Indian Student in Canda: 700 ਵਿਦਿਆਰਥੀਆਂ ਦੇ ਡਿਪੋਰਟ ਮਾਮਲੇ ਤੋਂ ਬਾਅਦ ਜਾਗਿਆ ਪ੍ਰਸ਼ਾਸਨ, ਫਰਜ਼ੀ ਟ੍ਰੈਵਲ ਏਜੰਟਾਂ ‘ਤੇ ਹੋਵੇਗਾ ਐਕਸ਼ਨ

Updated On: 

02 Jul 2023 18:30 PM

ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬਾਹਰ ਭੇਜਣ ਵਾਲੇ ਏਜੰਟਾਂ ਦੇ ਲਾਇਸੰਸਾਂ ਦੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਦਾ ਕੀਤਾ ਗਠਨ। ਅਧਿਕਾਰੀਆਂ ਨੂੰ ਜਾਂਚ ਕਰਕੇ 10 ਜੁਲਾਈ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਡੀਸੀ ਨੇ ਕਿਹਾ ਕਿ ਫਰਾਡ ਕਰਨ ਵਾਲੇ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Indian Student in Canda: 700 ਵਿਦਿਆਰਥੀਆਂ ਦੇ ਡਿਪੋਰਟ ਮਾਮਲੇ ਤੋਂ ਬਾਅਦ ਜਾਗਿਆ ਪ੍ਰਸ਼ਾਸਨ, ਫਰਜ਼ੀ ਟ੍ਰੈਵਲ ਏਜੰਟਾਂ ਤੇ ਹੋਵੇਗਾ ਐਕਸ਼ਨ
Follow Us On

ਜਲੰਧਰ ਨਿਊਜ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਲੰਧਰ (Jalandhar) ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੀਆਂ ਸਾਰੀਆਂ ਇਮੀਗ੍ਰੇਸ਼ਨ ਫਰਮਾਂ ਦੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਆਪਣੇ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ, ਡਿਪਟੀ ਸੁਪਰਡੈਂਟ ਆਫ਼ ਪੁਲਿਸ, ਸਟੇਸ਼ਨ ਹਾਊਸ ਅਫ਼ਸਰਾਂ ਅਤੇ ਤਹਿਸੀਲਦਾਰਾਂ ਸਮੇਤ ਮੈਂਬਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਨ੍ਹਾਂ ਕਮੇਟੀਆਂ ਨੂੰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਾਰੇ ਏਜੰਟਾਂ ਦੇ ਕਾਗਜ ਚੈੱਕ ਕਰਨ ਦੇ ਨਿਰਦੇਸ਼ ਹਨ ਤਾਂ ਜੋ ਏਜੰਟਾਂ ਦੀ ਧੋਖਾਧੜੀ ਰੋਕੀ ਜਾ ਸਕੇ।

ਇਸ ਸਬੰਧੀ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ (Deputy Commissioner) ਨੇ ਕਿਹਾ ਕਿ ਸਾਰੀਆਂ ਫਰਮਾਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਲੋਕਾਂ ਨੂੰ ਇਮੀਗ੍ਰੇਸ਼ਨ ਫਰਮਾਂ ਵੱਲੋਂ ਕਿਸੇ ਕਿਸਮ ਦੀ ਧੋਖਾਧੜੀ ਦਾ ਸਾਹਮਣਾ ਨਾ ਕਰਨਾ ਪਵੇ।

ਏਜੰਟਾਂ ਦੇ ਕਾਗਜ਼ਾਂ ਦੀ ਹੋਵੇਗੀ ਜਾਂਚ-ਡੀਸੀ

ਉਨ੍ਹਾਂ ਅੱਗੇ ਦੱਸਿਆ ਕਿ ਇਸ ਐਕਟ ਦੀਆਂ ਹਦਾਇਤਾਂ ਅਨੁਸਾਰ ਸਾਰੇ ਲਾਇਸੰਸਧਾਰਕ ਨੂੰ ਆਪਣੇ ਕਾਰੋਬਾਰ ਦੀ ਰਿਪੋਰਟ ਹਰ ਮਹੀਨੇ ਪ੍ਰਸ਼ਾਸਨ ਨੂੰ ਸੌਂਪਣੀ ਚਾਹੀਦੀ ਹੈ ਤੇ ਜਿਹੜਾ ਇਸ ਤਰ੍ਹਾਂ ਨਹੀਂ ਕਰੇਗਾ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਨੇ ਜਿਹੜੀ ਏਜੰਟਾਂ ਦੇ ਕਾਗਜਾਂ ਦੀ ਪੜਤਾਲ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਉਸ ਵਿੱਚ ਸਾਰੇ ਫਰਜੀ ਟ੍ਰੈਵਲ ਏਜੰਟਾਂ ਦਾ ਪਰਦਾਫਾਸ਼ ਹੋ ਜਾਵੇਗਾ। ਪੰਜਾਬ ਸਰਕਾਰ (Punjab Govt) ਨੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਖਿਲਾਫ ਸਖਤੀ ਕੀਤੀ ਹੋਈ ਹੈ।

‘ਨਿਯਮਾਂ ਦੀ ਉਲੰਘਣਾ ਕੀਤੀ ਤਾਂ ਹੋਵੇਗੀ ਕਾਰਵਾਈ’

ਡਿਪਟੀ ਕਮਿਸ਼ਨਰ ਸਾਰੰਗਲ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਤੁਰੰਤ ਇਮੀਗ੍ਰੇਸ਼ਨ/ਟਰੈਵਲ ਕੰਸਲਟੈਂਟਾਂ ਦੀ ਚੈਕਿੰਗ ਸ਼ੁਰੂ ਕਰਨ ਅਤੇ 10 ਜੁਲਾਈ 2023 ਤੱਕ ਆਪਣੀਆਂ ਚੈਕਿੰਗ ਰਿਪੋਰਟਾਂ ਜਮ੍ਹਾਂ ਕਰਵਾਉਣ ਤਾਂ ਜੋ ਰਿਪੋਰਟਾਂ ਨੂੰ ਕੰਪਾਇਲ ਕਰਕੇ ਸੂਬਾ ਸਰਕਾਰ ਨੂੰ ਭੇਜਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਬਣਾਏ ਨਿਯਮਾਂ ਦੀ ਕਿਸੇ ਨੂੰ ਵੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਚੈਕਿੰਗ ਦੌਰਾਨ ਕਾਨੂੰਨ ਦੇ ਸਾਰੇ ਪਹਿਲੂਆਂ ਨੂੰ ਘੋਖਿਆ ਜਾਵੇ ਅਤੇ ਜੇਕਰ ਇਨ੍ਹਾਂ ਕੰਪਨੀਆਂ ਵੱਲੋਂ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਜਾਵੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ