ਕਪੂਰਥਲਾ ‘ਚ ਪਟਾਕੇ ਚਲਾਉਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Published: 

10 Nov 2026 18:30 PM IST

ਕਪੂਰਥਲਾ ਦੇ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਖ਼ੁਸ਼ੀ ਦੇ ਮਾਹੌਲ ਦਰਮਿਆਨ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪਟਾਕੇ ਚਲਾ ਰਹੇ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਦੋਸਤ ਉਸ ਨੂੰ ਗੰਭੀਰ ਹਾਲਤ ਵਿੱਚ ਸਕੂਟੀ 'ਤੇ ਬਿਠਾ ਕੇ ਹਸਪਤਾਲ ਲੈ ਕੇ ਪਹੁੰਚੇ, ਪ੍ਰੰਤੂ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।

ਕਪੂਰਥਲਾ ਚ ਪਟਾਕੇ ਚਲਾਉਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਕਪੂਰਥਲਾ ਦੇ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਖ਼ੁਸ਼ੀ ਦੇ ਮਾਹੌਲ ਦਰਮਿਆਨ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪਟਾਕੇ ਚਲਾ ਰਹੇ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਦੋਸਤ ਉਸ ਨੂੰ ਗੰਭੀਰ ਹਾਲਤ ਵਿੱਚ ਸਕੂਟੀ ‘ਤੇ ਬਿਠਾ ਕੇ ਹਸਪਤਾਲ ਲੈ ਕੇ ਪਹੁੰਚੇ, ਪ੍ਰੰਤੂ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।

ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾ ਮਨੀ ਵਜੋਂ ਹੋਈ ਹੈ, ਜੋ ਕਿ ਮੁਹੱਲਾ ਮਹਿਤਾਬਗੜ੍ਹ ਦੇ ਵਸਨੀਕ ਬੱਗਾ ਸਿੰਘ ਦਾ ਪੁੱਤਰ ਸੀ। ਮਨੀ ਸਥਾਨਕ ਪੱਧਰ ‘ਤੇ ਪਹਿਲਵਾਨੀ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਮਨੀ ਦਾ ਵਿਆਹ ਮਹਿਜ਼ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਵਿੱਚ 4 ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਸੋਗ ਦੀ ਲਹਿਰ ਫੈਲ ਗਈ ਹੈ।

ਪਟਾਕੇ ਚਲਾਉਂਦੇ ਸਮੇਂ ਛਾਤੀ ਵਿੱਚ ਮਾਰੀ ਗੋਲੀ

ਮਿਲੀ ਜਾਣਕਾਰੀ ਅਨੁਸਾਰ, ਸੋਮਵਾਰ ਰਾਤ ਕਰੀਬ 8 ਵਜੇ ਮਨੀ ਮੁਹੱਲਾ ਮਹਿਤਾਬਗੜ੍ਹ ਸਥਿਤ ਆਪਣੇ ਘਰ ਦੇ ਨੇੜੇ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਮੁਹੱਲੇ ਦੇ ਹੀ ਰਹਿਣ ਵਾਲੇ ਦੋ ਨੌਜਵਾਨ ਕੋਮਲ ਅਤੇ ਮਨੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਪਿਸਤੌਲ ਨਾਲ ਸਿੱਧੀਆਂ ਦੋ ਗੋਲੀਆਂ ਚਲਾ ਦਿੱਤੀਆਂ।

ਚਲਾਈਆਂ ਗਈਆਂ ਗੋਲੀਆਂ ਵਿੱਚੋਂ ਇੱਕ ਗੋਲੀ ਸਿੱਧੀ ਪਟਾਕੇ ਚਲਾ ਰਹੇ ਮਨੀ ਦੀ ਛਾਤੀ ਵਿੱਚ ਜਾ ਲੱਗੀ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਮਨੀ ਦੇ ਦੋਸਤਾਂ ਅਨੁਸਾਰ ਗੋਲੀ ਲੱਗਣ ਕਾਰਨ ਉਸ ਦੇ ਸਾਹ ਮੌਕੇ ‘ਤੇ ਹੀ ਰੁਕ ਗਏ ਸਨ, ਪਰ ਫਿਰ ਵੀ ਜਾਨ ਬਚਾਉਣ ਦੀ ਆਸ ਵਿੱਚ ਉਹ ਬਿਨਾਂ ਸਮਾਂ ਗਵਾਏ ਉਸ ਨੂੰ ਸਕੂਟੀ ‘ਤੇ ਪਾ ਕੇ ਸਿਵਲ ਹਸਪਤਾਲ ਵੱਲ ਭੱਜੇ। ਹਾਲਾਂਕਿ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਮੁਲਜ਼ਮਾਂ ਦਾ ਮਨੀ ਨਾਲ ਕੋਈ ਝਗੜਾ ਨਹੀਂ ਸੀ: DSP

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਤੋਂ ਗੋਲੀਆਂ ਦੇ 2 ਖੋਲ ਬਰਾਮਦ ਕੀਤੇ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਡੀਐੱਸਪੀ ਨੇ ਅੱਗੇ ਦੱਸਿਆ ਕਿ ਮਨੀ ਸਥਾਨਕ ਪੱਧਰ ਦਾ ਪਹਿਲਵਾਨ ਸੀ ਅਤੇ ਉਸ ਦਾ ਮੁਲਜ਼ਮਾਂ ਨਾਲ ਕੋਈ ਨਿੱਜੀ ਵਿਵਾਦ ਜਾਂ ਰੰਜਿਸ਼ ਨਹੀਂ ਸੀ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਰਹੇ ਸਨ, ਪ੍ਰੰਤੂ ਅਚਾਨਕ ਗੋਲੀ ਮਨੀ ਨੂੰ ਲੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਰੀ ਸਥਿਤੀ ਅਤੇ ਅਸਲ ਕਾਰਨਾਂ ਦਾ ਪੂਰੀ ਤਰ੍ਹਾਂ ਖ਼ੁਲਾਸਾ ਹੋ ਸਕੇਗਾ।

ਰਿਸ਼ਤੇਦਾਰ ਬੋਲੇ, ਖੋਹ ਲਿਆ ਸੁਹਾਗ

ਮ੍ਰਿਤਕ ਮਨੀ ਦੀ ਰਿਸ਼ਤੇਦਾਰ ਹਰਜਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਮਨੀ ਦਾ ਵਿਆਹ ਮਹਿਜ਼ 6 ਮਹੀਨੇ ਪਹਿਲਾਂ ਬੜੇ ਚਾਵਾਂ-ਮਲ੍ਹਾਰਾਂ ਨਾਲ ਹੋਇਆ ਸੀ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਅਜੇ ਤਾਂ ਉਸ ਦੀ ਨਵ-ਵਿਆਹੀ ਪਤਨੀ ਦੇ ਹੱਥਾਂ ਤੋਂ ਵਿਆਹ ਦਾ ਲਾਲ ਚੂੜਾ ਵੀ ਨਹੀਂ ਉੱਤਰਿਆ ਸੀ ਕਿ ਹਮਲਾਵਰਾਂ ਨੇ ਉਸ ਦਾ ਸੁਹਾਗ ਖੋਹ ਕੇ ਘਰ ਤਬਾਹ ਕਰ ਦਿੱਤਾ। ਹਰਜਿੰਦਰ ਕੌਰ ਨੇ ਦੱਸਿਆ ਕਿ ਮਨੀ 4 ਭੈਣਾਂ ਵਿੱਚ ਇਕਲੌਤਾ ਸਹਾਰਾ ਸੀ ਅਤੇ ਉਸ ਦੀ ਮੌਤ ਨਾਲ ਹੱਸਦਾ-ਵਸਦਾ ਪਰਿਵਾਰ ਉੱਜੜ ਗਿਆ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

Loading...
Unable to load recommendations.
Follow Us