ਜਲੰਧਰ ‘ਚ ਨਸ਼ੇੜੀਆਂ ਦਾ ਕਹਿਰ, ਨਸ਼ੇ ਦਾ ਵਿਰੋਧ ਕਰਨ ‘ਤੇ ਘਰ ‘ਤੇ ਇੱਟਾਂ-ਰੋੜਿਆਂ ਤੇ ਕਿਰਪਾਨਾਂ ਨਾਲ ਹਮਲਾ; ਛੱਤ ਡਿੱਗੀ
ਜਲੰਧਰ ਦੇ ਹਲਕਾ ਕਰਤਾਰਪੁਰ ਵਿਖੇ ਨਸ਼ੇੜੀ ਅਨਸਰਾਂ ਦੀ ਦਹਿਸ਼ਤਗਰਦੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੁੱਟ-ਖੋਹ ਦਾ ਵਿਰੋਧ ਕਰਨ ਅਤੇ ਪੁਲਿਸ ਕੋਲ ਜਾਣ 'ਤੇ ਇੱਕ ਤਰਖਾਣ ਨੌਜਵਾਨ ਦੇ ਘਰ 'ਤੇ 40-50 ਹਥਿਆਰਬੰਦ ਗੁੰਡਿਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇੱਟਾਂ-ਰੋੜਿਆਂ ਅਤੇ ਤੇਜ਼ਧਾਰ ਕਿਰਪਾਨਾਂ ਨਾਲ ਘਰ 'ਤੇ ਅਜਿਹਾ ਕਹਿਰ ਵਰ੍ਹਾਇਆ ਕਿ ਮਕਾਨ ਦੀ ਛੱਤ ਤੱਕ ਹੇਠਾਂ ਡਿੱਗ ਪਈ।
ਜਲੰਧਰ ਦੇ ਹਲਕਾ ਕਰਤਾਰਪੁਰ ਵਿਖੇ ਨਸ਼ੇੜੀ ਅਨਸਰਾਂ ਦੀ ਦਹਿਸ਼ਤਗਰਦੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੁੱਟ-ਖੋਹ ਦਾ ਵਿਰੋਧ ਕਰਨ ਅਤੇ ਪੁਲਿਸ ਕੋਲ ਜਾਣ ‘ਤੇ ਇੱਕ ਤਰਖਾਣ ਨੌਜਵਾਨ ਦੇ ਘਰ ‘ਤੇ 40-50 ਹਥਿਆਰਬੰਦ ਗੁੰਡਿਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇੱਟਾਂ-ਰੋੜਿਆਂ ਅਤੇ ਤੇਜ਼ਧਾਰ ਕਿਰਪਾਨਾਂ ਨਾਲ ਘਰ ‘ਤੇ ਅਜਿਹਾ ਕਹਿਰ ਵਰ੍ਹਾਇਆ ਕਿ ਮਕਾਨ ਦੀ ਛੱਤ ਤੱਕ ਹੇਠਾਂ ਡਿੱਗ ਪਈ। ਇਸ ਉਪਰੰਤ ਪੁਲਿਸ ਦੀ ਢਿੱਲੀ ਕਾਰਵਾਈ ਦਾ ਫ਼ਾਇਦਾ ਚੁੱਕਦਿਆਂ ਬੇਖ਼ੌਫ਼ ਹਮਲਾਵਰਾਂ ਨੇ ਪੀੜਤ ਦੇ ਚਾਚੇ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ ਅਤੇ ਇੱਕ ਅੱਖ ਦੀ ਰੌਸ਼ਨੀ ਚਲੀ ਗਈ।
ਪਲਾਈਵੁੱਡ ਖ਼ਰੀਦਣ ਜਾਂਦੇ ਨੌਜਵਾਨ ਨੂੰ ਘੇਰ ਕੇ ਲੁੱਟਿਆ
ਪੀੜਤ ਕਾਰਪੈਂਟਰ ਪਰਵੀਨ ਨੇ ਦੱਸਿਆ ਕਿ 16 ਤਾਰੀਖ਼ ਨੂੰ ਦੁਪਹਿਰ ਸਮੇਂ ਉਹ ਆਪਣੇ ਚਾਚੇ ਨਾਲ ਪਲਾਈਵੁੱਡ ਲੈਣ ਜਾ ਰਿਹਾ ਸੀ। ਜਦੋਂ ਉਹ ਕਰਤਾਰਪੁਰ ਬੱਸ ਅੱਡੇ ਨਜ਼ਦੀਕ ਪਹੁੰਚੇ ਤਾਂ ਮੁਹੱਲੇ ਦੇ ਹੀ ਰਹਿਣ ਵਾਲੇ ਅਖਿਲ, ਹਰਪਾਲ, ਰਾਜੇਸ਼ ਅਤੇ ਉਨ੍ਹਾਂ ਦੇ ਨਸ਼ੇੜੀ ਸਾਥੀਆਂ ਨੇ ਉਨ੍ਹਾਂ ਨੂੰ ਘੇਰ ਕੇ ਨਸ਼ੇ ਲਈ ਪੈਸਿਆਂ ਦੀ ਮੰਗ ਕੀਤੀ। ਇਨਕਾਰ ਕਰਨ ‘ਤੇ ਮੁਲਜ਼ਮਾਂ ਨੇ ਕੁੱਟਮਾਰ ਕਰਦਿਆਂ 15 ਹਜ਼ਾਰ ਰੁਪਏ ਨਕਦੀ ਅਤੇ ਸੋਨੇ ਦੀ ਚੇਨ ਝਪਟ ਲਈ। ਥਾਣੇ ਸ਼ਿਕਾਇਤ ਕਰਨ ‘ਤੇ ਪੁਲਿਸ ਨੇ ਤੁਰੰਤ ਕੋਈ ਠੋਸ ਕਦਮ ਚੁੱਕਣ ਦੀ ਬਜਾਏ ਮਹਿਜ਼ ਦਰਖ਼ਾਸਤ ਲੈ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
ਸ਼ਿਕਾਇਤ ਦਾ ਪਤਾ ਲੱਗਦਿਆਂ ਹੀ ਘਰ ‘ਤੇ ਬੋਲਿਆ ਧਾਵਾ
ਪੁਲਿਸ ਕੋਲ ਜਾਣ ਦੀ ਖ਼ਬਰ ਮਿਲਦੇ ਹੀ ਮੁੱਖ ਸਰਗਨੇ ਗੋਲਾ ਨੇ ਦਰਜਨਾਂ ਹੁੱਲੜਬਾਜ਼ਾਂ ਨੂੰ ਇਕੱਠਾ ਕਰ ਲਿਆ। ਅੱਧੇ ਘੰਟੇ ਦੇ ਅੰਦਰ 40-50 ਹਥਿਆਰਬੰਦ ਨੌਜਵਾਨਾਂ ਨੇ ਪਰਵੀਨ ਦੇ ਘਰ ‘ਤੇ ਹੱਲਾ ਬੋਲਦਿਆਂ ਅੰਨ੍ਹੇਵਾਹ ਪਥਰਾਅ ਸ਼ੁਰੂ ਕਰ ਦਿੱਤਾ। ਬਚਾਅ ਕਰਨ ਆਈ ਪਰਵੀਨ ਦੀ ਪਤਨੀ ਦੇ ਸਿਰ ‘ਤੇ ਇੱਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਭਾਰੀ ਪੱਥਰਬਾਜ਼ੀ ਕਾਰਨ ਕਮਰੇ ਦੀ ਛੱਤ ਡਿੱਗ ਪਈ। ਇਹ ਸਮੁੱਚੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ਤੋਂ ਇੱਕ ਮੁਲਜ਼ਮ ਨੂੰ ਫੜਿਆ ਜ਼ਰੂਰ, ਪਰ ਬਿਨਾਂ ਕਾਰਵਾਈ ਕੀਤੇ ਉਸ ਨੂੰ ਛੱਡ ਦਿੱਤਾ।
ਚਾਚੇ ਨੂੰ ਸਕੂਟੀ ‘ਤੇ ਅਗਵਾ ਕਰਕੇ ਅੱਖ ਫੋੜੀ
ਪੁਲਿਸ ਦੀ ਢਿੱਲ ਤੋਂ ਸ਼ਹਿ ਪਾ ਕੇ ਬਦਮਾਸ਼ਾਂ ਨੇ 29 ਤਾਰੀਖ਼ ਨੂੰ ਡੀ.ਏ.ਵੀ. ਸਕੂਲ ਨੇੜਿਓਂ ਪਰਵੀਨ ਦੇ ਚਾਚੇ ਜਸਵਿੰਦਰ ਨੂੰ ਸਕੂਟੀ ‘ਤੇ ਜ਼ਬਰਦਸਤੀ ਅਗਵਾ ਕਰ ਲਿਆ। ਮੰਡੀ ਇਲਾਕੇ ‘ਚ ਲਿਜਾ ਕੇ ਕੀਤੀ ਗਈ ਅੰਨ੍ਹੇਵਾਹ ਕੁੱਟਮਾਰ ਦੌਰਾਨ ਜਸਵਿੰਦਰ ਦੀ ਬਾਂਹ ਤੋੜ ਦਿੱਤੀ ਗਈ ਅਤੇ ਅੱਖ ‘ਤੇ ਗੰਭੀਰ ਸੱਟ ਮਾਰ ਕੇ ਉਸ ਦੀ ਰੌਸ਼ਨੀ ਖੋਹ ਲਈ। ਗੰਭੀਰ ਜ਼ਖ਼ਮੀ ਹਾਲਤ ਕਾਰਨ ਉਨ੍ਹਾਂ ਨੂੰ ਜਾਲੰਧਰ ਦੇ ਹਸਪਤਾਲ ਰੈਫ਼ਰ ਕੀਤਾ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ; ਨਸ਼ੇ ਲਈ ਪੈਸੇ ਨਾ ਦੇਣ ਅਤੇ ਸ਼ਿਕਾਇਤ ਦਰਜ ਕਰਵਾਉਣ ਦਾ ਬਦਲਾ ਲੈਣ ਲਈ ਇਹ ਵਾਰਦਾਤ ਕੀਤੀ ਗਈ ਹੈ। ਪਰਿਵਾਰ ਨੇ ਐੱਸ.ਐੱਸ.ਪੀ. ਜਾਲੰਧਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਦਖ਼ਲ ਦੇ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜਾਨੀ ਸੁਰੱਖਿਆ ਦੀ ਗੁਹਾਰ ਲਗਾਈ ਹੈ।
