ਬਰਨਾਲਾ ਡੀਸੀ ਦਫ਼ਤਰ ਦੇ ਬਾਹਰ ਖਾਲਿਸਤਾਨੀ ਨਾਅਰੇ, ਪੰਨੂ ਨੇ ਲਈ ਜ਼ਿੰਮੇਵਾਰੀ, ਭਾਰਤ ‘ਚ ਵਿਸ਼ਵ ਕੱਪ ਨਾ ਕਰਵਾਉਣ ਦੀ ਵੀ ਦਿੱਤੀ ਧਮਕੀ
ਗੁਰਪਤਵੰਤ ਸਿੰਘ ਪੰਨੂ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਵੋਟਿੰਗ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ। ਇਸ ਪਿੱਛੇ ਵੀ ਪਨੂੰ ਦਾ ਨਾਂ ਹੀ ਸਾਹਮਣੇ ਆਇਆ ਸੀ।

ਬਰਨਾਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅਤੇ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਖਾਲਿਸਤਾਨ (Khalistani Slogan) ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਨਾਲ ਹੀ ਜੰਗਲਾਤ ਵਿਭਾਗ ਅਤੇ ਸੀਐਮ ਭਗਵੰਤ ਮਾਨ ਦੇ ਅਧਿਕਾਰਤ ਬੈਨਰ ‘ਤੇ ਵੀ ਖਾਲਿਸਤਾਨ ਦੇ ਸਮਰਥਨ ਵਾਲੇ ਨਾਅਰੇ ਲਿਖੇ ਗਏ ਹਨ। ਇਸ ਦੀ ਜਿੰਮੇਵਾਰੀ ਲੈਂਦਿਆਂ ਖਾਲਿਸਤਾਨੀ ਸਮਰਥਕ ਅਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Singh PannU) ਨੇ ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਨਾ ਕਰਵਾਉਣ ਦੀ ਵੀ ਧਮਕੀ ਦਿੱਤੀ ਹੈ।
ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਸੀ। ਪੰਨੂ ਨੇ ਵਾਇਰਲ ਵੀਡੀਓ ਵਿੱਚ ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ (Cricket World Cup) ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਨਾਲ ਹੀ ਉਸਨੇ ਕਿਹਾ ਹੈ ਬੀਤੇ ਦਿਨੀਂ ਕੈਨੇਡਾ ‘ਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ (Hardeep Singh Nijhar) ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਇਸ ਦੇ ਨਾਲ ਹੀ ਬਰਨਾਲਾ ਵਿੱਚ ਖਾਲਿਸਤਾਨ ਦੇ ਨਾਅਰੇ ਲਿਖੇ ਜਾਣ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਜਿਨ੍ਹਾਂ ਥਾਵਾਂ ‘ਤੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ, ਉਨ੍ਹਾਂ ‘ਤੇ ਪੇਂਟ ਕੀਤਾ ਗਿਆ ਹੈ।