚਲਾਈ ਗਈ ਮੁਹਿੰਮ ‘ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ’ ਦੇ ਤਹਿਤ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਰੈਲੀ ਕੀਤੀ ਗਈ। ਜਿੱਥੇ ਪਾਰਟੀ ਦੀ ਫੁੱਟ ਸਪੱਸ਼ਟ ਨਜ਼ਰ ਆਈ। ਜਿੱਥੇ ਇੱਕ ਪਾਸੇ ਕਾਂਗਰਸੀ ਲੀਡਰਾਂ ਦੀ ਰੈਲੀ ਸੀ ਤਾਂ ਦੂਜੇ ਪਾਸੇ ਰਾਣਾ ਗੁਰਜੀਤ ਦੇ ਪਰਿਵਾਰ ਵੱਲੋਂ ਵੀ ਵੱਡਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।

ਇਸ ਵਿਚਾਲੇ ਲੁਧਿਆਣਾ ਜ਼ਿਮਨੀ ਚੋਣ ਲਈ ਆਸ਼ੂ ਨੂੰ ਟਿਕਟ ਮਿਲਣ ਤੇ ਰਾਜਾ ਵੜਿੰਗ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਪੋਸਟ ਪਾਕੇ ਭਾਰਤ ਭੂਸ਼ਣ ਆਸ਼ੂ ਨੂੰ ਵਧਾਈ ਦਿੱਤੀ। ਜਿਸ ਤੋਂ ਬਾਅਦ ਲੱਗਿਆ ਕਿ ਸ਼ਾਇਦ ਲੁਧਿਆਣਾ ਵਿੱਚ ਸਭ ਕੁੱਝ ਠੀਕ ਹੈ।

ਵੜਿੰਗ ਨੂੰ ਨਹੀਂ ਮਿਲੇ ਆਸ਼ੂ

ਸੁਲਤਾਨਪੁਰ ਲੋਧੀ ਵਿਖੇ ਹੋਈ ਰੈਲੀ ਤੋਂ ਬਾਅਦ ਸ਼ਾਮ ਸਮੇਂ ਵੜਿੰਗ ਅਤੇ ਹੋਰ ਕਾਂਗਰਸ ਲੀਡਰ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਲੁਧਿਆਣਾ ਵਿਖੇ ਉਹਨਾਂ ਦੀ ਰਿਹਾਇਸ਼ ਤੇ ਆਏ। ਪਰ ਉਹਨਾਂ ਦੀ ਮੁਲਾਕਾਤ ਆਸ਼ੂ ਨਾਲ ਨਹੀਂ ਹੋ ਸਕੀ। ਵੜਿੰਗ ਨੂੰ ਜਾਣਕਾਰੀ ਦਿੱਤੀ ਗਈ ਕਿ ਆਸ਼ੂ ਕਿਸੇ ਜ਼ਰੂਰੀ ਕੰਮ ਲਈ ਗਏ ਹੋਏ ਹਨ। ਜਿਸ ਮਗਰੋਂ ਵੜਿੰਗ ਵਾਪਿਸ ਚਲੇ ਗਏ।

ਸੂਤਰਾਂ ਅਨੁਸਾਰ ਵੜਿੰਗ ਦੇ ਜਾਣ ਤੋਂ ਕੁੱਝ ਕੁ ਸਮਾਂ ਬਾਅਦ ਹੀ ਆਸ਼ੂ ਆਪਣੇ ਘਰ ਪਰਤ ਆਏ। ਜਿਸ ਤੋਂ ਬਾਅਦ ਸਵਾਲ ਉੱਠਣੇ ਲਾਜ਼ਮੀ ਸਨ ਕਿ ਜੇਕਰ ਆਸ਼ੂ ਘਰ ਆ ਹੀ ਰਹੇ ਸਨ ਤਾਂ ਉਹ ਵੜਿੰਗ ਨੂੰ ਥੋੜ੍ਹਾ ਸਮਾਂ ਹੋਰ ਰੁਕਣ ਲਈ ਕਹਿ ਸਕਦੇ ਸਨ। ਪਰ ਅਜਿਹਾ ਨਹੀ ਹੋਇਆ। ਹਾਲਾਂਕਿ ਬਾਅਦ ਵਿੱਚ ਆਸ਼ੂ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੇ ਪੋਸਟ ਪਾਕੇ ਵੜਿੰਗ ਦਾ ਘਰ ਆਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਵੜਿੰਗ ਦੇ ਆਉਣ ਦੀ ਜਾਣਕਾਰੀ ਮੈਨੂੰ ਨਹੀਂ ਸੀ।

ਪ੍ਰਧਾਨਗੀ ਤੇ ਸਵਾਲ

ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਆਸ਼ੂ ਨੇ ਵੜਿੰਗ ਤੇ ਤੰਜ਼ ਕਸਦਿਆਂ ਕਿਹਾ ਕਿ ” ਬੇਚਾਰੇ ਕੋਲ ਕੰਮ ਜ਼ਿਆਦਾ, ਗਿੱਦੜਵਾਹਾ ਵੀ ਦੇਖਣਾ, ਪ੍ਰਧਾਨਗੀ ਵੀ ਸੰਭਾਲਣੀ ਹੈ ਕਿਤੇ ਕੋਈ ਖੋਹ ਕੇ ਨਾ ਲੈ ਜਾਵੇ, ਪਾਰਲੀਮੈਂਟ ਦਾ ਫ਼ਰਜ ਵੀ ਨਿਭਾਉਣਾ, ਇੱਕ ਲੱਤ ਦਿੱਲੀ, ਇੱਕ ਲੁਧਿਆਣੇ, ਇੱਕ ਚੰਡੀਗੜ੍ਹ, ਇੱਕ ਗਿੱਦੜਵਾਹੇ। ਉਹਨੂੰ ਵੀ ਥੋੜ੍ਹਾ ਸਪੇਸ ਦੇਣਾ ਚਾਹੀਦਾ ਹੈ ਕਿਉਂਕਿ ਲੁਧਿਆਣੇ ਲਈ ਉਸ ਕੋਲ ਟਾਇਮ ਹੀ ਨਹੀਂ ਹੈ।”

ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁੱਝ ਕੁ ਹਫ਼ਤਿਆਂ ਅੰਦਰ ਲੁਧਿਆਣਾ ਵਿੱਚ ਅਹਿਮ ਚੋਣ ਹੋਣ ਜਾ ਰਹੀ ਹੈ। ਵੜਿੰਗ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ ਕਿ ਸੱਚ ਮੁੱਚ ਉਹਨਾਂ ਕੋਲ ਲੁਧਿਆਣਾ ਦੇ ਲੋਕਾਂ ਲਈ ਸਮਾਂ ਨਹੀਂ ਹੈ।

‘ਮੈਨੂੰ ਚਾਹ ਤੇ ਨਹੀਂ ਬੁਲਾਇਆ’

ਇੰਟਰਵਿਊ ਵਿੱਚ ਆਸ਼ੂ ਨੇ ਆਪਣੀ ਨਰਾਜ਼ਗੀ ਦਿਖਾਉਂਦਿਆਂ ਕਿਹਾ ਕਿ ਜਦੋਂ ਤੋਂ ਮੈਂ ਜੇਲ੍ਹ ਤੋਂ ਛੁੱਟ ਕੇ ਆਇਆ ਹਾਂ। ਉਹਨਾਂ (ਰਾਜਾ ਵੜਿੰਗ) ਨੇ ਚਾਹ ਤੇ ਨਹੀਂ ਬੁਲਾਇਆ। ਇਸ ਗੱਲ ਦਾ ਜ਼ਰੂਰ ਗਿਲਾ ਹੈ ਉਹਨਾਂ ਨਾਲ। ਆਸ਼ੂ ਨੇ ਕਿਹਾ ਕਿ ਜੋ ਹਾਈਕਮਾਨ ਨੇ ਭਰੋਸਾ ਉਹਨਾਂ ਉੱਪਰ ਕੀਤਾ ਹੈ ਉਸ ਨੂੰ ਸਹੀ ਸਾਬਿਤ ਕਰਨ ਲਈ ਉਹ ਜੀਅ ਜਾਨ ਲਗਾ ਦੇਣਗੇ।

ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੀ ਆਸ਼ੂ ਨੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਆਸ਼ੂ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਇਗਨੌਰ ਕਰਕੇ ਸਿੱਧਾ ਹਾਈਕਮਾਨ ਤੋਂ ਟਿਕਟ ਲਿਆਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਦੀ ਜ਼ਿਮਨੀ ਚੋਣ ਕਾਂਗਰਸ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿੰਦਾ ਹੈ ਅਤੇ ਵੜਿੰਗ ਸਮੇਤ ਪੰਜਾਬ ਦੇ ਕਾਂਗਰਸੀ ਲੀਡਰ ਕਿੰਨਾ ਕੁ ਐਕਟਿਵ ਹੋਕੇ ਚੋਣ ਪ੍ਰਚਾਰ ਕਰਦੇ ਹਨ।

ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਅੰਦਰ ਚੱਲ ਰਹੀ ਖਾਨਾਜੰਗੀ ਜ਼ਿਮਨੀ ਚੋਣਾਂ ਵਿੱਚ ਜਿੱਤ ਦਵਾਏਗੀ ਜਾਂ ਮੁੜ ਕਾਂਗਰਸ ਨੂੰ ਹਾਰ ਵੱਲ ਲੈਕੇ ਜਾਵੇਗੀ। ਦੂਜੇ ਪਾਸੇ ਮਾਮਲਾ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਵਿਚਾਲੇ ਵੀ ਫ਼ਸਦਾ ਨਜ਼ਰ ਆ ਰਿਹਾ ਹੈ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕੇਂਦਰੀ ਲੀਡਰਸ਼ਿਪ ਹਾਵੀ ਰਹਿੰਦੀ ਹੈ ਜਾਂ ਫਿਰ ਪੰਜਾਬ ਦੀ ਲੀਡਰਸ਼ਿਪ।