Behbal Kalan Goli Kand: ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਕਰਵਾਏ ਗਏ ਸ਼ੁਕਰਾਨਾ ਸਮਾਗਮ ‘ਚ ਪਹੁੰਚੇ ਕੁਲਤਾਰ ਸੰਧਵਾ, ਇਨਸਾਫ਼ ਮੋਰਚਾ ਨੂੰ ਦਿੱਤਾ ਭਰੋਸਾ
ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਧੂ ਸਿੰਘ ਇਸ ਸਮਾਗਮ ਤੋਂ ਦੂਰ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਧੂ ਸਿੰਘ ਦੇ ਘਰ ਜਾਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਫਰੀਦਕੋਟ: ਬਹਿਬਲ ਵਿਖੇ ਚੱਲ ਰਿਹਾ ਇਨਸਾਫ਼ ਮੋਰਚਾ ਉਨ੍ਹਾਂ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਦੇ ਦੋ ਮੈਂਬਰ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ 14 ਅਕਤੂਬਰ 2015 ਨੂੰ ਮਾਰੇ ਗਏ ਸਨ। ਇਨ੍ਹਾਂ ਵਿੱਚ ਨਿਆਮੀ ਵਾਲੇ ਦੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਸਰਾਵਾਂ ਪਿੰਡ ਦੇ ਭਾਈ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਵੱਲੋਂ ਇਹ ਇਨਸਾਫ ਮੋਰਚਾ ਸ਼ੁਰੂ ਕੀਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਸੁਖਰਾਜ ਸਿੰਘ ਅਤੇ ਸਾਧੂ ਸਿੰਘ ਵਿਚਾਲੇ ਕੁਝ ਮਤਭੇਦ ਬਣਨ ਕਾਰਨ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਵੱਲੋਂ ਮੋਰਚੇ ਤੋਂ ਆਪਣੇ ਆਪ ਨੂੰ ਵਖ਼ ਕਰ ਲਿਆ ਸੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਆਪਣਾ ਦਰਦ ਬਿਆਨ ਕਰਦੇ ਹੋਏ ਮੋਰਚੇ ਵਿੱਚ ਉਨ੍ਹਾਂ ਦੀ ਪੁੱਛ ਪੜਤਾਲ ਨਾ ਹੋਣ ਅਤੇ ਕਿਸੇ ਵੀ ਫੈਸਲੇ ‘ਚ ਉਨ੍ਹਾਂ ਦੀ ਰਜ਼ਾਮੰਦੀ ਨਾ ਲੈਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਸਾਧੂ ਸਿੰਘ ਅਤੇ ਉਹਨਾਂ ਦਾ ਪਰਿਵਾਰ ਬਹਿਬਲਕਲਾਂ ਇਨਸਾਫ ਮੋਰਚੇ ਤੋਂ ਲਗਾਤਾਰ ਗੈਰਹਾਜ਼ਰ ਚਲਦਾ ਆ ਰਿਹਾ ਹੈ।
ਸਮਾਗਮ ‘ਚ ਪਹੁੰਚੇ ਕੁਲਤਾਰ ਸੰਧਵਾਂ
ਜੇਕਰ ਗੱਲ ਕਰੀਏ ਬੀਤੇ ਕੱਲ੍ਹ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਕਰਵਾਏ ਗਏ ਸ਼ੁਕਰਾਨਾ ਸਮਾਗਮ ਦੀ ਤਾਂ ਇੱਕ ਵਾਰ ਫਿਰ ਸਾਧੂ ਸਿੰਘ ਇਸ ਸਮਾਗਮ ਤੋਂ ਦੂਰ ਰਹੇ ਹਨ। ਉਹਨਾਂ ਜਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼ੁਕਰਾਨਾ ਸਮਾਗਮ ਵਿਚ ਨਹੀਂ ਪਹੁੰਚਿਆ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸ਼ੁਕਰਾਨਾ ਸਮਾਗਮ ਚ ਹਿੱਸਾ ਲੈਣ ਤੋਂ ਬਾਅਦ ਪਿੰਡ ਸਰਾਵਾਂ ਵਿਖੇ ਮ੍ਰਿਤਕ ਭਾਈ ਗੁਰਜੀਤ ਸਿੰਘ ਦੇ ਘਰ ਪੁੱਜ ਕੇ ਉਨ੍ਹਾਂ ਵੱਲੋਂ ਗੁਰਜੀਤ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਅਤੇ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆ ਵਿਚ ਕੀਤੀ ਜਾ ਰਹੀ ਕਾਰਵਾਈ ਤੋਂ ਜਾਣੂ ਕਰਵਾਇਆ ਗਿਆ।
ਕੁਲਤਾਰ ਸੰਧਵਾਂ ਨੇ ਸਾਧੂ ਸਿੰਘ ਨਾਲ ਕੀਤੀ ਮੁਲਾਕਾਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਰਕਾਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੂਰੀ ਤਰਾਂ ਸੰਜੀਦਾ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਜਾਂਚ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕੋਟਕਪੂਰਾ ਗੋਲੀਕਾਂਡ ਦਾ ਚਲਾਨ ਵਿਸ਼ੇਸ ਜਾਂਚ ਟੀਮ ਵਲੋਂ ਬੀਤੇ ਦਿਨੀ ਫਰੀਦਕੋਟ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ ਜਿਸ ਵਿਚ ਪਤਾ ਚਲਿਆ ਹੈ ਕਿ ਵੱਡੇ ਰਾਜਨੀਤਿਕ ਲੋਕ ਅਤੇ ਉਸ ਵਕਤ ਦੇ ਕਈ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਉਹਨਾਂ ਕਿਹਾ ਕਿ ਚਾਹੇ ਜੋ ਵੀ ਕੋਈ ਇਹਨਾਂ ਮਾਮਲਿਆਂ ਵਿਚ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਨਿਰਪੱਖਤਾ ਨਾਲ ਕਾਰਵਾਈ ਹੋਵੇਗੀ ਅਤੇ ਇਹਨਾਂ ਮਾਮਲਿਆਂ ਸਬੰਧੀ ਪੂਰੀ ਪੈਰਵਾਈ ਅਦਾਲਤਾਂ ਵਿਚ ਵੀ ਕੀਤੀ ਜਾਵੇਗੀ।
ਇਨਸਾਫ਼ ਦੀ ਮੰਗ ਪੂਰੀ ਕਰ ਰਹੀ ਸਰਕਾਰ: ਸਾਧੂ ਸਿੰਘ
ਉਧਰ ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਸਮਾਂ ਤਾਂ ਲਗਦਾ ਹੀ ਹੈ। ਜਿਸ ਲਈ ਸਰਕਾਰ ਸਮਾਂ ਮੰਗਦੀ ਸੀ ਅਤੇ ਇਸੇ ਦਾ ਨਤੀਜਾ ਹੈ ਕੇ ਇਨਸਾਫ ਦੀ ਮੰਗ ਪੂਰੀ ਹੋ ਰਹੀ ਹੈ। ਮੋਰਚੇ ਨਾਲ ਮਤਭੇਦ ਬਾਰੇ ਉਨ੍ਹਾਂ ਜਿਆਦਾ ਖ਼ੁਲ ਕੇ ਗੱਲ ਨਹੀਂ ਕੀਤੀ ਪਰ ਕੀਤੇ ਨਾ ਕਿਤੇ ਕਹਿੰਦੇ ਨਜ਼ਰ ਆਏ ਕੇ ਸਰਕਾਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਜਿਸ ਲਈ ਸਮਾਂ ਦੇਣਾ ਵਾਜਬ ਸੀ ਪਰ ਮੋਰਚੇ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਸੀ।