SGPC ਨੂੰ ਸਾਲਾਂ ਤੋਂ ਚਲਾਉਂਦੇ ਆ ਰਹੇ ਨੇ ਬਾਦਲ, ਸੁਖਬੀਰ ਦੇ ਘਰ ਚੌਕੀ ਭਰਨ ਵਾਲੇ ਗੁਲਾਮ ਹੀ ਬਣਦੇ ਨੇ ਜਥੇਦਾਰ, ਭਾਈ ਰਣਜੀਤ ਸਿੰਘ ਦੇ ਵੱਡੇ ਇਲਜ਼ਾਮ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਐੱਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਾਦਲ ਪਰਿਵਾਰ ਦੇ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਨੇ ਨੌਜਵਾਨਾਂ ਨੂੰ ਐੱਸਜੀਪੀਸੀ ਨੂੰ ਬਾਦਲ ਪਰਿਵਾਰ ਦੇ ਚੁੰਗਲ ਤੋਂ ਛਡਾਉਣ ਦੀ ਅਪੀਲ ਕੀਤੀ।

ਜਲੰਧਰ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ (Bhai Ranjit Singh) ਨੇ ਪੰਥਕ ਅਕਾਲੀ ਦਲ ਦੇ 20 ਲੀਡਰਾਂ ਨਾਲ ਐਸਜੀਪੀਸੀ ਦੀਆਂ ਹੋਣ ਵਾਲੀ ਚੋਣਾਂ ਨੂੰ ਲੈਕੇ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ । ਉਨ੍ਹਾਂ ਨੇ ਬਾਦਲ ਪਰਿਵਾਰ ‘ਤੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ ਐਸਜੀਪੀਸੀ ਨੂੰ ਬਾਦਲ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਚਲਾਉਂਦਾ ਆ ਰਿਹਾ ਹੈ ਤੇ ਐਸਜੀਪੀਸੀ ਤੇ ਬਾਦਲ ਪਰਿਵਾਰ ਨੇ ਕਬਜ਼ਾ ਕਰਕੇ ਰੱਖਿਆ ਹੋਇਆ ਹੈ।
ਉਨਾਂ ਨੇ ਕਿਹਾ ਪੰਥਕ ਅਕਾਲੀ ਲਹਿਰ ਨੇ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਸੱਦਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਲਈ ਪਿੰਡ ਪੱਧਰ ‘ਤੇ ਬੂਥ ਕਮੇਟੀਆਂ ਬਣਾਉਣ ਅਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਹੁਣੇ ਤੋਂ ਕਮਰ ਕੱਸ ਲੈਣ।
ਪਿੰਡਾਂ ‘ਚ ਬਣਾਈਆਂ ਜਾਣ ਬੂਥ ਕਮੇਟੀਆਂ-ਰਣਜੀਤ
ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦਾ ਇੱਕ ਵਟਸਐਪ ਨੰਬਰ 7087081172 ਜਾਰੀ ਕਰਦਿਆਂ ਸਿੱਖ ਨੌਜਵਾਨਾਂ ਨੂੰ ਆਪੋ-ਆਪਣੇ ਪਿੰਡਾਂ ਦੀਆਂ ਬੂਥ ਕਮੇਟੀਆਂ ਬਣਾ ਕੇ ਉਨ੍ਹਾਂ ਦੀ ਜਾਣਕਾਰੀ ਇਸ ਨੰਬਰ ‘ਤੇ ਸਾਂਝੀ ਕਰਨ ਅਤੇ ਪੰਥਕ ਅਕਾਲੀ ਲਹਿਰ ਦਾ ਸਰਗਰਮ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਭਾਈ ਰਣਜੀਤ ਸਿੰਘ, ਜੋ ਕਿ ਪਿਛਲੇ ਦੋ ਦਹਾਕਿਆਂ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਪਿੰਡ ਪਿੰਡ ਪਹੁੰਚ ਕੇ ਜਾਗਰੂਕ ਕਰ ਰਹੇ ਹਨ। ਸਾਬਕਾ ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲੀ ਬਾਗ ਨੂੰ ਬਚਾਉਣ ਲਈ ਪੰਥਕ ਸੰਸਥਾਵਾਂ ਤੇ ਅਮਰਵੇਲ ਬਏ ਹੋਏ ਬਾਦਲ ਪਰਿਵਾਰ ਕੋਲੋਂ ਅਕਾਲੀ ਰਾਜਨੀਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਜਰੂਰੀ ਹੈ।
‘ਪੰਥਕ ਰਹੁ-ਰੀਤਾਂ ਨੂੰ ਕੀਤਾ ਨਜ਼ਰ ਅੰਦਾਜ’
ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਐੱਸਜੀਪੀਸੀ (SGPC) ਨੂੰ ਆਪਣੀ ਪਰਿਵਾਰਕ ਜਾਗੀਰ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਬਾਦਲ ਪਰਿਵਾਰ ਨੇ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਗੁਲਾਮ ਬਣਾ ਕੇ ਉਨ੍ਹਾਂ ਦੇ ਸਤਿਕਾਰ ਨੂੰ ਖਤਮ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਸੇ ਕਾਰਨ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪੰਥਕ ਰਹੁ-ਰੀਤਾਂ ਅਨੁਸਾਰ ਕਰਨ ਦੀ ਬਜਾਏ ਸੁਖਬੀਰ ਬਾਦਲ ਦੇ ਘਰ ਚੌਕੀ ਭਰਨ ਵਾਲੇ ਗੁਲਾਮਾਂ ਨੂੰ ਜਥੇਦਾਰ ਲਾਇਆ ਜਾਂਦਾ ਹੈ।
ਪੰਥ ਦਾ ਵੱਡਾ ਸਰਮਾਇਆ ਹੈ ਐੱਸਜੀਪੀਸੀ-ਜਥੇਦਾਰ
ਭਾਈ ਰਣਜੀਤ ਸਿੰਘ ਨੇ ਅੱਗੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦਾ ਵਡਮੁੱਲਾ ਸਰਮਾਇਆ ਹੈ ਪਰ ਬਾਦਲ ਪਰਿਵਾਰ ਨੇ ਇਸ ਦੇ ਸਾਧਨਾ ਅਤੇ ਸੰਗਤ ਦੁਆਰਾ ਗੁਰੂ ਦੀ ਗੋਲਕ ਵਿਚ ਪਾਈ-ਪਾਈ ਕਰਕੇ ਸ਼ਰਧਾ ਨਾਲ ਭੇਟ ਕੀਤੇ ਪੈਸਿਆਂ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਨੂੰ ਬਾਦਲ ਪਰਿਵਾਰ ਨੇ ਖੁਰਦ-ਬੁਰਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲੀ ਬਾਗ ਨੂੰ ਉਜਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਬਾਦਲ ਪਰਿਵਾਰ ਤੋਂ ਪੰਥ ਦਾ ਖਹਿੜਾ ਛੁੜਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਪੰਥਕ ਪ੍ਰਬੰਧ ਹੇਠ ਲਿਆਉਣਾ ਜ਼ਰੂਰੀ ਹੈ ਤਾ ਜੋ ਗੁਰੂ ਦੀ ਗੋਲਕ ਨਾਲ ਗਰੀਬਾਂ ਦੀ ਸਹਾਇਤਾ ਕੀਤੀ ਜਾਏ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ