Jalandhar ByPoll: ਬੀਜੇਪੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਵੱਡੇ ਲੀਡਰਾਂ ਦੀ ਮੌਜੂਦਗੀ ਹੇਠ ਭਰੀ ਨਾਮਜ਼ਦਗੀ

Updated On: 

18 Apr 2023 18:58 PM

Jalandhar Lok Sabha Bypoll: ਨਾਮਜ਼ਦਗੀ ਪ੍ਰਕਿਰਿਆ ਵੀਰਵਾਰ 13 ਅਪ੍ਰੈਲ ਤੋਂ ਸ਼ੁਰੂ ਹੋ ਕੇ 20 ਅਪ੍ਰੈਲ ਤੱਕ ਜਾਰੀ ਰਹੇਗੀ। ਕਾਂਗਰਸ ਨੇ ਕਰਮਜੀਤ ਕੌਰ ਚੌਧਰੀ, ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਅਤੇ ਅਕਾਲੀ ਦਲ ਅਤੇ ਬਸਪਾ ਨੇ ਡਾ: ਸੁਖਵਿੰਦਰ ਸੁੱਖੀ ਨੂੰ ਮੈਦਾਨ ਵਿੱਚ ਉਤਾਰੇ ਹਨ।

Follow Us On

ਜਲੰਧਰ ਨਿਊਜ਼। ਜਲੰਧਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਅਟਵਾਲ (Inder Iqbal Atwal) ਨੇ ਮੰਗਲਵਾਰ ਨੂੰ ਆਪਣੀ ਨਾਮਜਦਗੀ ਦਾਖਲ ਕਰ ਦਿੱਤੀ ਹੈ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਸਮੇਤ ਪਾਰਟੀ ਦੇ ਹੋਰ ਕਈ ਵੱਡੇ ਲੀਡਰ ਇਸ ਮੌਕੇ ਅਟਵਾਲ ਦੇ ਨਾਲ ਮੌਜੂਦ ਰਹੇ। ਦੱਸ ਦੇਈਏ ਕਿ ਇੰਦਰ ਇਕਬਾਲ ਸਿੰਘ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ।

ਇੰਦਰ ਇਕਬਾਲ ਅਟਵਾਲ ਨੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਛੱਡ ਬੀਜੇਪੀ ਦਾ ਪੱਲਾ ਫੜ ਲਿਆ ਸੀ। ਇੰਦਰ ਇਕਬਾਲ ਅਟਵਾਲ ਲੁਧਿਆਣਾ ਦੇ ਰਾਏਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ। ਦਰਅਸਲ, ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਅਤੇ ਇੰਦਰ ਇਕਬਾਲ ਸਿੰਘ ਨੂੰ ਸਾਈਡ ਲਾਈਨ ਕੀਤਾ ਹੋਇਆ ਸੀ। ਜਿਸ ਦੇ ਚੱਲਦਿਆਂ ਦੋਵਾਂ ਵਿੱਚ ਨਾਰਾਜ਼ਗੀ ਚੱਲ ਰਹੀ ਸੀ। ਇਸ ਕਰਕੇ ਇੰਦਰ ਇਕਬਾਲ ਅਟਵਾਲ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੋਂ ਕਿਨਾਰਾ ਕੀਤਾ ਅਤੇ ਬਾਅਦ ਵਿੱਚ ਦਿੱਲੀ ਸਥਿਤ ਬੀਜੀਪੀ ਦੇ ਹੈੱਡਕੁਆਰਟਰ ਜਾ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।

ਬੀਜੇਪੀ ਨੇ ਆਪਣੇ ਉਮੀਦਵਾਰ ਵਜੋਂ ਇੱਕ ਸਿੱਖ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ ਅਤੇ ਇਸ ਨਾਲ ਪਾਰਟੀ ਨੂੰ ਦੋਹਰਾ ਫਾਇਦਾ ਹੋ ਸਕਦਾ ਹੈ। ਅਟਵਾਲ ਕਾਰਨ ਜੇਕਰ ਭਾਜਪਾ ਪੇਂਡੂ ਖੇਤਰਾਂ ਵਿੱਚ ਆਪਣੀ ਪਕੜ ਕਾਇਮ ਰੱਖ ਸਕਦੀ ਹੈ ਤਾਂ ਉਹ ਵਾਲਮੀਕਿ ਸਮਾਜ ਦਾ ਵੋਟ ਬੈਂਕ ਵੀ ਹਾਸਲ ਕਰ ਸਕਦੀ ਹੈ।

ਭਾਜਪਾ ਆਗੂਆਂ ਨੇ ਕੀਤਾ ਜਿੱਤ ਦਾ ਦਾਅਵਾ

ਇਸ ਮੌਕੇ ਭਾਜਪਾ ਆਗੂਆਂ ਨੇ ਦਾਅਵਾ ਠੋਕਿਆ ਕਿ ਜਲੰਧਰ ਲੋਕ ਸਭਾ ਹਲਕੇ ਦੇ ਲੋਕ ਵੋਟ ਪਾ ਕੇ ਭਾਜਪਾ ਦੇ ਉਮੀਦਵਾਰ ਨੂੰ ਸੰਸਦ ਮੈਂਬਰ ਬਣਾਉਣ ਦੇ ਹੱਕ ਵਿੱਚ ਹਨ। ਉੱਥੇ ਹੀ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਉਹ ਉਨ੍ਹਾਂ ਨੂੰ ਸਲਾਮ ਕਰਦੇ ਹਨ। ਉਹ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਇਹ ਸੀਟ ਭਾਜਪਾ ਦੀ ਝੋਲੀ ਵਿੱਚ ਹੀ ਜਾਵੇਗੀ।

10 ਨੂੰ ਵੋਟਿੰਗ, 13 ਨੂੰ ਨਤੀਜਾ

ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, 20 ਅਪ੍ਰੈਲ ਨੂੰ ਨਾਮਜਦਗੀ ਭਰਨ ਦੀ ਆਖਰੀ ਤਾਰੀਖ ਹੈ। ਨਾਮਜਦਗੀਆਂ ਦੀਆਂ ਛਟਣੀ 21 ਅਪ੍ਰੈਲ ਨੂੰ ਕੀਤੀ ਜਾਵੇਗੀ। ਜਿਸ ਤੋਂ 10 ਮਈ ਨੂੰ ਵੋਟਿੰਗ ਅਤੇ 13 ਮਈ ਨੁੂੰ ਨਤੀਜੇ ਐਲਾਨੇ ਜਾਣਗੇ। ਦੱਸ ਦਈਏ ਕਿ 14 ਜਨਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਲੋਕ ਸਭਾ ਸੀਟ ਖਾਲੀ ਹੋਈ ਸੀ, ਜਿਸ ਤੇ ਹੁਣ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ