Jalandhar Bypoll: ਪੁਲਿਸ ਵੱਲੋਂ 44 ਭਗੌੜੇ ਗ੍ਰਿਫਤਾਰ, ਐੱਸਐੱਸਪੀ ਬੋਲੇ, ਸ਼ਾਂਤੀ ਨਾਲ ਕਰਵਾਈ ਜਾਵੇਗੀ ਚੋਣ
ਪੰਜਾਬ ਪੁਲਿਸ ਨੇ ਚੋਣ ਅਮਨ-ਸ਼ਾਂਤੀ, ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਪੁਖਤਾ ਪ੍ਰਬੰਧ ਕੀਤੇ ਹਨ, ਜਿਸ ਕਾਰਨ ਪੁਲਿਸ ਨੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤੀ ਕੀਤੀ ਹੋਈ ਹੈ।
ਜਲੰਧਰ। ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਵਿੱਚ ਤਾਕਤ ਲਗਾਈ ਹੈ ਉੱਥੇ ਹੀ ਪੁਲਿਸ (Police) ਨੇ ਵੀ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਤਿਆਰੀ ਕਰ ਲਈ ਹੈ। ਇਸਦੇ ਤਹਿਤ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਿਮਨੀ ਚੋਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੇ ਨਾਲ-ਨਾਲ ਚੋਣ ਜਾਬਤਾ ਲਾਗੂ ਹੁੰਦੇ ਸਾਰ ਹੀ ਜਿਲ੍ਹਾ ਅਤੇ ਥਾਣਾ ਪੱਧਰ ਤੇ ਵੱਖ-ਵੱਖ ਟੀਮਾਂ ਬਣਾ ਕੇ ਪੀ.ਓਜ਼ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
‘ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਜਾਰੀ ਰਹੇਗੀ’
ਉਨ੍ਹਾਂ ਦੱਸਿਆ ਕਿ ਹੁਣ ਤੱਕ 44 ਪੀ.ਓਜ਼ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 2 ਪੀ.ਓਜ਼ ਨੂੰ ਲਿਸਟ ਵਿਚੋ ਖਾਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਪੀ.ਓਜ਼ ਵਿੱਚੋ 20 ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲੋੜੀਂਦੇ ਸਨ, ਜਿਨ੍ਹਾਂ ਚੋਂ 3 ਘਿਨੋਣੇ ਅਪਰਾਧਾਂ ਨਾਲ ਸਬੰਧਤ ਸਨ ਉਨਾਂ ਨੂੰ ਕਾਬੂ ਕੀਤਾ ਗਿਆ।
ਇਸੇ ਤਰ੍ਹਾਂ ਐਨ.ਡੀ.ਪੀ.ਐਸ ਐਕਟ ਤਹਿਤ ਲੋੜੀਂਦੇ 19 ਅਤੇ ਐਕਸਾਈਜ਼ ਐਕਟ ਦੇ 5 ਪੀ.ਓਜ਼ ਗ੍ਰਿਫਤਾਰ ਕੀਤੇ।ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ 1 ਪੀ.ਓ ਕਤਲ ਦੇ ਮੁਕੱਦਮੇ ਵਿੱਚ ਪਿਛਲੇ ਕਰੀਬ 13 ਸਾਲ ਤੋਂ, ਲੜਾਈ-ਝਗੜੇ ਦੇ ਮਾਮਲੇ ਵਿੱਚ 2 ਪੀ.ਓ ਕਰੀਬ 14 ਸਾਲ ਅਤੇ 5 ਸਾਲ ਤੋਂ, ਧੋਖਾਧੜੀ ਦੇ ਮਾਮਲੇ ਚ 1 ਪੀ.ਓ ਕਰੀਬ 9 ਸਾਲ ਤੋਂ ਅਤੇ ਐਨ.ਡੀ.ਪੀ.ਐਸ ਐਕਟ ਤਹਿਤ 1 ਪੀ.ਓ ਪਿਛਲੇ ਲਗਭਗ 5 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਸ਼ਰਾਰਤੀ ਅਨਸਰਾਂ (Mischievous Elements) ਖਿਲਾਫ ਕਾਰਵਾਈ ਜਾਰੀ ਰਹੇਗੀ।
‘ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ’
ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੂੰ ਦੱਸਿਆ ਕਿ ਛੋਟੇ ਜੁਰਮਾਂ ਨਾਲ ਸਬੰਧਤ ਪੀ.ਓਜ਼ ਜੋ ਪਿਛਲੇ ਲੰਮੇ ਸਮੇਂ ਤੋਂ ਭਗੌੜੇ ਅਲਾਨੇ ਗਏ ਸਨ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਨਿਯਮਾਂ ਤਹਿਤ ਪੀ.ਓਜ਼ ਲਿਸਟ ਚੋਂ ਖਾਰਜ ਕਰਵਾਉਣ ਲਈ ਜਾਬਤੇ ਅਨੁਸਾਰ ਤਜਵੀਜ਼ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਭੇਜੀ ਤਜਵੀਜ਼ ਅਨੁਸਾਰ 57 ਪੀ.ਓਜ਼ ਦੇ ਨਾਮ ਡਲੀਟ ਕਰਨ ਦੀ ਮੰਜੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਹਰ ਪੱਖੋਂ ਪੁਖਤਾ ਇੰਤਜਾਮ ਅਮਲ ਵਿਚ ਲਿਆਂਦੇ ਗਏ ਹਨ ਤਾਂ ਜੋ ਸਮੁੱਚੀ ਪ੍ਰਕਿਰਿਆ ਨੂੰ ਨਿਰਵਿਘਨ, ਪਾਰਦਰਸ਼ੀ ਅਤੇ ਆਜ਼ਾਦਾਨਾਂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾ ਦੱਸਿਆ ਕਿ ਪੀ.ਓਜ਼ ਖਿਲਾਫ ਬਣਦੀ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਜ਼ਿਲ੍ਹਾ ਜਲੰਧਰ ਦਿਹਾਤੀ ਤੇ ਪੀ.ਓ ਸਟਾਫ ਦੇ ਕਰਮਚਾਰੀਆਂ ਵਲੋਂ ਹੁਣ ਤੱਕ ਕੀਤੀ ਪ੍ਰਭਾਵਸ਼ਾਲੀ ਕਾਰਵਾਈ ਲਈ ਉਨ੍ਹਾਂ ਨੂੰ ਪ੍ਰਸ਼ਨਾ ਪੱਤਰ ਵੀ ਦਿੱਤੇ ਗਏ।