ਲੁਧਿਆਣਾ ‘ਚ ਨੌਜਵਾਨ ਨੇ ਮਜ਼ਦੂਰ ਔਰਤ ‘ਤੇ ਸਰੇਆਮ ਸੁੱਟਿਆ ਤੇਜ਼ਾਬ, ਚਿਹਰਾ ਤੇ ਅੱਖਾਂ ਬੁਰੀ ਤਰ੍ਹਾਂ ਝੁਲਸੀਆਂ

Updated On: 

17 Feb 2026 11:30 AM IST

Ludhiana Acid Attack: ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 40 ਸਾਲਾ ਮਜ਼ਦੂਰ ਔਰਤ 'ਤੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਲੁਧਿਆਣਾ ਚ ਨੌਜਵਾਨ ਨੇ ਮਜ਼ਦੂਰ ਔਰਤ ਤੇ ਸਰੇਆਮ ਸੁੱਟਿਆ ਤੇਜ਼ਾਬ, ਚਿਹਰਾ ਤੇ ਅੱਖਾਂ ਬੁਰੀ ਤਰ੍ਹਾਂ ਝੁਲਸੀਆਂ

ਮਹਿਲਾ ਮਜ਼ਦੂਰ 'ਤੇ ਸਰੇਆਮ ਤੇਜ਼ਾਬ ਨਾਲ ਹਮਲਾ, ਚਿਹਰਾ ਤੇ ਅੱਖਾਂ ਝੁਲਸੀਆਂ

ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 40 ਸਾਲਾ ਮਜ਼ਦੂਰ ਔਰਤ ‘ਤੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਤੇਜ਼ਾਬ ਕਾਰਨ ਔਰਤ ਦੀਆਂ ਅੱਖਾਂ ਅਤੇ ਚਿਹਰਾ ਬੁਰੀ ਤਰ੍ਹਾਂ ਝੁਲਸ ਗਏ ਹਨ।

ਦੁਪਹਿਰ ਦੇ ਸਮੇਂ ਹੋਇਆ ਹਮਲਾ

ਜਾਣਕਾਰੀ ਅਨੁਸਾਰ ਪੀੜਤਾ ਦੀ ਪਛਾਣ ਸਾਵਿਤਰੀ (40) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਰਦੋਈ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਕੇ ਮਜ਼ਦੂਰੀ ਕਰ ਰਹੀ ਹੈ। ਇਹ ਘਟਨਾ ਦੁੱਗਰੀ ਦੇ ਗੁਰੂ ਗਿਆਨ ਵਿਹਾਰ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਸਾਵਿਤਰੀ ਦੁਪਹਿਰ ਵੇਲੇ ਖਾਣਾ ਖਾਣ ਦੀ ਤਿਆਰੀ ਕਰ ਰਹੀ ਸੀ। ਚਸ਼ਮਦੀਦਾਂ ਮੁਤਾਬਕ ਇੱਕ ਵਿਅਕਤੀ ਮੋਟਰਸਾਈਕਲ ‘ਤੇ ਆਇਆ, ਜਿਸ ਨੇ ਸਿਰ ‘ਤੇ ਪੱਗ ਬੰਨ੍ਹੀ ਹੋਈ ਸੀ ਅਤੇ ਉੱਪਰੋਂ ਹੈਲਮੇਟ ਪਾਇਆ ਹੋਇਆ ਸੀ ਤਾਂ ਜੋ ਉਸਦੀ ਪਛਾਣ ਨਾ ਹੋ ਸਕੇ।

ਬੁਲਾ ਕੇ ਚਿਹਰੇ ‘ਤੇ ਪਾਇਆ ਤੇਜ਼ਾਬ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਸਾਵਿਤਰੀ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ। ਜਿਵੇਂ ਹੀ ਸਾਵਿਤਰੀ ਉਸ ਦੇ ਨੇੜੇ ਪਹੁੰਚੀ, ਨੌਜਵਾਨ ਨੇ ਬੋਤਲ ਵਿੱਚ ਰੱਖਿਆ ਤੇਜ਼ਾਬ ਸਿੱਧਾ ਉਸ ਦੇ ਚਿਹਰੇ ‘ਤੇ ਸੁੱਟ ਦਿੱਤਾ ਅਤੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਹਮਲਾ ਇੰਨਾ ਅਚਾਨਕ ਸੀ ਕਿ ਪੀੜਤਾ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਲਈ ਪੀੜਤਾ ਦੇ ਕੱਪੜੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਪੀੜਤਾ ਦੀ ਰਿਸ਼ਤੇਦਾਰ ਲਜਾ ਵਤੀ ਨੇ ਦੱਸਿਆ ਕਿ ਉਹ ਸਾਰੇ ਦਿਹਾੜੀਦਾਰ ਮਜ਼ਦੂਰ ਹਨ। ਸਾਵਿਤਰੀ ਦੇ ਤਿੰਨ ਬੱਚੇ ਹਨ। ਪੀੜਤਾ ਦੀ ਭਤੀਜੀ ਨੀਸ਼ਾ ਨੇ ਦੱਸਿਆ ਕਿ ਜਿਸ ਸਮੇਂ ਇਹ ਹਮਲਾ ਹੋਇਆ, ਉਹ ਦੋਵੇਂ ਕੰਮ ਕਰ ਰਹੀਆਂ ਸਨ ਅਤੇ ਮਿਕਸਰ ਮਸ਼ੀਨ ਵਿੱਚ ਮਸਾਲਾ ਤਿਆਰ ਕੀਤਾ ਜਾ ਰਿਹਾ ਸੀ। ਉਹ ਦੋਵੇਂ ਆਪਸ ਵਿੱਚ ਖਾਣਾ ਖਾਣ ਬਾਰੇ ਗੱਲ ਹੀ ਕਰ ਰਹੀਆਂ ਸਨ ਕਿ ਅਚਾਨਕ ਇਹ ਭਾਣਾ ਵਰਤ ਗਿਆ।

ਪੁਲਿਸ ਕਾਰਵਾਈ ਜਾਰੀ

ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦਾ ਪਤਾ ਲਗਾਇਆ ਜਾ ਸਕੇ।

Follow Us