ਮਾਲਕਾਂ ਦਾ ਤੋੜਿਆ ਭਰੋਸਾ, ਪਰਿਵਾਰ ਨੂੰ ਜ਼ਹਿਰ ਮਿਲਿਆ ਖਾਣਾ ਖੁਆ ਕੇ ਕੀਤੀ ਲੁੱਟ ਤੇ ਹੋਇਆ ਫਰਾਰ
Crime News: ਸੂਤਰਾਂ ਦੀ ਮੰਨੀਏ ਤਾਂ ਇਹ ਵੱਡੀ ਲੁੱਟ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਨੌਕਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ਨਿਊਜ਼: ਫਗਵਾੜਾ ਦੇ ਨਿਊ ਪਟੇਲ ਨਗਰ ‘ਚ ਇੱਕ ਘਰ ਦੇ ਨੌਕਰ ਨੇ ਮਾਲਕਾਂ ਦਾ ਭਰੋਸਾ ਤੋੜਦਿਆਂ ਉਨ੍ਹਾਂ ਨੂੰ ਜ਼ਹਿਰ ਮਿਲਿਆ ਖਾਣਾ ਖੁਆ ਕੇ ਉਨ੍ਹਾਂ ਦੀ ਜਾਨ ਤਾਂ ਜੋਖਮ ਚ ਪਾਈ ਹੀ, ਨਾਲ ਹੀ ਘਰ ਵਿੱਚ ਵੱਡੀ ਲੁੱਟ ਵੀ ਕੀਤੀ। ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੌਕਰ ਮੌਕੇ ਤੋਂ ਫਰਾਰ ਹੋ ਗਿਆ। ਪੂਰੇ ਪਰਿਵਾਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੂਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਪਰਿਵਾਰ ਦੀ ਇਕ ਔਰਤ ਨੂੰ ਹੋਸ਼ ਆਇਆ। ਹੋਸ਼ ਆਉਣ ਤੇ ਉਸਨੇ ਵੇਖਿਆ ਕਿ ਸਾਰਾ ਪਰਿਵਾਰ ਬੇਹੋਸ਼ ਪਿਆ ਹੋਇਆ ਹੈ। ਉਸ ਨੇ ਗੁਆਂਢੀਆਂ ਦੀ ਮਦਦ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਜਦੋਂ ਰਿਸ਼ਤੇਦਾਰਾਂ ਨੇ ਮੌਕੇ ‘ਤੇ ਆ ਕੇ ਦੇਖਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਘਰ ਦੇ ਸਾਰੇ ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਇਨ੍ਹਾਂ ਚ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ। ਭਾਲ ਕਰਨ ਤੇ ਪਤਾ ਲੱਗਾ ਕਿ ਘਰ ਦਾ ਨੌਕਰ ਵੀ ਮੌਕੇ ਤੋਂ ਗਾਇਬ ਸੀ।


