ਬੇਵਜ੍ਹਾ ਸੜਕਾਂ ਜਾਮ ਕਰਕੇ ਨਾ ਕਰੋ ਲੋਕਾਂ ਨੂੰ ਖੱਜਲ-ਖੁਆਰ, ਹੋ ਜਾਣਗੇ ਤੁਹਾਡੇ ਖਿਲਾਫ਼, ਸੀਐਮ ਮਾਨ ਦੀ ਕਿਸਾਨਾਂ ਨੂੰ ਅਪੀਲ
ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ 'ਚ ਧਰਨੇ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਇਹ ਧਰਨਾ 26 ਤੋਂ 28 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਕਿਸਾਨ ਰਾਜਪਾਲ ਭਵਨ ਦਾ ਘਿਰਾਓ ਕਰਨਗੇ। ਇਹ ਧਰਨਾ ਟ੍ਰਿਬਿਊਨ ਚੌਂਕ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਕਿਸਾਨ ਯੂਨੀਅਨ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ 'ਚ ਕੁਝ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਪਰ ਇਹ ਮੀਟਿੰਗ ਬੇਸਿੱਟਾ ਹੀ ਸਾਬਿਤ ਹੋਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜ੍ਹਾ ਖੁੱਜਲ ਖੁਆਰ ਨਾ ਕਰਨ। ਜੇਕਰ ਉਹ ਵਾਰ-ਵਾਰ ਹਰ ਮੰਗ ਨੂੰ ਲੈ ਕੇ ਸੜਕਾਂ ਤੇ ਉੱਤਰਣਗੇ ਤਾਂ ਲੋਕ ਉਨ੍ਹਾਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ। ਸੀਐਮ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਨੂੰ ਸਾਧਣ ਲਈ ਵੀ ਯੂਨੀਅਨਾਂ ਵੱਲੋਂ ਸੜਕਾਂ ਰੋਕ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਰੋਜ਼ਮੱਰਾ ਦੀ ਜਿੰਦਗੀ ਬੁਰੀ ਤਰ੍ਹਾਂ ਨਾਲ ਲੀਹਾਂ ਤੋਂ ਲੱਥ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ।
ਮੁੱਖ ਮੰਤਰੀ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨਾਲ ਗੱਲਬਾਤ ਲਈ ਹਮੇਸ਼ਾ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਆਪਣੀਆਂ ਪਰੇਸ਼ਾਨੀਆਂ ਉਹ ਕਿਸੇ ਵੀ ਵੇਲ੍ਹੇ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਆ ਕੇ ਸਾਂਝੀਆਂ ਕਰ ਸਕਦੇ ਹਨ। ਪਰ ਇਸ ਤਰ੍ਹਾਂ ਨਾਲ ਵਾਰ-ਵਾਰ ਸੜਕਾਂ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਫੌਰਨ ਬੰਦ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿਸਾਨ ਯੂਨੀਅਨਾਂ ਵਾਰ-ਵਾਰ ਸੜਕਾਂ ਤੇ ਉੱਤਰ ਕੇ ਆਪਣਾ ਗੈਰ-ਜ਼ਿੰਮੇਵਾਰਾਨਾ ਰਵੱਈਏ ਦਾ ਪ੍ਰਦਰਸ਼ਨ ਕਰ ਰਹੀਆਂ ਹਨ, ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਿਬ ਹੈ। ਉਨ੍ਹਾਂ ਕਿਹਾ ਕਿਜੇਕਰ ਕਿਸਾਨ ਯੂਨੀਅਨਾਂ ਲਗਾਤਾਰ ਇਹੀ ਰਵੱਈਆ ਅਪਣਾਉਂਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਉਨ੍ਹਾਂ ਨੂੰ ਧਰਨੇ-ਪ੍ਰਦਰਸ਼ਨਾਂ ਲਈ ਬੰਦੇ ਨਹੀਂ ਲੱਭਣਗੇ। ਕਿਸਾਨਾਂ ਨੂੰ ਆਮ ਲੋਗਾਂ ਦੀਆਂ ਭਾਵਨਾਵਾਂ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਪ੍ਰਦਰਸ਼ਨਾਂ ਕਰਕੇ ਲੋਕਾਂ ਦੇ ਕਈ ਮਹੱਤਵਪੂਰਨ ਕੰਮ ਪ੍ਰਭਾਵਿਤ ਹੋ ਰਹੇ ਹਨ। ਕਈ ਮਰੀਜਾਂ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ ਅਤੇ ਕਈ ਬੱਚਿਆਂ ਅਤੇ ਔਰਤਾਂ ਨੂੰ ਬੁਰੀ ਤਰ੍ਹਾਂ ਨਾਲ ਖੱਜਲ-ਖੁਆਰ ਹੋਣਾ ਪੈਂਦਾ ਹੈ।
ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ .. ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ
— Bhagwant Mann (@BhagwantMann) November 22, 2023
ਇਹ ਵੀ ਪੜ੍ਹੋ
ਮੁੱਖ ਮੰਤਰੀ ਦੀ ਇਸ ਅਪੀਲ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਤੇ ਕੋਈ ਅਸਰ ਨਹੀਂ ਹੋਇਆ ਹੈ। ਤਿੰਨ ਦਿਨਾਂ ਤੱਕ ਹਾਈਵੇਅ ਜਾਮ ਕਰਨ ਤੋਂ ਬਾਅਦ ਹੁਣ ਰੇਲ ਟਰੈਕਾਂ ਤੇ ਵੀ ਧਰਨੇ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਲੁਧਿਆਣਾ ਵੱਲ ਜਾਂਦੇ ਧੰਨੋਵਾਲੀ ਫਾਟਕ ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਈ ਟਰੇਨਾਂ ਦੇ ਰੂਟਾਂ ਤੇ ਅਸਰ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਆਉਣ ਵਾਲੇ 2 ਤੋਂ 3 ਦਿਨਾਂ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।